ਮਾਣਯੋਗ ਸਰਦਾਰ ਸੁਖਦੇਵ ਸਿੰਘ ਜੀ ਲਾਜ ਸਮਰਪਿਤ ਪੰਥਕ ਰੂਹ ਸਨ, ਜਿਨ੍ਹਾਂ ਨੇ ਅਣਗਿਣਤ ਪੰਥਕ ਵਿਦਵਾਨ ਲੇਖਕਾਂ, ਸਮਾਜਸੇਵੀ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਆਪਸ ਵਿਚ ਜੋੜ ਕੇ, ਪ੍ਰੇਰਨਾ ਅਤੇ ਥਾਪੜਾ ਦੇ ਕੇ ਵਿਲੱਖਣ ਪੰਥਕ ਸੇਵਾਵਾਂ ਨਿਭਾਉਣ ਹਿਤ ਉਤਸ਼ਾਹਿਤ ਕੀਤਾ। ਉਨ੍ਹਾਂ ਪਰਦੇ ਪਿੱਛੇ ਰਹਿ ਕੇ ਜੋ ਜੋ ਸੇਵਾਵਾਂ ਨਿਭਾਈਆਂ ਉਹ ਇਕ ਇਕ ਉਨ੍ਹਾਂ ਦੇ ਪੰਥਕ ਪ੍ਰੇਮ ਦੀ ਵੱਡੀ ਮਿਸਾਲ ਹਨ। ਉਨ੍ਹਾਂ ਨੇ ਹਾਸ਼ੀਏ ਉਤੇ ਉਡੀਕਦੇ ਪਏ ਅਨੇਕ ਨਾਨਕਪੰਥੀ ਭਾਈਚਾਰਿਆਂ ਅਤੇ ਕਬੀਲਿਆਂ – ਸਿਕਲੀਗਰਾਂ, ਵਣਜਾਰਿਆਂ, ਸਤਿਨਾਮੀਆਂ, ਰਮਈਆਂ, ਉਦਾਸੀਆਂ, ਨਿਰਮਲਿਆਂ, ਸੇਵਾਪੰਥੀਆਂ, ਸਿੰਧੀਆਂ ਅਤੇ ਦੱਖਣੀ ਸਿੱਖਾਂ ਵੱਲ ਪੰਥ ਦਾ ਧਿਆਨ ਦਿਵਾਇਆ। ਉਨ੍ਹਾਂ ਦੇ ਬੋਲਾਂ ਵਿਚੋਂ ਪਿਆਰ, ਮਿਠਾਸ, ਵੇਦਨਾ ਅਤੇ ਗੜ੍ਹਕਾ, ਇਨ੍ਹਾਂ ਸਾਰੀਆਂ ਖੂਬੀਆਂ ਦੇ ਇਕਠਿਆਂ ਹੀ ਦਰਸ਼ਨ ਹੁੰਦੇ ਸਨ।
ਆਪ ਜੀ ਦੀ ‘ਭੁਲੇ ਵਿਸਰੇ ਨਾਨਕਪੰਥੀ’ ਇਕ ਅਜਿਹੀ ਇਕਲੌਤੀ ਪੁਸਤਕ ਹੈ, ਜਿਸ ਨੇ ਸਿੱਖੀ ਦੀ ਨਿਰਾਲੀ ਫੁਲਵਾੜੀ ਦੇ ਵੱਖ ਵੱਖ ਫੁੱਲਾਂ (ਸਿੱਖ ਸੰਗਤਾਂ ਅਤੇ ਸੰਸਥਾਵਾਂ) ਵਿਚਕਾਰ ਵਧਦੀਆਂ ਦੂਰੀਆਂ ਨੂੰ ਜਿਥੇ ਮੇਟਣ ਦਾ ਕੰਮ ਕੀਤਾ ਹੈ, ਉਥੇ ਵਖ ਵਖ ਪੰਥਕ ਖੇਤਰਾਂ ਵਿਚ ਸਮਾਜ ਸੇਵਾ ਲਈ ਸਮਰਪਿਤ, ਕਰਮਸ਼ੀਲ, ਗੁਰਮੁਖ ਸ਼ਖ਼ਸੀਅਤਾਂ ਨੂੰ ਆਪਸ ਵਿਚ ਜੋੜਨ ਅਤੇ ਸਰਗਰਮੀ ਨਾਲ ਮਿਲ ਕੇ ਕੰਮ ਕਰਨ ਲਈ ਧਰਾਤਲ ਤਿਆਰ ਕਰਨ ਹਿਤ ਮਹਤਵਪੂਰਨ ਯੋਗਦਾਨ ਪਾਇਆ। ਇਹ ਪੁਸਤਕ ਵਖ ਵਖ ਪੰਥਕ ਧਿਰਾਂ ਨੂੰ ਹਲੂਣਾ ਦੇ ਕੇ ਜਗਾਉਣ ਦਾ ਵੱਡਾ ਸਬਬ ਬਣੀ ਹੈ।
ਮੈਨੂੰ ਯਾਦ ਹੈ ਕਿ ‘ਗੁਰਮਤਿ ਪ੍ਰਕਾਸ਼’ ਦੇ ਸੰਪਾਦਕ ਹੁੰਦਿਆਂ ਕੁਝ ਵਿਸ਼ੇਸ਼ ਅੰਕ, ਜਿਵੇਂ ਸਿਕਲੀਗਰ-ਵਣਜਾਰੇ ਅੰਕ(ਅਕਤੂਬਰ 2002) ਅਤੇ ਗਿਆਨੀ ਦਿੱਤ ਸਿੰਘ ਅੰਕ (ਅਗਸਤ 2001), ਸਰਦਾਰ ਸੁਖਦੇਵ ਸਿੰਘ ਲਾਜ ਦੀ ਪ੍ਰੇਰਨਾ ਅਤੇ ਥਾਪੜੇ ਦੀ ਬਦੌਲਤ ਹੀ ਪ੍ਰਕਾਸ਼ਤ ਹੋਏ ਸਨ। ਇਕੀਵੀਂ ਸਦੀ ਵਿਚ ਗਿਆਨੀ ਦਿੱਤ ਸਿੰਘ ਜੀ ਦੀ ਲਾਸਾਨੀ ਦੇਣ ਨੂੰ ਵਿਸ਼ਵ ਪੱਧਰ ਉਤੇ ਪੇਸ਼ ਕਰਨ ਦਾ ਮਾਣ, ਉਨ੍ਹਾਂ ਦੇ ਹਿੱਸੇ ਹੀ ਆਇਆ ਹੈ। ਪੰਜਾਬੀ ਯੂਨੀਵਰਸਿਟੀ ਦੇ ‘ਨਾਨਕ ਪ੍ਰਕਾਸ਼ ਪਤ੍ਰਿਕਾ’ ਦੇ ਦਸੰਬਰ 2005 ਅੰਕ ਵਿਚ ਪ੍ਰਕਾਸ਼ਤ ‘ਸਿਕਲੀਗਰ ਕਬੀਲੇ : ਇਕ ਨਜ਼ਰ’ ਸਿਰਲੇਖ ਹੇਠ ਪ੍ਰਕਾਸ਼ਿਤ ਮੇਰਾ ਇਕ ਲੇਖ, ਉਨ੍ਹਾਂ ਦੀ ਪੁਰਜ਼ੋਰ ਪ੍ਰੇਰਨਾ ਸਦਕਾ ਹੀ ਲਿਖਿਆ ਜਾਣਾ ਸੰਭਵ ਹੋਇਆ ਸੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਆਪਣੀ ਪੁਸਤਕ ਦਾ ਹਿੱਸਾ ਬਣਾਇਆ। ਮੁੱਢਲੀ ਅਧਾਰ ਸਮੱਗਰੀ ਮੁਹੱਈਆ ਕਰਵਾਉਣ ਅਤੇ ਸੰਬੰਧਤ ਵਿਦਵਾਨਾਂ/ਸ਼ਖ਼ਸੀਅਤਾਂ ਨਾਲ ਸੰਪਰਕ ਕਰਨ/ਕਰਵਾਉਣ ਸਮੇਂ ਉਹ ਦਿਨ-ਰਾਤ ਦਾ ਫਾਸਲਾ ਵੀ ਭੁੱਲ ਜਾਂਦੇ ਸਨ।
ਸਿਕਲੀਗਰ ਵਣਜਾਰਿਆਂ ਅਤੇ ਹੋਰ ਨਾਨਕਪੰਥੀਆਂ ਲਈ ਸੇਵਾ ਨਿਭਾ ਰਹੀਆਂ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨਾਲ ਉਨ੍ਹਾਂ ਨੇ ਬਹੁਤ ਨੇੜਲੇ ਅਤੇ ਪੀਢੇ ਰਿਸ਼ਤੇ ਕਾਇਮ ਕੀਤੇ ਹੋਏ ਸਨ। ਕਈ ਸੰਸਥਾਵਾਂ ਨੂੰ ਖੜ੍ਹੇ ਕਰਨ ਜਾਂ ਕਈਆਂ ਦੀ ਤਰੱਕੀ ਵਿਚ ਉਨ੍ਹਾਂ ਦਾ ਬੇਮਿਸਾਲ ਯੋਗਦਾਨ ਰਿਹਾ ਹੈ। ਗੁਰਮਤਿ ਮਿਸ਼ਨਰੀ ਕਾਲਜ ਦਿੱਲੀ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਉਹ ਮੋਢੀ ਮੈਂਬਰਾਂ ਵਿਚੋਂ ਇਕ ਸਨ, ਉਨ੍ਹਾਂ ਨੇ ‘ਛੁਪੇ ਰਹਿਣ ਦੀ ਚਾਹ’ ਤਹਿਤ ਕਦੇ ਵੀ ਆਪਣਾ-ਆਪ ਨਹੀਂ ਜਣਾਇਆ। ਇੰਟਰਨੈਸ਼ਲ ਸਿੱਖ ਕਨਫੈਡਰੇਸ਼ਨ, ਸਿਖ ਕੌਂਸਲ ਆਫ ਸਕਾਟਲੈਂਡ, ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ, ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ, ਨਾਨਕ ਪੰਥੀ ਮੂਵਮੈਂਟ ਕਮੇਟੀ, ਸਮੇਤ ਅਨੇਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਦਾ ਸੁਭਾਗ, ਅੱਜ ਵੀ ਸੰਬੰਧਤ ਧਿਰਾਂ ਲਈ ਬੇਹਦ ਸੰਤੋਖਜਨਕ ਜਜ਼ਬਾਤੀ ਅਹਿਸਾਸ ਦਾ ਸਬੱਬ ਬਣਿਆ ਹੋਇਆ ਹੈ। ਉਨ੍ਹਾਂ ਸਿਕਲੀਗਰ ਬਸਤੀ, ਤਾਜਪੁਰ ਰੋਡ, ਲੁਧਿਆਣੇ ਵਿਚ ਗੁਰੂ ਅੰਗਦ ਦੇਵ ਵਿਦਿਅਕ ਭਲਾਈ ਕੌਂਸਲ ਵਲੋਂ ਸਿਕਲੀਗਰ ਭਾਈਚਾਰੇ ਲਈ ਕਾਇਮ ਕੀਤੇ ਭਾਈ ਬਾਜ ਸਿੰਘ ਪਬਲਿਕ ਸਕੂਲ ਲਈ ਸਿਖੀ ਦੀ ਸੇਵਾ ਭਾਵਨਾ ਤਹਿਤ ਸ਼ਿੱਦਤ ਨਾਲ ਦਿਨ-ਰਾਤ ਇਕ ਕਰਕੇ ਕੰਮ ਕੀਤਾ। ਕਿਸੇ ਵੀ ਕੰਮ ਨੂੰ ਉਹ ਮਿਸ਼ਨ ਬਣਾ ਕੇ ਕਰਦੇ ਸਨ ਅਤੇ ਇਕ ਇਕ ਕੰਮ ਲਈ ਸੈਂਕੜਿਆਂ ਦੀ ਗਿਣਤੀ ਵਿਚ ਵਖ ਵਖ ਸੰਸਥਾਵਾਂ, ਅਦਾਰਿਆਂ ਅਤੇ ਸ਼ਖ਼ਸੀਅਤਾਂ ਨੂੰ ਚਿਠੀਆਂ ਭੇਜਣ ਦੀ ਸੇਵਾ ਉਹ ਕਿਸੇ ਵੱਡੀ ਸੰਸਥਾ ਦੇ ਦਫ਼ਤਰ ਵਾਂਗੂੰ ਨਿਭਾਉਂਦੇ ਰਹੇ।
18 ਅਪ੍ਰੈਲ 2023 ਨੂੰ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼, ਕੈਨੇਡਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਮੁਖੀ ਟਕਸਾਲ, ਪਟਿਆਲਾ ਦੇ ਸਹਿਯੋਗ ਨਾਲ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਕ ਸਿਖਇਜ਼ਮ’, ਬਹਾਦਰਗੜ੍ਹ (ਪਟਿਆਲਾ) ਵਿਖੇ 30 ਵਿਦਵਾਨ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ ਸਮਾਗਮ ਰਖਿਆ ਗਿਆ। ਇਨ੍ਹਾਂ 30 ਸਨਮਾਨਤ ਸ਼ਖ਼ਸੀਅਤਾਂ ਵਿਚ ਸ. ਸੁਖਦੇਵ ਸਿੰਘ ਜੀ ਲਾਜ ਦੀ ਸ਼ਮੂਲੀਅਤ ਨੇ ਸਾਡਾ ਸਭ ਦਾ ਮਾਣ ਵਧਾਇਆ। ਪੰਥਕ ਦਰਦ, ਤੜਪ ਅਤੇ ਜਜ਼ਬਾ ਏਨਾ ਪ੍ਰਬਲ ਸੀ ਕਿ ਅੰਤਮ ਵਿਦਾਇਗੀ ਤੋਂ ਪਹਿਲਾਂ ਬਿਮਾਰੀ ਦੀ ਹਾਲਤ ਵਿਚ ਬਿਸਤਰ ਉਤੇ ਰਹਿੰਦਿਆਂ, ਜਾਂਦੇ ਜਾਂਦੇ ਹਲੂਣਾ ਦੇਣ ਵਾਲੀਆਂ ਦੋ ਕਿਰਤਾਂ ਪੰਥ ਦੀ ਝੋਲੀ ਪਾ ਗਏ:
1. ਸਿਖਾਂ ਦਾ ਤੇਜੀ ਨਾਲ ਹੋ ਰਿਹਾ ਇਸਾਈ ਮਤ ‘ਚ ਪਰਿਵਰਤਨ 2. ਵਣਜਾਰਾ ਸਮਾਜ ਕੀ ਸਿਖ ਪੰਥ ਮੇਂ ਮਹਾਨ ਕੁਰਬਾਨੀਆਂ (ਹਿੰਦੀ)
ਅੰਤ ਵਿਚ ਇਹੀ ਕਹਿਣਾ ਬਿਲਕੁਲ ਦਰੁਸਤ ਹੋਵੇਗਾ ਕਿ ਸ. ਸੁਖਦੇਵ ਸਿੰਘ ਜੀ ਲਾਜ ਸਿੱਖ ਇਤਿਹਾਸ ਵਿਚ ਪੈਦਾ ਹੋਈਆਂ ਉਨ੍ਹਾਂ ਰੂਹਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਪੰਥ ਦੇ ਵੱਡੇ-ਵਿਸ਼ਾਲ ਵਿਸ਼ਵਵਿਆਪੀ ਰੁੱਖ ਦੀਆਂ ਜੜ੍ਹਾਂ ਵਿਚ ਖਾਦ ਬਣ ਕੇ ਕੰਮ ਕੀਤਾ ਅਤੇ ਆਪਣੇ-ਆਪ ਨੂੰ ਸਦਾ ਲਈ ਗੁਰੂ ਦੇ ਪੰਥ ਵਿਚ ਹੀ ਵਿਲੀਨ ਕਰ ਦਿੱਤਾ। ਪੰਥਕ ਏਕਤਾ, ਇਕਸੁਰਤਾ ਅਤੇ ਸਾਂਝਾਂ ਕਾਇਮ ਕਰਨ ਹਿਤ ਸੇਵਾ ਦੇ ਖੇਤਰ ਵਿਚ ਸਮਰਪਿਤ ਸੰਸਥਾਵਾਂ ਵਿਚਕਾਰ ਉਨ੍ਹਾਂ ਦੇ ਯੋਗਦਾਨ ਨੂੰ ਨਾ ਤਾਂ ਭੁਲਾਇਆ ਜਾ ਸਕਦਾ ਹੈ ਅਤੇ ਨਾ ਹੀ ਨਜ਼ਰਅੰਦਾਜ਼ ਕਰਕੇ ਜਾਂ ਪਿੱਠ ਦੇ ਕੇ ਅਵੇਸਲੇ ਲੰਘਿਆ ਜਾ ਸਕਦਾ ਹੈ। ਉਨ੍ਹਾਂ ਦੀ ਬੜੀ ਤੀਬਰ ਖਾਹਿਸ਼ ਸੀ ਕਿ ਸਿਖ ਪੰਥ ਦੀ ਨਵੀਂ ਪੀੜ੍ਹੀ ਵਿਦਿਅਕ ਖੇਤਰ ਵਿਚ ਵੱਡੀਆਂ ਮੱਲਾਂ ਮਾਰੇ। ਉਹ ਇਸ ਨੁਕਤੇ ਨੂੰ ਵਾਰ ਵਾਰ ਅਕਸਰ ਦੁਹਰਾਉਂਦੇ ਕਿ ਸਾਡਾ ਹਰ ਗੁਰਦੁਆਰਾ ਆਪਣੇ ਬਜਟ ਦਾ ਘਟੋ ਘਟ 5 ਪ੍ਰਤੀਸ਼ਤ ਹਿੱਸਾ ਲੋੜਵੰਦ ਬੱਚਿਆਂ ਦੀ ਪੜ੍ਹਾਈ ਨੂੰ ਸਮਰਪਿਤ ਕਰੇ। ਉਨ੍ਹਾਂ ਵਲੋਂ ਆਰੰਭੇ ਕਾਰਜਾਂ ਨੂੰ ਹੋਰ ਅੱਗੇ ਤੋਰਨ/ਵਧਾਉਣ ਲਈ ਲੋੜੀਂਦੇ ਉਪਰਾਲੇ ਜਾਰੀ ਰਖਣੇ ਚਾਹੀਦੇ ਹਨ। ਇਸ ਦਾ ਤਹਈਆ ਕਰਨਾ ਹੀ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਹੋਵੇਗਾ। ਉਨ੍ਹਾਂ ਦੀ ਪੰਥਪ੍ਰਸਤੀ ਨੂੰ ਅਨਿਕ ਵਾਰ ਪ੍ਰਣਾਮ! ਉਨ੍ਹਾਂ ਦੇ ਕਾਰਜ ਪ੍ਰੇਰਨਾ ਦਾ ਸਰੋਤ ਬਣ ਕੇ ਸਾਡੇ ਲਈ ਹਮੇਸ਼ਾ ਮਾਰਗ-ਦਰਸ਼ਨ ਦਾ ਕੰਮ ਕਰਨਗੇ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਸਾਨੂੰ ਸਾਰਿਆਂ ਨੂੰ ਉਨ੍ਹਾਂ ਵੱਲੋਂ ਅਰੰਭੇ ਕਾਰਜਾਂ ਨੂੰ ਅੱਗੇ ਵਧਾਉਣ ਦੀ ਸੂਝ, ਸਮਝ, ਸ਼ਿਦਤ ਅਤੇ ਸਮਰਥਾ ਬਖਸ਼ਣ ਅਤੇ ਸਾਡੇ ਅੰਦਰ ਪੰਥਕ ਜਜ਼ਬੇ ਦੀ ਖੁਸ਼ਬੂ ਨੂੰ ਵੱਡੇ ਪੱਧਰ ਉੱਤੇ ਫੈਲਾਉਣ ਹਿਤ ਵਿਹਾਰਕ ਸ਼ਕਤੀ ਦਾ ਸੰਚਾਰ ਕਰਨ!
ਚਮਕੌਰ ਸਿੰਘ ਡਾ. ਡਾਇਰੈਕਟਰ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ (ਪਟਿਆਲਾ)-147021 ਸੰਪਰਕ ਨੰ. 8727077725