ਚੰਡੀਗੜ੍ਹ: ਗਊ ਰੱਖਿਆ ਦੇ ਨਾਂ ਉਤੇ ਬਦਫੈਲੀ, ਦੰਗੇ ਭੜਕਾਉਣ, ਉਗਰਾਹੀ ਕਰਨ ਤੇ ਹੋਰ ਦੋਸ਼ਾਂ ਹੇਠ ਕੇਸ ਦਰਜ ਹੋਣ ਤੋਂ ਪੰਦਰਾਂ ਦਿਨ ਬਾਅਦ ਰਾਜਪੁਰਾ ਪੁਲਿਸ ਨੇ ਗਊ ਰਕਸ਼ਾ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਐਫਆਈਆਰ ਵਿੱਚ ਭਾਰਤੀ ਦੰਡ ਵਿਧਾਨ ਦੀ ਧਾਰਾ 377 (ਗ਼ੈਰ ਕੁਦਰਤੀ ਜਿਨਸੀ ਸਬੰਧ) ਦਾ ਵਾਧਾ ਹੋਣ ਮਗਰੋਂ ਮੁਲਜ਼ਮ ਫਰਾਰ ਸੀ। ਸਹਾਰਨਪੁਰ ਨਾਲ ਸਬੰਧਿਤ ਇਕ ਪੀੜਤ ਨੇ ਦੋਸ਼ ਲਾਇਆ ਸੀ ਕਿ ਸਤੀਸ਼ ਕੁਮਾਰ ਦੇ ਗੁੰਡਿਆਂ ਨੇ ਉਸ ਨੂੰ ਅਗਵਾ ਕਰ ਕੇ ਬਦਫੈਲੀ ਕੀਤੀ, ਜਦੋਂ ਕਿ ਉੱਤਰ ਪ੍ਰਦੇਸ਼ ਦੇ ਹੀ ਦੂਜੇ ਵਾਸੀ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਉਸ ਨਾਲ ਸਤੀਸ਼ ਕੁਮਾਰ ਨੇ ਖ਼ੁਦ ਬਦਫੈਲੀ ਕੀਤੀ। ਸੂਤਰਾਂ ਨੇ ਕਿਹਾ ਕਿ ਸਤੀਸ਼ ਕੁਮਾਰ ਨੂੰ ਪੰਜਾਬ ਬਾਹਰੋਂ ਕਿਸੇ ਥਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਰਾਜਪੁਰਾ ਦੇ ਐਸਪੀ ਰਾਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਦਸ ਦਿਨਾਂ ਤੋਂ ਫਰਾਰ ਸਤੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਕਾਫ਼ੀ ਸੰਵੇਦਨਸ਼ੀਲ ਹੈ ਅਤੇ ਉਹ ਵੇਰਵੇ ਨਹੀਂ ਦੇ ਸਕਣਗੇ।
ਇਹ ਗ੍ਰਿਫ਼ਤਾਰੀ ਗਊ ਰਕਸ਼ਾ ਦਲ ਵੱਲੋਂ ਫੜੇ ਪੀੜਤਾਂ ਨਾਲ ਗ਼ੈਰ ਕੁਦਰਤੀ ਸਬੰਧ ਬਣਾਉਣ ਦੇ ਗੰਭੀਰ ਦੋਸ਼ ਲੱਗਣ ਮਗਰੋਂ ਹੋਈ। ਦਸ ਦਿਨ ਪਹਿਲਾਂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਇਕ ਪੀੜਤ ਨੇ ਰਾਜਪੁਰਾ ਵਿੱਚ ਜੁਡੀਸ਼ਲ ਮੈਜਿਸਟਰੇਟ ਸਾਹਮਣੇ ਪੇਸ਼ ਹੋ ਕੇ ਫੌਜਦਾਰੀ ਜ਼ਾਬਤੇ ਦੀ ਧਾਰਾ 164 ਅਧੀਨ ਬਿਆਨ ਦਰਜ ਕਰਵਾਇਆ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਜਦੋਂ ਰਾਜਪੁਰਾ ਤੋਂ 10 ਟਾਇਰਾਂ ਵਾਲੇ ਟਰਾਲੇ ਵਿੱਚ ਜਾ ਰਿਹਾ ਸੀ ਤਾਂ ਸਤੀਸ਼, ਬਬਲੂ ਤੇ 10-15 ਜਣੇ ਹੋਰ ਉਸ ਨੂੰ ਜਬਰੀ ਰਾਜਪੁਰਾ ਵਿੱਚ ਗਊਸ਼ਾਲਾ ਵਿੱਚ ਲੈ ਗਏ। ਮੁਲਜ਼ਮ ਨੇ ਉਸ ਨਾਲ ਬਦਫੈਲੀ ਕੀਤੀ ਅਤੇ ਉਸ ਦੇ ਮੂੰਹ ਵਿੱਚ ਪਿਸ਼ਾਬ ਕਰ ਦਿੱਤਾ। ਪਿਛਲੇ ਹਫ਼ਤੇ ਇਕ ਹੋਰ ਵਿਅਕਤੀ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਵੀ ਗਊ ਰੱਖਿਆ ਦੇ ਨਾਂ ਉਤੇ ਰੋਕ ਕੇ ਲੁੱਟਣ ਮਗਰੋਂ ਤਸ਼ੱਦਦ ਕੀਤਾ ਗਿਆ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਉਸ ਨੇ ਦੋਸ਼ ਲਾਇਆ ਕਿ ਸਤੀਸ਼ ਨੇ ਹੋਰਾਂ ਸਾਹਮਣੇ ਉਸ ਨਾਲ ਬਦਫੈਲੀ ਕੀਤੀ।
ਪਟਿਆਲਾ ਦੇ ਐਸਐਸਪੀ ਗੁਰਮੀਤ ਚੌਹਾਨ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਫਆਈਆਰ ਵਿੱਚ ਲੱਗੇ ਦੋਸ਼ ਕਾਫ਼ੀ ਗੰਭੀਰ ਹਨ ਪਰ ਉਨ੍ਹਾਂ ਵੇਰਵੇ ਦੇਣ ਤੋਂ ਇਨਕਾਰ ਕੀਤਾ।
ਸਬੰਧਤ ਖ਼ਬਰ: https://www.sikhsiyasat.info/2016/08/gau-raksha-dal-chief-satish-kumar-booked-in-rajpura-police/ .