ਅੰਮ੍ਰਿਤਸਰ(18 ਦਸੰਬਰ, 2014 ): ਨਾਨਕਸ਼ਾਹੀ ਕੈਲੰਡਰ ਦੀ ਜਗਾ ਪੁਰਨ ਰੂਪ ਵਿੱਚ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਮ ਲਈ ਇਸਦੀ ਹਮਾਇਤੀ ਧਿਰਾਂ ਪੂਰੀ ਤਰਾਂ ਸਰਗਰਮ ਹੋ ਗਈਆਂ ਹਨ ਅਤੇ ਇਨ੍ਹਾਂ ਨੂੰ ਮੌਜੂਦਾ ਪੰਜਾਬ ਦੀ ਸੱਤਾ ਅਤੇ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਬਾਦਲ ਦਲ ਦੀ ਪੂਰੀ ਤਰਾਂ ਸਰਪ੍ਰਸਤੀ ਹਾਸਲ ਹੈ।
ਨਾਨਕਸਰ ਸੰਪਰਦਾ ਅਤੇ ਦਮਦਮੀ ਟਕਸਾਲ ਦੇ ਰੂਪ ‘ਚ ਬਿਕਰਮੀ ਕੈਲੰਡਰ ਦੀ ਹਮਾਇਤ ‘ਚ ਮੋਹਰੀ ਧਿਰਾਂ ਦੀ ਦਲੀਲ ਹੈ, ਕਿ ਗੁਰੂ ਕਾਲ ਵੇਲੇ ਤੋਂ ਹੀ ਦੇਸੀ ਕੈਲੰਡਰ ਦੀ ਮਾਨਤਾ ਰਹੀ ਹੈ, ਜਿਸ ਤਹਿਤ ਹੀ ਗੁਰੂ ਸਾਹਿਬਾਨ ਵੱਲੋਂ ਦਿਨ ਮਿਥੇ ਜਾਂਦੇ ਸਨ ਤੇ ਗੁਰਬਾਣੀ ‘ਚ ‘ਬਾਰਾਮਾਹ’ ਦੀ ਮੌਜੂਦਗੀ ਦੇਸੀ ਕੈਲੰਡਰ ਦੀ ਮਹੱਤਤਾ ਦਾ ਪ੍ਰਤੱਖ ਪ੍ਰਮਾਣ ਹੈ।
ਨਾਨਕਸ਼ਾਹੀ ਕੈਲੰਡਰ ਨਾਲ ਸਿੱਖ ਕੌਮ ‘ਚ ਵੱਖਰੇਵੇਂ ਭਰੀ ਸਥਿਤੀ ਪੈਦਾ ਹੋਈ ਹੈ ਅਤੇ ਪਹਿਲਾਂ ਚਾਰ ਸਦੀਆਂ ਤੋਂ ਵਧੇਰੇ ਸਮਾਂ ਗੁਰਪੁਰਬ ਤੇ ਹੋਰ ਧਾਰਮਿਕ ਦਿਹਾੜੇ ਮਨਾਉਣ ਲਈ ਦੇਸੀ ਕੈਲੰਡਰ ਦੀ ਹੀ ਵਰਤੋਂ ਕੀਤੀ ਜਾਂਦੀ ਰਹੀ ਹੈ।
ਸੰਨ 2003 ‘ਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੰਘ ਸਾਹਿਬਾਨ ਅਤੇ ਹੋਰਨਾਂ ਪ੍ਰਮੁੱਖ ਪੰਥਕ ਸਖਸ਼ੀਅਤਾਂ ਦੀ ਬਹੁਸੰਮਤੀ ਨਾਲ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ‘ਚ 2010 ਦੌਰਾਨ ਬਿਕਰਮੀ ਕੈਲੰਡਰ ਦੀਆਂ ਹਮਾਇਤੀ ਸਿੱਖ ਧਿਰਾਂ ਵੱਲੋਂ ਦਖ਼ਲ ਦੇਣ ‘ਤੇ ਕੀਤੀਆਂ ਸੋਧਾਂ ਮਗਰੋਂ ਉੱਗੜੇ ਵਿਵਾਦ ਦੇ ਚੱਲਦਿਆਂ ਫਿਰ ਸੋਧਣ ਜਾਂ ਰੱਦ ਕਰ ਦੇਣ ਲਈ ਸਰਗਰਮ ਉਕਤ ਧਿਰਾਂ ਵੱਲੋਂ ਯਤਨ ਆਰੰਭ ਦਿੱਤੇ ਗਏ ਹਨ।
ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ: ਪਾਲ ਸਿੰਘ ਪੁਰੇਵਾਲ ਸਮੇਤ ਇਸ ਦੇ ਸਮਰਥਕਾਂ ਦਾ ਤਰਕ ਹੈ ਕਿ ਦੇਸੀ ਕੈਲੰਡਰ ਦੀ ਚੰਦਰ ਚਾਲ ਕਾਰਨ ਸਾਲ ਦੀ ਸਮਾਪਤੀ 354 ਦਿਨਾਂ ‘ਚ ਹੀ ਹੋ ਜਾਂਦੀ ਹੈ, ਜੋ ਵਿਸ਼ਵ ਪੱਧਰ ‘ਤੇ ਸੂਰਜੀ ਗਤੀ ਨਾਲ ਪ੍ਰਮਾਣਿਤ 365 ਦਿਨਾਂ ਦੇ ਸਾਲ ਨਾਲ ਤਾਲਮੇਲ ਨਹੀਂ ਖਾ ਸਕਦੀ, ਜਿਸ ਕਾਰਨ ਗੁਰਪੁਰਬ ਮਨਾਉਣ ਮੌਕੇ ਤਰੀਕਾਂ ‘ਚ ਹਰ ਵਾਰ ਭੁਲੇਖੇ ਉਭਰਦੇ ਹਨ। ਇਸ ਤਰਕ ਦੇ ਧਾਰਨੀ ਬਹੁਤ ਸਾਰੇ ਸਥਾਨਿਕ ਅਤੇ ਅਮਰੀਕਾ, ਯੁਰਪ ਮਹਾਂਦੀਪਾਂ ਸਮੇਤ ਹੋਰਨਾਂ ਦੇਸ਼ਾਂ ‘ਚ ਬਣੀਆਂ ਸਿੱਖ ਸੰਸਥਾਵਾਂ ਨਾਲ ਜੁੜੇ ਹੋਏ ਸਿੱਖ ਹਨ, ਜੋ 2010 ‘ਚ ਸੋਧੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਵੀ ਮਾਨਤਾ ਨਹੀਂ ਦੇਂਦੇ ਅਤੇ ਮੂਲ ਕੈਲੰਡਰ ਦੇ ਹੀ ਮੁਦਈ ਹਨ।
ਬਿਕਰਮੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਦਮਦਮੀ ਟਕਸਾਲ, ਨਾਨਕਸਰੀਆਂ ਅਤੇ ਸੰਤ ਸਮਾਜ ਨੇ 22 ਨਵੰਬਰ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਬੈਠਕ ਰੱਖੀ ਗਈ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਬੇਸ਼ੱਕ ਸੰਤ ਸਮਾਜ ਵੱਲੋਂ 22 ਤਰੀਕ ਨੂੰ ਉਨ੍ਹਾਂ ਨਾਲ ਬੈਠਕ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਦਾ ਸਾਂਝਾ ਹੱਲ ਕੱਢਣ ਲਈ ਮਾਹਿਰਾਂ ਦੀ ਕਮੇਟੀ ਗਠਿਤ ਕਰਨਾ ਹੀ ਸੁਹਿਰਦ ਤਰੀਕਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਕਮੇਟੀ ਨੂੰ ਭਾਵੇਂ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤਾ ਜਾਵੇ ਪਰ ਇਸ ‘ਚ ਨਾਨਕਸ਼ਾਹੀ ਕੈਲੰਡਰ ਦੇ ਰਚਨਹਾਰ ਸ: ਪਾਲ ਸਿੰਘ ਪੁਰੇਵਾਲ ਨੂੰ ਜ਼ਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।