ਨਵੀਂ ਦਿੱਲੀ: ਸਿੱਖ ਧਰਮ ਦੇ ਬਾਨੀ ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ ਮਨਾਏ ਜਾਣ ਵਾਲੇ 550 ਸਾਲਾ ਦੇ ਜਸ਼ਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਇੱਕ ਵਫਦ ਨੇ ਭਾਰਤ ਦੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਇੱਕ ਪੱਤਰ ਦੇ ਕੇ ਇਹਨਾਂ ਜ਼ਸ਼ਨਾਂ ਨੂੰ ਲੈ ਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਤਰਨ ਲਿਜਾਣ ਦੀ ਆਗਿਆ ਤੇ ਸੁਰੱਖਿਆ ਪ੍ਰਬੰਧਾਂ ਦੀ ਮੰਗ ਕਰਨ ਦੇ ਨਾਲ-ਨਾਲ ਕਰਤਾਰਪੁਰ ਲਾਂਘਾ ਵੀ ਖੋਲ੍ਹਣ ਦੀ ਅਪੀਲ ਕੀਤੀ।
ਇਸ ਸਬੰਧੀ ਦਲ ਦੇ ਸਕੱਤਰ ਮਨਜੀਤ ਸਿੰਘ ਸਰਨਾ ਨੇ ਦੱਸਿਆ ਕਿ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਬੀਤੇ ਕੱਲ੍ਹ (16 ਅਕਤੂਬਰ, 2017) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਫਤਰ ਵਿੱਚ ਉਹਨਾਂ ਨਾਲ ਵਿਸ਼ੇਸ਼ ਬੈਠਕ ਕੀਤੀ ਤੇ ਉਹਨਾਂ ਨੂੰ ਕਈ ਪੰਥਕ ਮੁੱਦਿਆ ਤੋਂ ਜਾਣੂ ਕਰਵਾਇਆ ਜਿਹਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ ਆਉਣ ਵਾਲੇ 550 ਸਾਲਾ ਪ੍ਰਕਾਸ਼ ਉਤਸਵ ਸਮੇਂ ਸਿੱਖ ਪੰਥ ਵੱਲੋ ਵੱਡੇ ਪੱਧਰ ‘ਤੇ ਸਮਾਗਮ ਕੀਤੇ ਜਾ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਪਾਕਿਸਤਾਨ ਸਰਕਾਰ, ਓਕਾਫ ਬੋਰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ 2005 ਦੀ ਤਰਜ਼ ਤੇ ਨਗਰ ਕੀਤਰਨ ਲਿਜਾਣ ਦੀ ਆਗਿਆ ਦੇ ਦਿੱਤੀ ਹੈ। ਸਰਨਾ ਭਰਾਵਾਂ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਉਹਨਾਂ ਨੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦੇਣ ਦੇ ਨਾਲ ਨਾਲ ਖੁਦ ਵੀ ਇਸ ਨਗਰ ਕੀਤਰਨ ਵਿੱਚ ਸ਼ਮੂਲੀਅਤ ਕਰਨ ਦਾ ਵਾਅਦਾ ਕੀਤਾ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਪਿਛਲੇ ਲੰਮੇ ਸਮੇਂ ਤੋ ਸਿੱਖਾਂ ਦੀ ਮੰਗ ਕਰਤਾਰਪੁਰ ਦੇ ਲਾਂਘੇ ਦੀ ਗੱਲ ਕੀਤੀ ਤਾਂ ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਉਹ ਸਿੱਧੇ ਤੌਰ ‘ਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਪਰ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਕਰਕੇ ਉਹ ਇਸ ਦੀ ਹੱਲ ਕੱਢਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਨਗੇ ਕਿਉਂਕਿ ਮਾਮਲਾ ਦੋ ਦੇਸ਼ਾਂ ਦੀਆਂ ਸਰਕਾਰਾਂ ਨਾਲ ਜੁੜਿਆ ਹੋਇਆ ਹੈ। ਜਦੋਂ ਉਹਨਾਂ ਦਾ ਧਿਆਨ ਇਸ ਪਾਸੇ ਦਿਵਾਇਆ ਗਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਗੁਰੂ ਸਾਹਿਬਾਨ ਦੇ ਦਿਹਾੜੇ ਆਪਣੇ ਕੈਲੰਡਰ ਅਨੁਸਾਰ ਮਨਾਏ ਜਾਂਦੇ ਹਨ ਪਰ ਭਾਰਤ ਉਹਨਾਂ ਨੂੰ ਸਮੇਂ ਸਿਰ ਰੇਲਵੇ ਕੋਚ ਮੁਹੱਈਆ ਨਹੀਂ ਕਰਵਾਉਂਦੀ ਜਿਸ ਨਾਲ ਆਮ ਤੌਰ ‘ਤੇ ਜੱਥਾ ਨਹੀਂ ਜਾਂਦਾ ਤੇ ਸਿੱਖ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਬਾਰੇ ਵੀ ਉਹਨਾਂ ਵਿਸ਼ਵਾਸ ਦਿਵਾਇਆ ਕਿ ਰੇਲ ਮੰਤਰਾਲੇ ਨਾਲ ਗੱਲਬਾਤ ਕਰਕੇ ਵੀ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣ ਦਿੱਤੀ ਜਾਵੇਗੀ।
ਸਬੰਧਤ ਖ਼ਬਰ: 2019 ‘ਚ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਲਈ ਸੁਲਤਾਨਪੁਰ ਲੋਧੀ ਨੂੰ ਨਵਿਆਇਆ ਜਾਏਗਾ …