ਚੰਡੀਗੜ੍ਹ: ਪੰਜਾਬ ਦੀਆਂ ਅਨਏਡਿਡ ਵਿਦਿਅਕ ਸੰਸਥਾਵਾਂ ਦੀਆਂ 14 ਐਸੋਸੀਏਸ਼ਨਾਂ ਦੀ ਮੀਟਿੰਗ ਸਾਂਝੀ ਐਕਸ਼ਨ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਅਗਵਾਈ ਵਿੱਚ ਹੋਈ।
ਮੀਟਿੰਗ ਵਿੱਚ ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੇ ਨਵੀਂ ਨੀਤੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ। ਸ੍ਰੀ ਸੇਖੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਅਪਰੈਲ ਦੀ ਨੋਟੀਫਿਕੇਸ਼ਨ ਤੋਂ ਬਾਅਦ ਪੰਜਾਬ ਦੇ 9 ਲੱਖ ਐੱਸਸੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਜੁਆਇੰਟ ਐਕਸ਼ਨ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ 3 ਜੂਨ ਤੱਕ ਸਾਰੀਆਂ 14 ਐਸੋਸੀਏਸ਼ਨਾਂ ਆਪਣੇ ਕਾਲਜ ਮੈਂਬਰਾਂ ਨਾਲ ਵਿਚਾਰ ਕਰਨ ਤੋਂ ਬਾਅਦ 4 ਜੂਨ ਨੂੰ ਚੰਡੀਗੜ੍ਹ ਵਿੱਚ ਪ੍ਰੋਗਰਾਮ ਉਲੀਕਣਗੀਆਂ।
ਮੀਟਿੰਗ ਵਿੱਚ ਐਕਸ਼ਨ ਕਮੇਟੀ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ, ਡਾ. ਮਨਜੀਤ ਸਿੰਘ, ਅਨਿਲ ਚੋਪੜਾ, ਗੁਰਮੀਤ ਸਿੰਘ ਧਾਲੀਵਾਲ, ਰਜਿੰਦਰ ਧਨੋਆ, ਗੁਨਿੰਦਰ ਜਵੰਦਾ, ਨਰੇਸ਼ ਨਾਗਪਾਲ, ਵਿਪਿਨ ਸ਼ਰਮਾ ਤੇ ਸੁਖਜਿੰਦਰ ਗਿੱਲ ਨੇ ਹਿੱਸਾ ਲਿਆ।