ਵਿਦੇਸ਼

ਸੌਦਾ ਸਾਧ ਕੇਸ: ਬਾਦਲਾਂ ਨੇ ਫਿਰ ਨਰਕਧਾਰੀ ਗੁਰਬਚਨੇ ਨੂੰ ਬਚਾਉਣ ਵਾਲਾ ਇਤਿਹਾਸ ਦੁਹਰਾਇਆ: ਯੂਨਾਈਟਿਡ ਖਾਲਸਾ ਦਲ ਯੂ ਕੇ

By ਸਿੱਖ ਸਿਆਸਤ ਬਿਊਰੋ

August 08, 2014

ਲੰਡਨ ( 8 ਅਗਸਤ 2014): ਕੱਲ ਸਿਰਸੇ ਵਾਲੇ ਸਾਧ ਗੁਰਮੀਤ ਰਾਮ ਰਹੀਮ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੀ ਪੁਸ਼ਾਕ ਪਹਿਨ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ਹੇਠ ਬਠਿੰਡਾ ਪੁਲਿਸ ਵੱਲੋਂ ਦਰਜ਼ ਕੇਸ ਨੂੰ ਅਦਾਲਤ ਵੱਲੋਂ ਰੱਦ ਕਰਨ ਦੀ ਨਿਖੇਧੀ ਕਰਦਿਆਂ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਸਿੱਖ ਵਿਰੋਧੀ ਫੈਸਲਾ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਖੁਸ਼ ਕਰਨ ਵਾਲਾ ਕਰਾਰ ਦਿੱਤਾ ਗਿਆ ਹੈ।

ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਉਨ੍ਹਾਂ ਨੇ ਬਾਦਲ ਦਲ ਦੀ ਅਲੋਚਨਾ ਕਰਦਿਆਂ ਕਿਹਾ ਕਿ ਜਿਸ ਤਰਾਂ 1978 ਵਿੱਚ ਤੇਰਾਂ ਸਿੰਘਾਂ ਨੂੰ ਸ਼ਹੀਦ ਵਾਲੇ ਨਰਕਧਾਰੀ ਗੁਰਬਚਨੇ ਨੂੰ ਸਰਕਾਰੀ ਗੱਡੀ ਰਾਹੀਂ ਸੁਰੱਖਿਅਤ ਦਿੱਲੀ ਪਹੁੰਚਾਇਆ ਗਿਆ ਅਤੇ ਬਾਅਦ ਵਿੱਚ ਉਸ ਅਤੇ ਉਸਦੇ ਚੇਲਿਆਂ ਖਿਲਾਫ ਦਰਜ ਮੁਕੱਦਮੇ ਨੂੰ ਅੰਮ੍ਰਿਤਸਰ (ਪੰਜਾਬ) ਤੋਂ ਬਾਹਰ ਤਬਦੀਲ ਕਰਕੇ ਬਰੀ ਕਰਵਾਇਆ ਗਿਆ ਐਨ ਉਸੇ ਤਰਾਂ ਹੀ ਹੁਣ 36 ਸਾਲ ਬਾਅਦ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਦਿਆਂ ਸਿਰਸੇ ਵਾਲੇ ਪਾਪੀ ਦੀ ਤਰਫਦਾਰੀ ਅਤੇ ਸਿੱਖ ਕੌਮ ਨਾਲ ਵੱਡੀ ਗੱਦਾਰੀ ਕੀਤੀ ਗਈ ਹੈ ।ਜਿਸ ਕਰਕੇ ਗੁਰੂ ਸਾਹਿਬ ਅਤੇ ਉਹਨਾਂ ਦਾ ਖਾਲਸਾ ਪੰਥ ਬਾਦਲਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ ।

ਇੱਕ ਪਾਸੇ ਸਿੱਖ ਕੌਮ ਦੇ ਦੁਸ਼ਮਣਾ ਦਾ ਪੱਖ ਪੂਰਿਆ ਜਾ ਰਿਹਾ ਹੈ ਦੂਜੇ ਪਾਸੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਜੇਹਲਾਂ ਵਿੱਚ ਡੱਕਿਆ ਜਾ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਜੰਮੂ ਨਿਵਾਸੀ ਚਾਰ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਹੈ । ਜਿਹਨਾਂ ਨੂੰ ਪੰਜਾਬ ਦੀ ਜਲੰਧਰ ਪੁਲਿਸ ਵਲੋਂ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ।

ਉਨ੍ਹਾਂ ਨੇ ਕਿਹਾ ਕਿ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ  ਕਿ ਕੰਮਕਾਰ ਕਰਨ ਵਾਲੇ ਇਹ ਸਾਰੇ ਸਿੱਖ ਨੌਜਵਾਨ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਕਾਰਜ ਕਰਿਆ ਕਰਦੇ ਸਨ । ਪਰ ਪੁਲਿਸ ਵਲੋਂ ਇਹਨਾਂ ਦੇ ਖਾੜਕੂ ਆਗੂਆਂ ਨਾਲ ਸਬੰਧ ਜੋੜ ਕੇ ਨਾਜ਼ਾਇਜ਼ ਤੌਰ ਤੇ ਗ੍ਰਿਫਤਾਰ ਕਰਕੇ ਭਾਰੀ ਤਸ਼ੱਦਦ ਕੀਤਾ ਜ ਰਿਹਾ ਹੈ ।

ਯੂਨਾਈਇਡ ਖਾਲਸਾ ਦਲ ਯੂ,ਕੇ ਵਲੋਂ ਪੰਜਾਬ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਇਹਨਾਂ ਨਿਰਦੋਸ਼ ਸਿੱਖਾਂ ਦੇ ਬਚਾਅ ਲਈ ਯਤਨ ਕੀਤੇ ਜਾਣ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: