ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ `ਤੇ ਪੰਜਾਬ ਦੇ ਪੂਰੇ ਹੱਕ ਨੂੰ ਬਹਾਲ ਕਰਾਉਣ ਲਈ ਚੱਲੇ ਆ ਰਹੇ ਸੰਘਰਸ਼ ਦੀ ਆਵਾਜ਼ ਹੁਣ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਚੁੱਕੀ ਹੈ। ਵਿਦਿਆਰਥੀ ਜਥੇਬੰਦੀ ਸੱਥ ਨੇ ਮੰਗ ਕੀਤੀ ਕਿ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ 25 ਸਤੰਬਰ, 2018 ਨੂੰ ਧਾਰਾ 309 ਤਹਿਤ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਵਾਪਿਸ ਲਿਆ ਜਾਵੇ ਤੇ ਚੰਡੀਗੜ੍ਹ ਦਾ ਪੂਰਣ ਪ੍ਰਬੰਧ ਪੰਜਾਬ ਨੂੰ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿਚ ਖਾਲੀ ਅਸਾਮੀਆਂ ਭਰਨ ਦਾ ਹੱਕ ਭਾਰਤ ਦੀ ਕੇਂਦਰ ਸਰਕਾਰ ਨੇ ਪੰਜਾਬ ਤੋਂ ਖੋਹ ਕੇ ਆਪਣੇ ਹੱਥ ਵਿਚ ਲੈ ਲਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ “ਦਿੱਲੀ, ਅੰਡੇਮਾਨ ਅਤੇ ਨਿਕੋਬਾਰ, ਲਕਸ਼ਦੀਪ, ਦਮਨ ਅਤੇ ਦਿਉ, ਦਾਦਰਾ ਅਤੇ ਨਾਗਰ ਹਵੇਲੀ ਅਤੇ ਚੰਡੀਗੜ੍ਹ ਪੁਲਿਸ ਸੇਵਾ” ਖੜੀ ਕਰਨ ਦੇ ਨਾਮ `ਤੇ ਸੰਵਿਧਾਨ ਦੀ ਧਾਰਾ 309 ਵਰਤ ਕੇ ਹੋਰਨਾਂ ਕੇਂਦਰੀ ਪ੍ਰਬੰਧ ਹੇਠਲੇ ਇਲਾਕਿਆਂ ਦੇ ਬਰਾਬਰ ਦੇ ਦਰਜੇ `ਤੇ ਖੜਾ ਕਰ ਦਿੱਤਾ ਹੈ।
`ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ` ਨਾਅਰਿਆਂ ਦੀ ਅਵਾਜ਼ ਵਿਚ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੱਥ ਦੇ ਨੁਮਾਂਇੰਦੇ ਪਰਮਵੀਰ ਸਿੰਘ ਨੇ ਕਿਹਾ ਕਿ ਇਹ ਇਤਿਹਾਸਕ ਤੱਥ ਹੈ ਕਿ ਚੰਡੀਗੜ੍ਹ ਸ਼ਹਿਰ ਪੰਜਾਬੀਆਂ ਦੀਆਂ ਜ਼ਮੀਨਾਂ `ਤੇ ਉਨ੍ਹਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਤੇ ਇਹ ਖਿੱਤਾ ਪੰਜਾਬੀ ਬੋਲਦੇ ਲੋਕਾਂ ਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਪੰਜਾਬ ਵਿਰੋਧੀ ਨੀਤੀ ਤਹਿਤ ਇਸ ਖਿੱਤੇ ਨੂੰ ਹਿੰਦੀ ਭਾਸ਼ੀ ਐਲਾਨਣ ਲਈ ਇੱਥੇ ਲਗਾਤਾਰ ਪ੍ਰਵਾਸ ਕਰਾਇਆ ਤੇ ਅਵਾਸ ਯੋਜਨਾਵਾਂ ਸ਼ੁਰੂ ਕਰਕੇ ਮੂਲ ਵਾਸੀ ਲੋਕਾਂ ਦੀਆਂ ਜ਼ਮੀਨਾਂ `ਤੇ ਪ੍ਰਵਾਸੀਆਂ ਦਾ ਕਬਜ਼ਾ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਚੰਡੀਗੜ੍ਹ `ਤੇ ਆਪਣੇ ਹੱਕ ਨੂੰ ਹਾਸਿਲ ਕਰਨ ਲਈ ਸੰਘਰਸ਼ ਕਰ ਰਹੇ ਹਨ ਤੇ ਸਰਕਾਰੀ ਸਾਜਿਸ਼ ਨਾਲ ਭਾਰਤ ਵਲੋਂ ਕੀਤੀਆਂ ਗਈਆਂ ਅਬਾਦੀ ਦੀਆਂ ਉਪਰੋਕਤ ਤਬਦੀਲੀਆਂ ਚੰਡੀਗੜ੍ਹ `ਤੇ ਪੰਜਾਬ ਦੇ ਦਾਅਵੇ ਬਾਰੇ ਕੋਈ ਸਵਾਲੀਆਂ ਚਿੰਨ੍ਹ ਨਹੀਂ ਖੜਾ ਕਰ ਸਕਦੀਆਂ।
⊕ ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ: PU STUDENTS BODY SATH DEMANDS REUNION OF CHANDIGARH WITH PUNJAB
ਵਿਦਿਆਰਥੀ ਮਹਿਤਾਬ ਸਿੰਘ ਨੇ ਕਿਹਾ ਕਿ ਪੰਜਾਬ ਦੀ ਵੰਡ ਤੋਂ ਬਾਅਦ ਲਾਹੌਰ ਲਹਿੰਦੇ ਪੰਜਾਬ ਵਿਚ ਰਹਿ ਜਾਣ ਕਾਰਨ ਚੜ੍ਹਦੇ ਪੰਜਾਬ ਲਈ ਨਵੀਂ ਰਾਜਧਾਨੀ ਬਣਾਉਣ ਦੇ ਮਕਸਦ ਨਾਲ ਪੰਜਾਬ ਦੇ ਪਿੰਡਾਂ ਦੀ ਜ਼ਮੀਨ `ਤੇ ਚੰਡੀਗੜ੍ਹ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ 1966 ਵਿਚ ਭਾਸ਼ਾ ਦੇ ਅਧਾਰ `ਤੇ ਪੰਜਾਬ ਸੂਬੇ ਦੀ ਵੰਡ ਹੋਈ ਤਾਂ ਚੰਡੀਗੜ੍ਹ ਖਿੱਤੇ ਦੇ ਲੋਕਾਂ ਦੀ ਮਾਂ-ਬੋਲੀ ਪੰਜਾਬੀ ਹੋਣ ਦੇ ਬਾਵਜੂਦ ਤੇ ਪੰਜਾਬ ਦੀ ਰਾਜਧਾਨੀ ਹੋਣ ਦੇ ਬਾਵਜੂਦ ਭਾਰਤ ਦੀ ਕੇਂਦਰ ਸਰਕਾਰ ਨੇ ਦੋ ਗੁਆਂਢੀ ਸੂਬਿਆਂ ਵਿਚਾਲੇ ਹਮੇਸ਼ਾ ਲਈ ਤਲਖੀ ਦਾ ਸਾਧਨ ਬਣਾਉਣ ਖਾਤਰ ਇਸ ਨੂੰ ਸਾਂਝੀ ਰਾਜਧਾਨੀ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਸਾਡੇ ਬਜ਼ੁਰਗਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਅੱਜ ਦੀ ਨੌਜਵਾਨ ਪੀੜੀ ਆਪਣੇ ਹੱਥਾਂ ਵਿਚ ਲੈ ਕੇ ਅੱਗੇ ਤੁਰੇਗੀ।
ਇਸ ਮੌਕੇ ਚੰਡੀਗੜ੍ਹ ਦੇ ਮੂਲ ਵਾਸੀਆਂ ਦੀ ਸੰਸਥਾ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਨੁਮਾਂਇੰਦੇ ਵੀ ਪਹੁੰਚੇ ਹੋਏ ਸਨ। ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਬਾਬਾ ਸਾਧੂ ਸਿੰਘ ਸਾਰੰਗਪੁਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੀ ਸ਼ਹਿ `ਤੇ ਚੰਡੀਗੜ੍ਹ ਪ੍ਰਸ਼ਾਸਨ ਪੰਜਾਬੀ ਨੂੰ ਖਤਮ ਕਰਕੇ ਹਿੰਦੀ ਥੋਪ ਰਿਹਾ ਹੈ। ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਦਾ ਸਹੀ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਜ਼ਮੀਨਾਂ `ਤੇ ਭਾਰਤ ਸਰਕਾਰ ਕਬਜ਼ਾ ਕਰਕੇ ਪ੍ਰਵਾਸੀਆਂ ਨੂੰ ਵਸਾ ਰਹੀ ਹੈ ਤੇ ਚੰਡੀਗੜ੍ਹ ਦੇ ਮੂਲ ਲੋਕਾਂ ਨੂੰ ਉਜਾੜ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਵਲੋਂ ਇਸ ਸੰਘਰਸ਼ ਦਾ ਹਿੱਸਾ ਬਣਨ `ਤੇ ਖੁਸ਼ੀ ਜ਼ਾਹਿਰ ਕੀਤੀ।
ਵਿਦਿਆਰਥੀ ਜੁਝਾਰ ਸਿੰਘ ਨੇ ਤੱਥਾਂ ਸਹਿਤ ਚੰਡੀਗੜ੍ਹ ਨੂੰ ਵਸਾਉਣ ਲਈ ਉਜਾੜੇ ਗਏ ਪੰਜਾਬੀ ਪਿੰਡਾਂ ਦੀ ਦਾਸਤਾਨ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਤੇ ਦੱਸਿਆ ਕਿ ਕਿਹੜਾ ਕਿਹੜਾ ਪਿੰਡ ਉਜਾੜ ਕੇ ਕਿਹੜਾ ਕਿਹੜਾ ਸੈਕਟਰ ਬਣਾਇਆ ਗਿਆ। ਇਸ ਮੌਕੇ ਪਹੁੰਚੇ ਸਮੁੱਚੇ ਵਿਦਿਆਰਥੀਆਂ ਅਤੇ ਚੰਡੀਗੜ੍ਹ ਦੇ ਮੂਲ ਵਸ਼ਿੰਦਿਆਂ ਦਾ ਧੰਨਵਾਦ ਕਰਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦੀ ਪੂਰਣ ਪ੍ਰਾਪਤੀ ਅਤੇ ਪੰਜਾਬ ਦੇ ਹੋਰ ਹੱਕਾਂ ਖਾਤਿਰ ਪੰਜਾਬੀਆਂ ਦਾ ਸੰਘਰਸ਼ ਪੀੜੀ ਦਰ ਪੀੜੀ ਜਾਰੀ ਰਹੇਗਾ।