ਚੰਡੀਗੜ੍ਹ – ਕਿਸੇ ਸਮੇਂ ਬੁੱਢਾ ਦਰਿਆ ਲੁਧਿਆਣੇ ਸ਼ਹਿਰ ਲਈ ਵਰਦਾਨ ਤੇ ਸਾਫ ਪਾਣੀ ਦਾ ਸੋਮਾ ਸੀ ਪਰ ਅੱਜ ਲੁਧਿਆਣੇ ਸ਼ਹਿਰ ਨੇ ਇਸ ਨੂੰ ਪੰਜਾਬ ਦੀ ਸੱਭਿਅਤਾ ਲਈ ਇਕ ਸਰਾਪ ਵਿਚ ਬਦਲ ਦਿੱਤਾ ਹੈ। ਸਰਕਾਰਾਂ, ਪ੍ਰਸ਼ਾਸਨ, ਸਿਆਸਤਦਾਨਾਂ, ਕਾਰਖਾਨਾ ਤੇ ਡੇਹਰੀ ਮਾਲਕਾਂ ਦੀ ਬੇਈਮਾਨੀ ਅਤੇ ਆਮ ਲੋਕਾਂ ਦੀ ਅਣਗਹਿਲੀ ਨੇ ਕਿਸੇ ਸਮੇਂ ਨਿਰਮਲ ਪਾਣੀ ਦਾ ਸੋਮਾ ਰਹੇ ਬੁੱਢਾ ਦਰਿਆ ਨੂੰ ਅੱਜ ਬਿਮਾਰੀਆਂ ਵੰਡਣ ਤੇ ਜਿੰਦਗੀ ਖੋਹਣ ਵਾਲੇ ਹਾਨੀਕਰਕ ਮਾਦੇ (ਡੈਡ-ਵਾਟਰ) ਨਾਲ ਨੱਕੋ-ਨੱਕ ਭਰੇ ਬੁੱਢੇ ਨਾਲੇ ਵਿਚ ਬਦਲ ਦਿੱਤਾ ਗਿਆ ਹੈ। ਸਤਲੁਜ ਦੇ ਹੀ ਹਿੱਸੇ ਬੁੱਢੇ ਦਰਿਆ ਨੂੰ ਸਾਫ ਤੇ ਪਰਦੂਸ਼ਣ ਮੁਕਤ ਕਰਨ ਦੀਆਂ ਗੱਲਾਂ ਦਹਾਕਿਆਂ ਤੋਂ ਹੋ ਰਹੀਆਂ ਹਨ ਪਰ ਹਾਲੀ ਤੱਕ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋਇਆ ਸਗੋਂ ਹਾਲਾਤ ਬਦ ਤੋਂ ਬਦਤਰ ਹੀ ਹੋਏ ਹਨ।
#ਖੇਤੀਬਾੜੀ_ਅਤੇ_ਵਾਤਾਵਰਨ_ਜਾਗਰੂਕਤਾ_ਕੇਂਦਰ ਵੱਲੋਂ ਸੰਯੁਕਤ ਰਾਸ਼ਟਰ ਦੇ #ਕੁਦਰਤ_ਸੰਭਾਲ_ਦਿਹਾੜੇ ਮੌਕੇ 28 ਜੁਲਾਈ 2022 ਨੂੰ ਸਵੇਰੇ 10:30 ਵਜੇ ਸਰਕਟ ਹਾਉਸ ਲੁਧਿਆਣਾ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ ਜਿਸ ਵਿਚ ਇਸ ਵਿਸ਼ੇ ਉੱਤੇ ਵਿਚਾਰ ਕੀਤਾ ਜਾਵੇਗਾ ਕਿ “ਲੁਧਿਆਣੇ ਦੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ”।
ਇਹ ਵਿਚਾਰ-ਚਰਚਾ ਲਈ ਪੰਜਾਬ ਵਿਚ ਸੱਤਾਧਾਰੀ ਰਹੀਆਂ ਸਿਆਸੀ ਧਿਰਾਂ ਦੇ ਨੁਮਾਇੰਦਿਆਂ, ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੁਧਿਆਣੇ ਵਿਚ ਸਰਗਰਮ ਸਮਾਜਿਕ ਧਿਰ ਦੇ ਨੁਮਾਇੰਦਿਆਂ ਨੂੰ ਆਪਣੇ ਪੱਖ ਰੱਖਣ ਲਈ ਸੱਦਾ ਦਿੱਤਾ ਗਿਆ ਹੈ। ਸਮੂਹ ਪੰਜਾਬ ਦਰਦੀਆਂ ਨੂੰ ਇਹ ਸਮਾਗਮ ਵਿਚ ਪਹੁੰਚ ਕੇ ਬੁਲਾਰਿਆਂ ਦੇ ਵਿਚਾਰ ਸੁਣਨ ਦਾ ਖੁੱਲ੍ਹਾ ਸੱਦਾ ਹੈ। ਆਓ ਰਲ-ਮਿਲ ਕੇ ਵਿਚਾਰ ਕਰੀਏ ਕਿ ਹੁਣ ਸਰਾਪ ਬਣ ਚੁੱਕੇ ਬੁੱਢੇ ਨਾਲੇ ਨੂੰ ਮੁੜ ਬੁੱਢੇ ਦਰਿਆ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ?