ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਸ੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਲਗਾਏ ਜਾਣ ਨੂੰ ਦੁਖਦਾਈ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਇਹ ਨਿਯੁਕਤੀ ਬਾਦਲਾਂ ਵਲੋਂ ਭਾਜਪਾ ਨਾਲ ਕੀਤੀ ਸੌਦੇਬਾਜੀ ਤਹਿਤ ਹੋਈ ਹੈ।
ਅੱਜ ਇਥੇ ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਬਾਅਦ ਗਲਬਾਤ ਕਰਦਿਆਂ ਇਹ ਇੰਕਸ਼ਾਫ ਸ੍ਰ:ਸਰਨਾ ਨੇ ਕੀਤਾ ਹੈ। ਉਨ੍ਹਾਂ ਕਿਹਾ, “ਇਸ ਵਿੱਚ ਕੋਈ ਸ਼ੰਕਾ ਨਹੀ ਕਿ ਗਿਆਨੀ ਗੁਰਮੁਖ ਸਿੰਘ ਦੀ ਵਾਪਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਣ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਉਸ ਦਿਨ ਹੁੰਦੀ ਹੈ ਜਿਸ ਦਿਨ ਬਾਦਲ ਅਕਾਲੀ ਦਲ ਦਾ ਇੱਕ ਵਫਦ ਕੇਂਦਰੀ ਮੰਤਰੀ ਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਦਾ ਹੈ। ਇਸ ਵਫਦ ਦੀ ਮਿਲਣੀ ਮੌਕੇ ਭਾਜਪਾ ਦੇ ਸਾਬਕਾ ਸੂਬਾ ਪਰਧਾਨ ਕਮਲ ਸ਼ਰਮਾ ਵੀ ਮੌਜੂਦ ਸਨ।”
ਸ੍ਰ:ਸਰਨਾ ਨੇ ਦਾਅਵਾ ਕੀਤਾ, “ਬਾਦਲ ਦਲ ਦੇ ਵਫਦ ਦਾ ਮਕਸਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਦੇ ਮੱਦੇ ਨਜਰ ਬੇਅਦਬੀ ਤੇ ਬਰਗਾੜੀ ਕਤਲ ਕਾਂਡ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਪਾਸ ਜਾਣ ਤੋਂ ਰੋਕਣਾ ਸੀ। ਇਸ ਹਾਲਤ ਵਿੱਚ ਹੋਈ ਸੌਦੇਬਾਜੀ ਕਾਰਣ ਸ਼੍ਰੋਮਣੀ ਕਮੇਟੀ ਅਜੇਹੀ ਪੱਬਾਂ ਭਾਰ ਹੋਈ ਕਿ ਰਾਤ 10.00 ਵਜੇ ਦੇ ਕਰੀਬ ਗਿਆਨੀ ਗੁਰਮੁਖ ਸਿਘ ਨੂੰ ਹਾਜਰ ਡਿਊਟੀ ਕਰ ਲਿਆ ਜੋ ਸ਼ਾਇਦ ਕਮੇਟੀ ਦੇ ਆਪਣੇ ਇਤਿਹਾਸ ਵਿੱਚ ਪਹਿਲੀ ਘਟਨਾ ਹੋਵੇ।”
ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਦਲ ਦੀ ਸਿੱਖ ਦੁਸ਼ਮਣ ਜਮਾਤ ਆਰ.ਐਸ.ਐਸ. ਨਾਲ ਸਾਂਝ ਕੋਈ ਲੁਕੀ ਛਿਪੀ ਨਹੀ ਹੈ ਪਰ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖਤ ਦੇ ਹੈਡ ਗ੍ਰੰਥੀ ਵਜੋਂ ਲਗਾਏ ਜਾਣ ਨਾਲ ਸਿੱਖ ਕੌਮ ਦੀ ਅਜਾਦ ਪ੍ਰਭੂਸਤਾ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਵੀ ਆਰ.ਐਸ.ਐਸ. ਦੇ ਅਧੀਨ ਕਰਨ ਦੀ ਕੋਸ਼ਿਸ਼ ਆਰੰਭ ਕਰ ਦਿੱਤੀ ਗਈ ਹੈ। ਸ੍ਰ:ਸਰਨਾ ਨੇ ਬਾਦਲ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਾੜਨਾ ਕੀਤੀ ਹੈ ਕਿ ਉਹ ਇਸ ਪੰਥ ਵਿਰੋਧੀ ਵਤੀਰੇ ਦੇ ਨਤੀਜੇ ਭੁਗਤਣ ਲਈ ਹੁਣ ਤੋਂ ਹੀ ਤਿਆਰ ਹੋ ਜਾਣ।