ਚੰਡੀਗੜ: ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਤੋਂ ਰਾਜ ਸਭਾ ਲਈ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਪਾਰਲੀਮਾਨੀ ਮਾਮਲਿਆਂ ਬਾਰੇ ਕਮੇਟੀ ਦੀ ਬੈਠਕ ਦੌਰਾਨ ਸੀਨੀਅਰ ਆਗੂ ਸੰਜੇ ਸਿੰਘ, ਨਰਾਇਣ ਦਾਸ ਗੁਪਤਾ ਅਤੇ ਸੁਸ਼ੀਲ ਗੁਪਤਾ ਦੇ ਨਾਵਾਂ ’ਤੇ ਮੋਹਰ ਲਾ ਦਿੱਤੀ ਗਈ।
ਦੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ’ਚ ਤਿੰਨਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਭਾਰਤ ਭਰ ਤੋਂ 18 ਲੋਕਾਂ ਦੇ ਨਾਂ ਮਿਲੇ ਸਨ ਜਿਨ੍ਹਾਂ ਵਿੱਚੋਂ 11 ਉਪਰ ਕਮੇਟੀ ਅੰਦਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰੰਜੇ ਸਿੰਘ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਦਾ ਸਾਰਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। ਨਰਾਇਣ ਦਾਸ ਗੁਪਤਾ ਸੀਏ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਆਰਥਿਕਤਾ ਸਬੰਧੀ ਸੰਸਥਾਵਾਂ ਨਾਲ ਜੁੜੇ ਰਹੇ ਹਨ। ਤੀਜੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਸਿੱਖਿਆ ਤੇ ਡਾਕਟਰੀ ਖੇਤਰ ਨਾਲ ਜੁੜੇ ਹੋਏ ਹਨ ਜਿਨ੍ਹਾਂ ਦਾ ਦਿੱਲੀ ਤੇ ਹਰਿਆਣਾ ਵਿੱਚ ਕਾਫੀ ਯੋਗਦਾਨ ਹੈ।
ਸਿਸੋਦੀਆ ਨੇ ਦੱਸਿਆ ਕਿ ਬੈਠਕ ਵਿੱਚ ਸੰਜੇ ਸਿੰਘ ਤੇ ਡਾ. ਕੁਮਾਰ ਵਿਸ਼ਵਾਸ ਨੂੰ ਨਹੀਂ ਸੱਦਿਆ ਗਿਆ ਸੀ ਕਿਉਂਕਿ ਡਾ. ਕੁਮਾਰ ਨੇ ਰਾਜ ਸਭਾ ਲਈ ਦਾਅਵਾ ਕੀਤਾ ਸੀ ਅਤੇ ਸੰਜੇ ਸਿੰਘ ਦੇ ਨਾਂ ਬਾਰੇ ਚਰਚਾ ਕੀਤੀ ਜਾਣੀ ਸੀ। ਕਈ ਹੋਰ ਨਾਵਾਂ ਉਪਰ ਵੀ ਚਰਚਾ ਹੋਈ ਪਰ ਪਾਰਟੀ ਅੰਦਰੋਂ ਸੰਜੇ ਸਿੰਘ ਦੇ ਨਾਂ ’ਤੇ ਸਹਿਮਤੀ ਬਣੀ। ਸੂਤਰਾਂ ਮੁਤਾਬਕ ਪਾਰਟੀ ਦੇ ਲੋਕਾਂ ਨੂੰ ਹੀ ਰਾਜ ਸਭਾ ’ਚ ਭੇਜਣ ਬਾਰੇ ਚਰਚਾ ਹੋਈ ਪਰ ਅਰਵਿੰਦ ਕੇਜਰੀਵਾਲ ਚਾਹੁੰਦੇ ਸਨ ਕਿ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟ ਚੁੱਕੇ ਵਿਅਕਤੀਆਂ ਨੂੰ ਹੀ ਉਪਰਲੇ ਸਦਨ ’ਚ ਭੇਜਿਆ ਜਾਵੇ।