ਜਗਰਾਉਂ (5 ਜਨਵਰੀ, 2015): ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਹਮਾਇਤੀ ਧਿਰਾਂ ਵੱਲੌਂ 1ਜਨਵਰੀ ਨੂੰ ਵੱਡਾ ਪੰਥਕ ਇਕੱਠ ਕਰਕੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੁੰ ਮੰਗ ਪੱਤਰ
ਦੇਣ ਤੋਂ ਬਾਅਦ ਅੱਜ ਬਿਕ੍ਰਮੀ ਕੈਲੰਡਰ ਦੇ ਹਮਾਇਤੀ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਦੀ ਅਗਵਾਈ ਹੇਠ ਅਤੇ ਸਿੱਖ ਧਰਮ ਦੀਆਂ ਵੱਖ-ਵੱਖ ਸਿਰਮੌਰ ਜਥੇਬੰਦੀਆਂ, ਟਕਸਾਲਾਂ ਅਤੇ ਸੰਪਰਦਾਵਾਂ ਦੇ ਸਾਂਝੇ ਸੱਦੇ ’ਤੇ ਸਿੱਖ ਕੌਮ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਪਏ ਭੰਬਲਭੂਸੇ ਨੂੰ ਖਤਮ ਕਰਨ ਲਈ ਇੱਕ ਸਰਬ ਸਾਂਝੀ ਮੀਟਿੰਗ ਨਾਨਕਸਰ ਸੰਪਰਦਾਇ ਦੇ ਹੈੱਡ ਕੁਆਰਟਰ ਠਾਠ ਨਾਨਕਸਰ ਵਿਖੇ ਬੁਲਾਈ ਗਈ। ਜਿਸ ਵਿੱਚ ਨਿਰਮਲ ਭੇਖ, ਸੰਤ ਸਮਾਜ, ਨਿਹੰਗ ਜਥੇਬੰਦੀਆਂ, ਉਦਾਸੀਨ ਸੰਪਰਦਾ ਅਤੇ ਸਿੱਖ ਸੰਪਰਦਾਵਾਂ ਦੇ ਮੁਖੀਆਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਨਗਰ ਕੀਰਤਨ ਦੇ ਵਿਰੋਧ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬੋਲੇ ਸ਼ਬਦਾਂ ਦਾ ਮੁੱਦਾ ਵੀ ਭਾਰੂ ਰਿਹਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਹਰਨਾਮ ਸਿੰਘ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਲੈ ਕੇ ਜੋ ਨਾਨਕਸ਼ਾਹੀ ਕੈਲੰਡਰ ਚੱਲ ਰਿਹਾ ਹੈ, ਉਸ ਨੂੰ ਹੂ-ਬ-ਹੂ ਬਰਕਰਾਰ ਰੱਖਣਾ ਸਮੇਂ ਦੀ ਮੰਗ ਹੈ। ਉਨ੍ਹਾਂ ਆਖਿਆ ਕਿ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਇੱਕ ਵਿਅਕਤੀ ਵੱਲੋਂ ਜੋ ਕੈਲੰਡਰ ਤਿਆਰ ਕੀਤਾ ਗਿਆ ਹੈ, ਉਸ ਵਿੱਚ ਬਹੁਤ ਹੀ ਭਰਮ-ਭੁਲੇਖੇ ਪਾਏ ਗਏ ਹਨ। ਇਹ ਕੌਮ ਨੂੰ ਇਹ ਮਨਜ਼ੂਰ ਨਹੀਂ ਹੈ।
ਇਸ ਮੌਕੇ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਆਗੂ ਬਾਬਾ ਬਲਵੀਰ ਸਿੰਘ ਨੇ ਆਖਿਆ ਕਿ ਸਿੱਖ ਕੌਮ ਦੇ ਮੋਢੀਆਂ ਨੂੰ ਸਿਰ ਜੋੜ ਕੇ ਇਸ ਮਸਲੇ ਦੇ ਹੱਲ ਲਈ ਤੁਰੰਤ ਕਦਮ ਉਠਾਉਣੇ ਚਾਹੀਦੇ ਹਨ ਅਤੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਸਰਬ ਸਾਂਝਾ ਰਾਹ ਅਪਣਾਉਣ ਦੀ ਲੋੜ ਹੈ ਕਿਉਂਕਿ ਜੇਲ੍ਹਾਂ ਵਿੱਚ ਇਨ੍ਹਾਂ ਸਿੱਖਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਜਿਹੇ ਸਿੱਖਾਂ ਨੂੰ ਰਿਹਾਅ ਕਰਨ ਲਈ ਆਖਿਆ।
ਬਾਬਾ ਲੱਖਾ ਸਿੰਘ ਨਾਨਕਸਰ ਨੇ ਇਸ ਮੌਕੇ ਆਖਿਆ ਕਿ ਸਰਕਾਰ ਕਾਲੀਆਂ ਸੂਚੀਆਂ ਰੱਦ ਕਰੇ ਤਾਂ ਜੋ ਵਿਦੇਸ਼ਾਂ ਵਿੱਚ ਬੈਠੇ ਸਿੱਖ ਆਪਣੇ ਵਤਨ ਅਤੇ ਗੁਰੂਧਾਮਾਂ ਦੇ ਦਰਸ਼ਨ ਕਰ ਸਕਣ ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਨੂੰ ਸੰਤ ਹਾਕਮ ਸਿੰਘ ਨਿਰਮਲ ਭੇਖ, ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਭਾਈ ਜਸਵੀਰ ਸਿੰਘ ਖਾਲਸਾ, ਸੰਤ ਬਲਵੰਤ ਸਿੰਘ ਹਰਖੋਵਾਲ, ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਸੰਤ ਹਰਭਜਨ ਸਿੰਘ ਨਾਨਕਸਰ, ਸੰਤ ਸਤਨਾਮ ਸਿੰਘ ਭਾਈਕੇ ਸਮਾਧ, ਸੰਤ ਕਰਤਾਰ ਸਿੰਘ ਲੰਡਨ, ਸੰਤ ਅਵਤਾਰ ਸਿੰਘ ਬੰਧਨੀ, ਉਦਾਸੀਨ ਸੰਪਰਦਾਇ ਦੇ ਮਹੰਤ ਸੰਤੋਖ ਮੁਨੀ, ਨਿਰਮਲ ਪੰਚਾਇਤੀ ਅਖਾੜਾ ਹਰਿਦੁਆਰ ਦੇ ਸੰਤ ਹਾਕਮ ਸਿੰਘ, ਸੰਤ ਗੁਰਦੇਵ ਸਿੰਘ ਚੰਡੀਗੜ੍ਹ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਅਮਰਜੀਤ ਸਿੰਘ ਚਾਵਲਾ, ਦਵਿੰਦਰ ਖਟੜਾ, ਭਾਈ ਰਘਵੀਰ ਸਿੰਘ ਸਹਾਰਨਮਾਜਰਾ, ਭਾਈ ਗੁਰਮੇਲ ਸਿੰਘ ਨਿਹਾਲ ਸਿੰਘ ਵਾਲਾ, ਜਥੇਦਾਰ ਜਗਜੀਤ ਸਿੰਘ ਤਲਵੰਡੀ, ਬੀਬੀ ਹਰਜਿੰਦਰ ਕੌਰ ਤੇ ਜਥੇਦਾਰ ਕੇਵਲ ਸਿੰਘ ਬਾਦਲ ਆਦਿ ਨੇ ਆਪਣੇ ਵਿਚਾਰ ਰੱਖੇ।