ਨਵੀਂ ਦਿੱਲੀ(30 ਦਸੰਬਰ, 2014): ਦਮਦਮੀ ਦਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਅਗਵਾਈ ‘ਚ ਸੰਤ ਸਮਾਜ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖ ਅਹੁਦੇਦਾਰਾਂ ਸਮੇਤ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ‘ਤੇ ਆਧਾਰਿਤ ਇੱਕ ਵਫ਼ਦ ਨੇ ਸਿੱਖ ਕੌਮ ਨਾਲ ਸਬੰਧਿਤ ਅਹਿਮ ਮਸਲਿਆਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ‘ਸੰਤ ਸਮਾਜ’ ਵੱਲੋਂ ਸੌਂਪੇ ਆਪਣੇ ਮੰਗ ਪੱਤਰ ਵਿਚ ਵਫਦ ਮੈਂਬਰਾਂ ਨੇ ਤਿੰਨ ਮੰਗਾਂ ਰੱਖੀਆਂ। ਪਹਿਲੀ ਮੰਗ ਵਿਚ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਵੱਖ-ਵੱਖ ਜੇਲ੍ਹਾਂ ਵਿਚ ਬੰਦ ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਵਫ਼ਦ ਨੇ ਇਸ ਸਬੰਧ ਵਿਚ ਗ੍ਰਹਿ ਮੰਤਰੀ ਨੂੰ ਸਿੱਖ ਕੈਦੀਆਂ ਦੀ ਸੂਚੀ ਵੀ ਸੌਂਪੀ।
ਰਾਜਨਾਥ ਸਿੰਘ ਨੇ ਗ੍ਰਹਿ ਸਕੱਤਰ ਨਾਲ ਗੱਲਬਾਤ ਕਰਕੇ ਉਕਤ ਮੁੱਦੇ ‘ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ। ਇਸ ਤੋਂ ਇਲਾਵਾ ਵਫਦ ਨੇ ਮੰਗ ਕੀਤੀ ਕਿ ਭਾਰਤ ਦੇ ਜਿਹੜੇ ਸਿੱਖ ਵਿਦੇਸ਼ਾਂ ਵਿਚ ਰੁਜ਼ਗਾਰ ਵਾਸਤੇ ਗਏ ਸਨ, ਉਨ੍ਹਾਂ ਵਿਚੋਂ ਕੁਝ ਨੂੰ ਭਾਰਤੀ ਸਰਕਾਰ ਨੇ ਬਿਨ੍ਹਾਂ ਵਜ੍ਹਾ ‘ਕਾਲੀ ਸੂਚੀ’ ਵਿਚ ਪਾਇਆ ਹੋਇਆ ਹੈ। ਇਸ ਕਰਕੇ ਅਜਿਹੇ ਸਿੱਖ ਭਾਰਤ ਵਾਪਸ ਆਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਅਸਮਰੱਥ ਹਨ। ਇਸ ਲਈ ਅਜਿਹੇ ਸਿੱਖਾਂ ਦੇ ਨਾਂਅ ਕਾਲੀ ਸੂਚੀ ਤੋਂ ਹਟਾਏ ਜਾਣੇ ਚਾਹੀਦੇ ਹਨ।
ਤੀਜੀ ਮੰਗ ਵਿਚ ਵਫਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਸਿੱਖ ਧਰਮ ਇਕ ਵੱਖਰਾ ਅਤੇ ਸੁਤੰਤਰ ਧਰਮ ਹੈ ਪਰ ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਸਿੱਖਾਂ ਨੂੰ ਹਿੰਦੂ ਧਰਮ ਦੇ ਹਿੱਸੇ ਵਜੋਂ ਹੀ ਮਾਨਤਾ ਦਿੰਦੀ ਹੈ। ਇਸ ਲਈ ਸੰਵਿਧਾਨ ਦੀ ਧਾਰਾ 25-ਬੀ ਵਿਚ ਸੋਧ ਕਰਕੇ ਸਿੱਖਾਂ ਨੂੰ ਸੁਤੰਤਰ ਧਰਮ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਮੰਗਾ ਦੇ ਸਬੰਧ ਵਿਚ ਗ੍ਰਹਿ ਮੰਤਰੀ ਨੇ ਵਫਦ ਮੈਂਬਰਾਂ ਤੋਂ ਹੋਰ ਲੋੜੀਂਦੇ ਦਸਤਾਵੇਜ ਪ੍ਰਾਪਤ ਹੋਣ ਉਪਰੰਤ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ।
ਰਾਜਨਾਥ ਸਿੰਘ ਨਾਲ ਮੁਲਾਕਾਤ ਮੌਕੇ ਤਖ਼ਤ ਕੇਸਗੜ੍ਹ ਦੇ ਜੱਥੇਦਾਰ ਗਿਆਨੀ ਮੱਲ ਸਿੰਘ, ਬਾਬਾ ਸੁਖਚੈਨ ਸਿੰਘ (ਜਨਰਲ ਸਕੱਤਰ ਸੰਤ ਸਮਾਜ), ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖਾਲਸਾ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ, ਮਨਜਿੰਦਰ ਸਿੰਘ ਸਿਰਸਾ, ਇੰਦਰਜੀਤ ਸਿੰਘ ਗਿੱਲ ਕਾਰਜਕਾਰਨੀ ਮੈਂਬਰ ਸਿੱਖ ਕੌਂਸਲ ਯੂ.ਕੇ. ਤੇ ਜਸਪਾਲ ਸਿੰਘ ਸਿੱਧੂ ਚੇਅਰਮੈਨ ਸੁਪਰੀਮ ਕੌਂਸਲ ਆਫ ਮੁੰਬਈ ਗੁਰਦੁਆਰਾ ਤੋਂ ਇਲਾਵਾ ਰਾਸ਼ਟਰੀ ਸਿੱਖ ਸੰਗਤ ਦੇ ਗੁਰਚਰਨ ਸਿੰਘ ਗਿੱਲ, ਅਵਿਨਾਸ਼ ਜਾਇਸਵਾਲ ਤੇ ਡਾ: ਅਵਤਾਰ ਸ਼ਾਸਤਰੀ ਵੀ ਮੌਜੂਦ ਸਨ।