ਨਵੀਂ ਦਿੱਲੀ: ਸਰਨਾ ਵਲੋਂ ਕਾਰਜਕਾਰੀ ਜਥੇਦਾਰਾਂ ਦਾ ਸਨਮਾਨ ਆਪਣੇ ਗ੍ਰਹਿ ਵਿਖੇ ਕਰਨ ਅਤੇ ਪੰਥਕ ਸੇਵਾ ਦਲ ਦੇ ਕੁਝ ਚੋਣਵੇਂ ਆਗੂਆਂ ਵਲੋਂ ਹਵਾਈ ਅੱਡੇ ’ਤੇ ਜਾ ਕੇ ਕੀਤੇ ਗਏ ਸਵਾਗਤ ’ਤੇ ਦਿੱਲੀ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਵਲੋਂ ਕਥਿਤ ਰੂਪ ਵਿਚ ਸੰਗਤਾਂ ਨੂੰ ਗੁਮਰਾਹ ਕਰਨ ਦੀ ਕੀਤੀ ਜਾਂਦੀ ਕੋਸ਼ਿਸ਼ ਨੂੰ ਪੰਥ ਦੀ ਚੜ੍ਹਦੀਕਲਾ ਅਤੇ ਏਕਤਾ ਵਾਸਤੇ ਖਤਰਾ ਦੱਸਿਆ ਹੈ।
ਪਰਮਿੰਦਰ ਪਾਲ ਸਿੰਘ ਨੇ ਸਰਨਾ ਭਰਾਵਾਂ ਵਲੋਂ ਸ੍ਰੀ ਨਨਕਾਣਾ ਸਾਹਿਬ ਨੂੰ ਛੇਵਾਂ ਤਖ਼ਤ ਬਣਾਉਣ ਦੀ ਚੁੱਕੀ ਗਈ ਆਵਾਜ਼ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਢਾਅ ਲਾਉਣ ਦੀ ਕੋਸ਼ਿਸ਼ ਵੀ ਦੱਸਿਆ।
ਉਨ੍ਹਾਂ ਕਿਹਾ ਕਿ 10 ਨਵੰਬਰ 2015 ਨੂੰ ਅੰਮ੍ਰਿਤਸਰ ਦੇ ਚੱਬਾ ਵਿਖੇ ਹੋਏ ਪੰਥਕ ਇਕੱਠ ਨੂੰ ਸਰਨਾ ਨੇ ਪਹਿਲਾਂ ਤਾਂ ਸਰਬੱਤ ਖ਼ਾਲਸਾ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਮੂਲੀਅਤ ਕਰਨ ਤੋਂ ਪਾਸਾ ਵੱਟ ਲਿਆ ਪਰ ਹੁਣ ਕੀ ਮਜਬੂਰੀ ਹੈ ਕਿ ਉਸ ਇਕੱਠ ਵਿਚ ਥਾਪੇ ਗਏ ਜਥੇਦਾਰਾਂ ਨੂੰ ਸਰਨਾ ਮਾਨਤਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਨਾ ਨੇ ਦੋ ਬੇੜੀਆਂ ’ਤੇ ਇਕੱਠੇ ਸਵਾਰੀ ਕਰਨ ਤੋਂ ਪਹਿਲਾਂ ਸੰਗਤਾਂ ਅੱਗੇ ਇਸ ਗੱਲ ਨੂੰ ਸਾਫ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਸਰਬੱਤ ਖ਼ਾਲਸਾ ਨੂੰ ਲੈ ਕੇ ਪਹਿਲਾਂ ਵਾਲਾ ਸਟੈਂਡ ਠੀਕ ਸੀ ਜਾਂ ਹੁਣ ਵਾਲਾ। ਉਨ੍ਹਾਂ ਕਿਹਾ ਕਿ ਸਰਨਾ ਸੁਵਿਧਾ ਦੀ ਸਿਆਸਤ ਕਰ ਰਹੇ ਹਨ।
ਉਨ੍ਹਾਂ ਸਵਾਲ ਕੀਤਾ ਕਿ ਖ਼ਾਲਿਸਤਾਨ ਦੇ ਸਮਰਥਕਾਂ ਨਾਲ ਮਿੱਤਰਤਾ ਕਰਕੇ ਹਰਵਿੰਦਰ ਸਿੰਘ ਸਰਨਾ ਨੂੰ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਆਪਣੇ ਅਹੁਦੇ ’ਤੇ ਰਹਿਣ ਦਾ ਕੀ ਅਧਿਕਾਰ ਰਹਿ ਜਾਂਦਾ ਹੈ।