ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵਿਸ਼ੇਸ਼ ਵੀਜ਼ਾ-ਮੁਕਤ ਕੋਰੀਡੋਰ (ਲਾਂਘਾ) ਖੋਲਣ ਲਈ ਦਸਤਖਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦਸਖ਼ਤ ਮੁਹਿੰਮ ‘ਚ ਆਨ-ਲਾਈਨ ਅਤੇ ਆਫ- ਲਾਈਨ ਦੋਨੇ ਤਰੀਕੇ ਦੀਆਂ ਪਟੀਸ਼ਨਾਂ ਸ਼ਾਮਿਲ ਹੋਣਗੀਆਂ।
ਇਹ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ:ਪਰਮਜੀਤ ਸਿੰਘ ਸਰਨਾ ਨੇ ਦੱਸਿਆ ਹੈ ਕਿ ਇਸ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਹੈ ਕਿ 2019 ‘ਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮੇਂ ਸੰਗਤਾਂ ਨੂੰ ਬਿਨਾਂ ਵੀਜ਼ਾ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਵਿਸ਼ੇਸ਼ ਇਜਾਜਤ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਕੰਮ ‘ਚ ਕਿਸੇ ਵੀ ਪਾਰਟੀ ਜਾਂ ਰਾਜਨੀਤਕ ਵਿਚਾਰਧਾਰਾ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੋਲ੍ਹੇ ਜਾਣ ਵਾਲੇ ਕੋਰੀਡੋਰ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੰਗਤਾਂ ਨੂੰ ਦਿੱਤੀ ਜਾਣ ਵਾਲੀ ਇਹ ਸਹੂਲਤ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੱਚਾ ਸਮਰਪਣ ਹੋਵੇਗਾ। ਇਸ ਮਕਸਦ ਲਈ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਇਤਿਹਾਸਿਕ ਗੁਰਦੁਆਰਿਆਂ ਸਮੇਤ ਹੋਰ ਨਿਰਧਾਰਤ ਸਥਾਨਾਂ ‘ਤੇ ਬੂਥ ਸਥਾਪਿਤ ਕੀਤੇ ਜਾਣਗੇ ਜਿਥੇ ਸਿੱਖ ਸੰਗਤਾਂ ਨੂੰ ਪ੍ਰਧਾਨ ਮੰਤਰੀ ਨੂੰ ਭੇਜੇ ਜਾਣ ਵਾਲੀ ਅਪੀਲ ਤੇ ਦਸਤਖਤ ਕਰਨ ਦੀ ਸਹੂਲਤ ਮੁਹਈਆ ਕਾਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਕੁਝ ਲੋਕ ਕਰਤਾਰਪੁਰ ਸਾਹਿਬ ਕੋਰੀਡੋਰ ਖੁਲਣ ਦੇ ਪੱਖ ‘ਚ ਨਹੀਂ ਹਨ। ਇਸੇ ਕਰਕੇ ਇਹ ਅਪੀਲ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਇਸ ਪਵਿੱਤਰ ਕਾਰਜ ਦੀ ਪ੍ਰਾਪਤੀ ਲਈ ਕੀਤੀ ਜਾ ਰਹੀ ਇਸ ਆਨ-ਲਾਈਨ ਤੇ ਆਫ- ਲਾਈਨ ਅਪੀਲ ਦੇ ਰਾਹ ‘ਚ ਕਿਸੇ ਪੱਖਪਾਤੀ ਰਾਜਨੀਤੀ ਨੂੰ ਨਹੀਂ ਆਉਣ ਦੇਣਗੇ।