ਅੰਮ੍ਰਿਤਸਰ (22 ਦਸੰਬਰ, 2014): ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਨ ਲਈ ਅੱਜ ਸਵੇਰੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਦੀ ਅਗਵਾਈ ‘ਚ ਵੱਖ-ਵੱਖ ਸੰਪਰਦਾਵਾਂ, ਨਾਨਕਸਰ, ਰਾੜ੍ਹਾ ਸਾਹਿਬ, ਨਿਰਮਲੇ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਤਰਨਾ ਦਲ, ਹਰੀਆਂ ਵੇਲਾਂ, ਭੁੱਚੋ, ਜਵੱਦੀ ਟਕਸਾਲ, ਨਾਨਕਸਰ ਕਲੇਰਾਂ, ਰਤਵਾੜਾ ਸਾਹਿਬ, ਬੱਧਨੀਂ ਵਾਲੇ ਆਦਿ ਦੇ ਸੈਂਕੜੇ ਮੈਂਬਰਾਂ ਨੇ ਜੱਥੇਦਾਰ ਸ੍ਰੀ ਅਕਾਲ ਤਖਤ ਨੂੰ ਆਪਣਾ ਮੰਗ ਪੱਤਰ ਭੇਟ ਕੀਤਾ।
ਇਸ ਪੱਤਰ ਨੂੰ ਪੜ੍ਹਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਸਿੱਖ ਪੰਥ ‘ਚ ਪ੍ਰਚੱਲਿਤ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਰੱਖਣ ਨਾਲ ਸਿੱਖ ਇਤਿਹਾਸ ਦੇ ਸਰੋਤਾਂ ਦਾ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਇਸ ਕੈਲੰਡਰ ਦੀਆਂ ਮਦਾਂ ਪੁਰਾਤਨ ਗੁਰਬਾਣੀ ਸਿਧਾਂਤਾਂ ਨਾਲ ਸੁਮੇਲ ਨਹੀਂ ਕਰਦੀਆਂ।
ਉਨ੍ਹਾਂ ਕਿਹਾ ਕਿ ਵਾਰ ਵਾਰ ਸੋਧਾਂ ਦੇ ਬਾਵਜੂਦ ਨਾਨਕਸ਼ਾਹੀ ਕੈਲੰਡਰ ਸਿੱਖਾਂ ਲਈ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ, ਜਦਕਿ ਕਰੀਬ 250 ਸਾਲ ਚੱਲੇ ਗੁਰੂ ਕਾਲ ਉਪਰੰਤ ਵੀ ਸਿੱਖ ਰਾਜਾਂ ਵੱਲੋਂ ਪੁਰਾਤਨ ਨਾਨਕਸ਼ਾਹੀ ਸੰਮਤ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਗਈ ਸੀ, ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਿਰਵਿਵਾਦ ਚਲਦੇ ਆ ਰਹੇ ਪੁਰਾਤਨ ਦੇਸੀ ਕੈਲੰਡਰ ਨੂੰ ਮੁੜ ਲਾਗੂ ਕੀਤਾ ਜਾਵੇ।
ਇਸ ਮੰਗ ਪੱਤਰ ਨੂੰ ਪ੍ਰਾਪਤ ਕਰਨ ਉਪਰੰਤ ਸਿੰਘ ਸਾਹਿਬ ਨੇ ਕਿਹਾ ਕਿ ਲੰਮੇਂ ਸਮੇਂ ਤੋਂ ਕੈਲੰਡਰ ਮੁੱਦੇ ‘ਤੇ ਸੰਗਤ ‘ਚ ਪੈਦਾ ਦੁਬਿਧਾ ਨੂੰ ਦੂਰ ਕਰਨਾ ਜ਼ਰੂਰੀ ਹੈ ਪਰ ਇਸ ਵੇਲੇ ਨਾਨਕਸ਼ਾਹੀ ਅਤੇ ਬਿਕ੍ਰਮੀ ਦੀਆਂ ਹਮਾਇਤੀ ਧਿਰਾਂ ਵੱਲੋਂ ਆਪੋ ਆਪਣੇ ਪੱਖ ‘ਤੇ ਅੜੇ ਰਹਿਣ ਕਾਰਨ ਸਮੱਸਿਆ ਉਭਰ ਰਹੀ ਹੈ।
ਉਨ੍ਹਾਂ ਪੁਸ਼ਟੀ ਕੀਤੀ ਕਿ ਜਿਥੇ ਉਕਤ ਬਿਕ੍ਰਮੀ ਪੱਖੀ ਧਿਰਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ, ਉਥੇ ਕੇਸ ਸੰਭਾਲ ਸੰਸਥਾ, ਅਕਾਲ ਪੁਰਖ ਕੀ ਫ਼ੌਜ, ਪੰਥਕ ਤਾਲਮੇਲ ਸੰਗਠਨ, ਗੁਰਮਤਿ ਗਿਆਨ ਕਾਲਜ, ਅਖੰਡ ਕੀਰਤਨੀ ਜਥਾ ਆਦਿ ਸੰਸਥਾਵਾਂ ਵੱਲੋਂ 2003 ਦੇ ਮੂਲ ਕੈਲੰਡਰ ਨੂੰ ਲਾਗੂ ਕਰਨ ਲਈ ਮੰਗ ਪੱਤਰ ਭੇਜੇ ਗਏ ਹਨ।