ਲੁਧਿਆਣਾ (28 ਸਤੰਬਰ, 2015): ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਪੰਜ ਜੱਥੇਦਾਰਾਂ ਵੱਲੋਂ, ਸਰਸੇ ਦੇ ਬਦਨਾਮ ਸੌਦਾ ਸਾਧ ਨੂੰ ਮਾਫ ਕਰਨ ਦੇ ਗੈਰ ਸਿਧਾਂਤਕ ਅਤੇ ਕੌਮਘਾਤੀ ਫੈਸਲੇ ਖਿਲਾਫ ਸਿੱਖ ਕੌਮ ਵਿੱਚ ਰੋਹ ਪ੍ਰਚੰਡ ਹੁੰਦਾ ਜਾ ਰਿਹਾ ਹੈ।
ਅੱਜ ਸੌਦਾ ਸਾਧ ਨੂੰ ਮੁਆਫ਼ੀ ਦੇਣ ਦੀ ਕਰਵਾਈ ਦਾ ਸੰਤ ਸਮਾਜ ਨੇ ਤਿੱਖਾ ਨੋਟਿਸ ਲੈਂਦਿਆਂ ਮੰਗ ਕੀਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਸਿੰਘ ਸਾਹਿਬਾਨ ਫੈਸਲੇ ‘ਤੇ ਮੁੜ ਵਿਚਾਰ ਕਰਕੇ ਵਾਪਸ ਲੈਣ ਅਤੇ ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਅਸਤੀਫੇ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ।
ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀ ਸੰਤ ਹਰਨਾਮ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੰਜਾਬ ਭਰ ਤੋਂ ਪੁੱਜੇ ਸੰਤਾਂ-ਮਹਾਂਪੁਰਸ਼ਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਕਸੁਰ ਹੋ ਕੇ ਸਿੰਘ ਸਾਹਿਬਾਨ ਵੱਲੋਂ ਕੀਤੇ ਫੈਸਲੇ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਿੰਘ ਸਾਹਿਬਾਨ ਦੇ ਇਸ ਫੈਸਲੇ ਨਾਲ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ।
ਮੀਟਿੰਗ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਸੰਪ੍ਰਦਾਵਾਂ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰਨ ਰੂਪ ਵਿਚ ਸਮਰਪਿਤ ਰਹੀਆਂ ਹਨ ਅਤੇ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਅਤੇ ਮਾਣ ਸਤਿਕਾਰ ਨੂੰ ਕਦੇ ਵੀ ਢਾਹ ਲੱਗੀ ਹੈ ਤਾਂ ਸੰਗਤਾਂ ਨੇ ਉਸ ਨੂੰ ਬਰਦਾਸ਼ਤ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 2007 ਵਿਚ ਡੇਰਾ ਸਿਰਸਾ ਸਬੰਧੀ ਆਏ ਹੁਕਮਾਂ ਨੂੰ ਮੁੱਖ ਰੱਖਦਿਆਂ ਸਿੱਖ ਕੌਮ ਨੇ ਬਹੁਤ ਵੱਡਾ ਸੰਘਰਸ਼ ਕੀਤਾ ਅਤੇ ਡੇਰਾ ਮੁਖੀ ਖਿਲਾਫ ਸੰਘਰਸ਼ ਦੌਰਾਨ ਸਿੱਖ ਕੌਮ ਨੇ ਭਾਰੀ ਸੰਤਾਪ ਵੀ ਹੰਡਾਇਆ। ਸੰਘਰਸ਼ ਦੌਰਾਨ 3 ਸਿੰਘ ਸ਼ਹੀਦ ਹੋਏ, ਸੈਂਕੜੇ ਜ਼ਖਮੀ ਹੋਏ ਅਤੇ ਹਜ਼ਾਰਾਂ ਸਿੰਘਾਂ ਨੂੰ ਪੁਲਿਸ ਕੇਸਾਂ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਸ ਅਤਿ ਸੰਵੇਦਨਸ਼ੀਲ ਮਸਲੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਇਸ ਲਈ ਸਿੰਘ ਸਾਹਿਬਾਨ ਨੂੰ ਚਾਹੀਦਾ ਹੈ ਕਿ ਉਹ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੱਦ ਕੇ ਇਸ ਗੰਭੀਰ ਮਸਲੇ ‘ਤੇ ਪੁਨਰ ਵਿਚਾਰ ਕਰਦਿਆਂ ਕੋਈ ਠੋਸ ਫੈਸਲਾ ਲੈਣ ਅਤੇ ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਹ ਅਸਤੀਫੇ ਦੇ ਕੇ ਘਰ ਬੈਠ ਜਾਣ।
ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਦੇਇਸ ਫੈਸਲੇ ਨਾਲ ਸਿੱਖ ਕੌਮ ਦੇ ਰੋਹ ਦਾ ਜਿਹੜਾ ਤੂਫਾਨ ਉਠੇਗਾ, ਉਸ ਦੇ ਉਹ ਖੁਦ ਜਿੰਮੇਵਾਰ ਅਤੇ ਜਵਾਬਦੇਹ ਹੋਣਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਿਸਆ ਕਿ ਸੰਤ ਸਮਾਜ, ਨਿਹੰਗ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਧਾਰਮਕਿ ਸੰਗਠਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ, ਪਰ ਸਿੰਘ ਸਾਹਿਬਾਨ ਵੱਲੋਂ ਕਾਹਲੀ ਵਿਚ ਕੀਤੇ ਗਏ ਇਸ ਫੈਸਲੇ ਨੂੰ ਉਹ ਰੱਦ ਕਰਦੇ ਹਨ। ਮੀਟਿੰਗ ਵਿਚ ਸੰਤ ਲੱਖਾ ਸਿੰਘ ਨਾਨਕਸਰ ਵਾਲੇ, ਸੰਤ ਮਹਿੰਦਰ ਸਿੰਘ ਲੰਬਿਆਂ ਵਾਲੇ, ਸੰਤ ਅਮੀਰ ਸਿੰਘ ਜਵੱਦੀ ਟਕਸਾਲ, ਸੰਤ ਲਖਵੀਰ ਸਿੰਘ ਰਤਵਾੜਾ, ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ, ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਮੇਜਰ ਸਿੰਘ ਖਾਲਸਾ, ਸੰਤ ਹਰੀ ਸਿੰਘ ਰੰਧਾਵਾ, ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਸੁਖਚੈਨ ਸਿੰਘ ਧਰਮਪੁਰਾ, ਸੰਤ ਹਰੀ ਸਿੰਘ ਜ਼ੀਰਾ, ਸੰਤ ਬਲਬੀਰ ਸਿੰਘ ਲੰਮੇਜੱਟਪੁਰਾ ਵਾਲੇ, ਸੰਤ ਚਰਨਜੀਤ ਸਿੰਘ ਜੱਸੋਵਾਲ, ਸੰਤ ਮੇਜਰ ਸਿੰਘ ਵਾਂ ਵਾਲੇ, ਜਥੇ. ਸਵਰਨਜੀਤ ਸਿੰਘ ਮੁੱਖੀ ਤਰਨਾ ਦਲ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਹਰਦੇਵ ਸਿੰਘ ਸਿਰਥਲਾ, ਸੰਤ ਰਾਜਵਿੰਦਰ ਸਿੰਘ ਘਰਾਂਘਣੇ ਵਾਲੇ, ਭਾਈ ਮਹਿੰਦਰਜੀਤ ਸਿੰਘ ਲੁਧਿਆਣਾ, ਸੰਤ ਪ੍ਰਤਾਪ ਸਿੰਘ ਲੰਗੇਆਣਾਪੁਰ ਵੱਲੋਂ ਭਾਈ ਗੁਰਦਿਆਲ ਸਿੰਘ, ਸੰਤ ਗੁਰਮੀਤ ਸਿੰਘ ਤਲੋਕੇ ਵਾਲੇ, ਗਿਆਨੀ ਹਰਜੀਤ ਸਿੰਘ ਕਾਲਰਾ, ਸੰਤ ਗੁਰਦਿਆਲ ਸਿੰਘ ਟਾਂਡੇ ਵਾਲੇ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਮਨਜੀਤ ਸਿੰਘ ਪਠਾਨਕੋਟ, ਭਾਈ ਮਨਿੰਦਰ ਸਿੰਘ ਸ੍ਰੀਨਗਰ, ਭਾਈ ਬਲਪ੍ਰੀਤ ਸਿੰਘ, ਬਾਬਾ ਬੂਟਾ ਸਿੰਘ ਗੁੜਥੜੀ ਵਾਲੇ, ਬਾਬਾ ਬਲਵਿੰਦਰ ਸਿੰਘ ਹੁਸ਼ਿਆਰਪੁਰ, ਬਾਬਾ ਸਾਧੂ ਸਿੰਘ ਛਾਹੜ, ਬਾਬਾ ਲੱਖਾ ਸਿੰਘ ਰਾਮ ਥਮਨ ਵਾਲੇ, ਬਾਬਾ ਗੁਰਮੇਲ ਸਿੰਘ ਲਲਤੋਂ, ਬਾਬਾ ਉਦੇਸ਼ ਸਿੰਘ ਠੱਠੇਵਾਲ, ਬਾਬਾ ਜਸਬੀਰ ਸਿੰਘ ਰਾਜਗੜ੍ਹ ਕੂਬੇਵਾਲੀ, ਭਾਈ ਸੁਖਵਿੰਦਰ ਸਿੰਘ ਅਗਵਾਨ, ਬਾਬਾ ਪਾਲ ਸਿੰਘ ਪਟਿਆਲੇ ਵਾਲੇ, ਭਾਈ ਪਰਮਜੀਤ ਸਿੰਘ ਢਾਡੀ ਮੁੱਖ ਸਰਪ੍ਰਸਤ ਪੰਥਕ ਦਲ (ਇੰਗਲੈਂਡ), ਸੰਤ ਸੁਰਜੀਤ ਸਿੰਘ ਮਿਹਰੋਂ, ਸੰਤ ਕੁਲਦੀਪ ਸਿੰਘ ਢਲੱਕੇ, ਭਾਈ ਗੁਰਪ੍ਰੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਨੇ ਹਿੱਸਾ ਲਿਆ।