ਅੰਮ੍ਰਿਤਸਰ: ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਵਲੋਂ ਸਾਈਕਲ ਦੌੜ ਵਿੱਚ ਦਸਤਾਰ ਧਾਰਣ ਕਰਨ ਤੇ ਲਾਈ ਪਾਬੰਦੀ ਨੂੰ ਚਣੌਤੀ ਦੀ ਸੁਣਵਾਈ ਕਰਦਿਆਂ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਨੇ ਉਲਟਾ ਸਵਾਲ ਕੀਤਾ ਸੀ ਕਿ ‘ਸਿੱਖ ਲਈ ਦਸਤਾਰ ਜਰੂਰੀ ਹੈ ਜਾਂ ਸਿਰਫ ਸਿਰ ਢੱਕਣ ਦਾ ਸਾਧਨ’ ਹੈ। ਜੱਜਾਂ ਵਲੋਂ ਕੀਤੀ ਟਿਪਣੀ ਕਾਰਣ ਸਮੁੱਚਾ ਸਿੱਖ ਜਗਤ ਰੋਸ ਤੇ ਰੋਹ ਵਿੱਚ ਹੈ। ਪਰ ਜਿਸ ਸਾਈਕਲ ਦੌੜ ਵਿੱਚ ਸ਼ਾਮਿਲ ਹੋਣ ਤੋਂ ਦਸਤਾਰ ਕਾਰਣ ਰੋਕਣ ਖਿਲਾਫ ਸ੍ਰ. ਪੁਰੀ ਸੁਪਰੀਮ ਕੋਰਟ ਵਿੱਚ ਰਾਹਤ ਲਈ ਪੁੱਜੇ ਸਨ ਉਸ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸੀਨੀਅਰ ਮੀਤ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲਾਂ ਦੀ ਅਗਵਾਈ ਵਾਲੇ ਬਾਦਲ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ ਹਨ।
ਇਹ ਖੁਲਾਸਾ ਕਰਦਿਆਂ ਦਿੱਲੀ ਅਕਾਲੀ ਦੇ ਜਨਰਲ ਸਕੱਤਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਗਦੀਪ ਸਿੰਘ ਪੁਰੀ ਵਲੋਂ ਸਾਈਕਲਿਗ ਫੈਡਰੇਸ਼ਨ ਵਲੋਂ ਸਾਈਕਲ ਰੇਸ ਵਿੱਚ ਸ਼ਾਮਿਲ ਹੋਣ ਲਈ ਦਸਤਾਰ ਤੇ ਲਗਾਈ ਪਾਬੰਦੀ ਦਾ ਮਾਮਲਾ ਸੁਲਝਾਇਆ ਜਾ ਸਕਦਾ ਸੀ ਪਰ ਨਾ ਤਾਂ ਢੀਂਡਸਾ ਤੇ ਨਾ ਹੀ ਮਨਜੀਤ ਸਿੰਘ ਜੀ.ਕੇ. ਨੇ ਇਸ ਪਾਸੇ ਧਿਆਨ ਦਿੱਤਾ। ਸਰਨਾ ਨੇ ਦੋਸ਼ ਲਾਇਆ ਕਿ ਹੁਣ ਜਦੋਂ ਸੁਪਰੀਮ ਕੋਰਟ ਵਿੱਚ ਸਿੱਖ ਦੀ ਦਸਤਾਰ ਤੇ ਸਵਾਲ ਉਠਾਇਆ ਜਾ ਚੁੱਕਾ ਹੈ ਤਾਂ ਬਾਦਲ ਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਲੋਂ ਦਸਤਾਰ ਦੀ ਸ਼ਾਨ ਸਬੰਧੀ ਦਿੱਤੇ ਜਾ ਰਹੇ ਬਿਆਨ ਮਗਰ ਮੱਛ ਦੇ ਹੰਝੂ ਹਨ। ਉਨ੍ਹਾਂ ਦੱਸਿਆ ਕਿ ਜਗਦੀਪ ਸਿੰਘ ਪੁਰੀ ਵਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਲਈ ਚੁਣਿਆ ਗਿਆ ਵਕੀਲ ਆਰ.ਐਸ.ਸੂਰੀ ਉਹੀ ਵਕੀਲ ਹੈ ਜੋ ਫਿਲਮ ਨਾਨਕਸ਼ਾਹ ਫਕੀਰ ਦੀ ਰਲੀਜ ਦੇ ਹੱਕ ਵਿੱਚ ਫਿਲਮ ਨਿਰਮਾਤਾ ਹਰਿੰਦਰ ਸਿੱਕਾ ਵਲੋਂ ਭੁਗਤਿਆ। ਇਹੀ ਵਕੀਲ ਉਨ੍ਹਾਂ (ਹਰਵਿੰਦਰ ਸਿੰਘ ਸਰਨਾ) ਦੇ ਤਖਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦਾ ਪਰਧਾਨ ਚੁਣੇ ਜਾਣ ਖਿਲਾਫ ਬਾਦਲ ਦਲ ਵਲੋਂ ਪਟਨਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਦੀ ਪੈਰਵਾਈ ਲਈ ਬਾਦਲ ਧੜੇ ਦਾ ਵਕੀਲ ਸੀ।
ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਕਿ ਆਰ.ਐਸ.ਐਸ. ਦੀ ਝੋਲੀ ਪੈ ਚੁੱਕੇ ਬਾਦਲ ਪਰਿਵਾਰ ਨੇ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਸਿਧਾਤਾਂ ਤੇ ਸਿੱਖ ਪਹਿਚਾਣ ਨੂੰ ਜੋ ਸੱਟ ਮਾਰਨ ਦੀ ਚਾਲ ਚੱਲੀ ਹੈ। ਸਰਨਾ ਨੇ ਕਿਹਾ ਕਿ ਫਿਲਮ ਨਾਨਕ ਸ਼ਾਹ ਫਕੀਰ ਦੀ ਤਿਆਰੀ ਤੋਂ ਲੈਕੇ ਰਲੀਜ ਦੀ ਕਗਾਰ ਤੀਕ ਪਹੁੰਚਾਣ ਵਾਲਾ ਬਾਦਲ ਪਰਿਵਾਰ ਤੇ ਉਨ੍ਹਾਂ ਦੇ ਕਰਿੰਦੇ ਹਨ।
ਉਨ੍ਹਾਂ ਕਿਹਾ ਕਿ ਸਾਈਕਲ ਦੌੜ ਵਿੱਚ ਸ਼ਾਮਿਲ ਹੋਣ ਲਈ ਦਸਤਾਰ ਦੀ ਬਜਾਏ ਹੈਲਮੈਟ ਪਹਿਨਣ ਦਾ ਹੁਕਮ ਵੀ ਜਿਹੜੀ ਸੰਸਥਾ ਸੁਣਾ ਰਹੀ ਹੈ ਉਸਦਾ ਪਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੋਨੋਂ ਹੀ ਬਾਦਲਾਂ ਦੇ ਕਰਿੰਦੇ ਹਨ। ਸਰਨਾ ਨੇ ਸਮੁਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਬਾਦਲਾਂ ਦੇ ਕਬਜੇ ਹੇਠਲੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਲੋਂ ਸਿੱਖੀ ਤੇ ਸਿੱਖ ਸਿਧਾਤਾਂ ਪ੍ਰਤੀ ਪ੍ਰਗਟਾਏ ਹੇਜ਼ ਪਿੱਛੇ ਛੁਪੇ ਦੋਗਲੇਪਨ ਨੂੰ ਸਮਝਣ ਦੀ ਕੋਸ਼ਿਸ਼ ਜਰੂਰ ਕਰੇ।