ਕੈਲੀਫੋਰਨੀਆ: ਦਲ ਖਾਲਸਾ ਦੇ ਬਾਨੀ ਤੇ ਜਲਾਵਰਤਨ ਆਗੂ ਭਾਈ ਗਜਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਜੀ ਜਰਮਨੀ ਦੇ ਸ਼ਹਿਰ ਫਰੈਂਕਫਟ ਵਿਚ ਪਿਛਲੇ ਦਿਨੀਂ, ਅਕਾਲ ਪੁਰਖ ਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ,ਜਿਨ੍ਹਾਂ ਦਾ ਸੋਮਵਾਰ ਫਰੈਂਕਫਰਟ ਵਿਚ ਸਸਕਾਰ ਕਰ ਦਿੱਤਾ ਗਿਆ ਸੀ।
ਇਸ ਸੰਬਧੀ ਗੁਰਦੁਆਰਾ ਸਿੰਘ ਸਭਾ ਮਿਲਪਿਟਸ (ਕੈਲੀਫੋਰਨੀਆ) ਵਿਚ ਬੀਬੀ ਮਨਜੀਤ ਕੌਰ ਜੀ ਦੇ ਅੰਤਮ ਵਿਛੋੜੇ ਸੰਬਧੀ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉਨਾਂ ਦੇ ਜੀਵਨ ਸਬੰਧੀ ਵਿਚਾਰ ਕੀਤੀ ਗਈ। ਬੋਲਣ ਵਾਲਿਆਂ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ, ਏਜੀਪੀਸੀ ਦੇ ਕੋਆਰਡੀਨੇਟਰ ਡਾ.ਪ੍ਰਿਤਪਾਲ ਸਿੰਘ, ਸ.ਪਾਲ ਸਿੰਘ ਪੁਰੇਵਾਲ, ਗੁਰਦੁਆਰਾ ਸਾਹਿਬ ਫਰੀਮਾਂਟ ਤੋਂ ਸੁਪਰੀਮ ਕੌਂਸਲ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ, ਸੈਂਟਾ ਕਲਾਰਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਮਰਜੀਤ ਸਿੰਘ ਮੁਲਤਾਨੀ ਅਤੇ ਕਥਾਵਾਚਕ ਭਾਈ ਅਮਰੀਕ ਸਿੰਘ ਚਮਕੌਰ ਸਾਹਿਬ ਵਾਲੇ ਸਨ।
“ਸਭ ਬੁਲਾਰਿਆਂ ਨੇ ਬੀਬੀ ਮਨਜੀਤ ਕੌਰ ਦੇ ਵਿਲੱਖਣ ਗੁਣਾਂ ਦੀ ਤਰੀਫ ਕਰਦਿਆਂ ਉਨ੍ਹਾਂ ਨੂੰ ਸਬਰ, ਸੰਤੋਖ, ਸਹਿਜ ਤੇ ਸ਼ਾਂਤ ਸੁਭਾਅ ਦੇ ਗੁਣਾਂ ਨਾਲ ਭਰਪੂਰ ਦੱਸਦਿਆਂ ਕਿਹਾ ਕਿ ਕਿਵੇਂ ਉਨ੍ਹਾਂ ਨੇ ਪਤੀ ਦੇ ਵਿਛੋੜੇ ਵਿਚ ਆਪਣੀ ਬੱਚੀ ਦੀ ਪਾਲਣਾ ਕੀਤੀ ਤੇ ਲਗਭਗ ਸਾਰੀ ਉਮਰ ਪਤੀ ਤੋਂ ਬਿਨਾ ਹੀ ਕਦੇ ਪਾਕਿਸਤਾਨ, ਕਦੇ ਅਮਰੀਕਾ ਤੇ ਕਦੇ ਜਰਮਨੀ ਗੁਜ਼ਾਰ ਦਿੱਤੀ ਤੇ ਕਦੇ ਵੀ ਗਿਲਾ ਨਹੀਂ ਕੀਤਾ।ਅਜਿਹੀਆਂ ਬੀਬੀਆਂ ਬਹੁਤ ਘੱਟ ਹੁੰਦੀਆਂ ਨੇ ਜੋ ਆਪਣੇ ਸਿਰੜ ਉਤੇ ਸਦਾ ਪਹਿਰਾ ਦੇਂਦੀਆਂ ਨੇ ਬੀਬੀ ਜੀ ਦੀ ਕੁਰਬਾਨੀ ਨੂੰ ਪੰਥ ਸਦਾ ਯਾਦ ਰਖੇਗਾ। ਇਹ ਵੀ ਇਕ ਵੈਰਾਗ ਮਈ ਪਲ ਸੀ ਕਿ ਭਾਈ ਗਜਿੰਦਰ ਸਿੰਘ ਜਿਊਂਦੇ ਜਾਗਦੇ ਹੋਣ ਦੇ ਬਾਵਜੂਦ ਵੀ ਭੈਣ ਜੀ ਦੇ ਅੰਤਮ ਦਰਸ਼ਨ ਨਹੀਂ ਕਰ ਸਕੇ ਤੇ ਵਾਹਿਗੁਰੂ ਦੇ ਹੁਕਮ ਨੂੰ ਸਿਰ ਝੁਕਾ ਕੇ ਮੰਨਿਆ “
ਸੰਗਤਾਂ ਨੇ ਸਭ ਬੁਲਾਰਿਆਂ ਦੇ ਵੀਚਾਰ ਬੜੇ ਧੀਰਜ ਨਾਲ ਸੁਣੇ।