ਫਿਲੌਰ (12 ਅਕਤੂਬਰ, 2011): ਨਵੀਂ ਚੁਣੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਦੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਮਿਲੀ ਸਫਲਤਾ ਵਾਸਤੇ ਗੁਰੂ ਸਾਹਿਬਾਨ ਅਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਨ ਲਈ ਅੱਜ ਪਿੰਡ ਬੜਾਪਿੰਡ, ਨੇੜੇ ਫਿਲੌਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸਜੇ ਪੰਡਾਲ ਵਿਚ ਕਥਾਵਾਚਕ ਗਿਆਨੀ ਰਤਨ ਸਿੰਘ ਰਤਨ ਨੇ ਸੰਗਤਾਂ ਨੂੰ ਸ਼ਬਦ ਵਿਚਾਰ ਰਾਹੀਂ ਨਿਹਾਲ ਕੀਤਾ। ਇਸ ਤੋਂ ਬਾਅਦ ਢਾਡੀ ਸਿੰਘਾਂ ਨੇ ਸਿੱਖ ਇਤਿਹਾਸ ਅਤੇ ਮੌਜੂਦਾ ਸਮੇਂ ਦੇ ਪ੍ਰਸੰਗ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਪੰਥਕ ਸੰਘਰਸ਼ ਵਿਚ ਵਧ-ਚੜ੍ਹ ਕੇ ਹਿੱਸਾ ਪਾਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਨੇ ਭਾਈ ਕੁਲਬੀਰ ਸਿੰਘ ਬੜਾਪਿੰਡ ਦੀ ਜਿੱਤ ਨੂੰ ਹਨੇਰੇ ਵਿਚ ਆਸ ਦੀ ਕਿਰਨ ਦੱਸਦਿਆਂ ਉਨ੍ਹਾਂ ਨੂੰ ਧਰਮ-ਪ੍ਰਚਾਰ ਅਤੇ ਪੰਥਕ ਸੰਘਰਸ਼ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਯੂਥ ਦਲ (ਪੰਚ ਪਰਧਾਨੀ) ਦੇ ਕੌਮੀ ਪੰਚ ਭਾਈ ਮਨਧੀਰ ਸਿੰਘ ਨੇ ਇਸ ਮੌਕੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜਿਆਂ ਅਤੇ ਪੰਚ ਪਰਧਾਨੀ ਦੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਦੀ ਪੜਚੋਲ ਸੰਗਤਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਉਨ੍ਹਾਂ ਦਾ ਮੁਕਾਬਲਾ ਇਕੱਲੇ ਬਾਦਲ ਦਲ ਨਾਲ ਨਹੀਂ ਬਲਕਿ ਬਾਦਲ ਦਲ, ਪੰਜਾਬ ਸਰਕਾਰ, ਪ੍ਰਸ਼ਾਸਨ, ਕੇਂਦਰ ਸਰਕਾਰ ਅਤੇ ਮੀਡੀਆ ਨਾਲ ਸੀ, ਕਿਉਂਕਿ ਇਸ ਵਾਰ ÷ਸਟੇਟ÷ ਦੇ ਇਨ੍ਹਾਂ ਸਾਰੇ ਹਿੱਸਿਆਂ ਨੇ ਚੋਣਾਂ ਵਿਚ ਪੰਚ ਪਰਧਾਨੀ ਦੇ ਉਮੀਰਵਾਰਾਂ ਨੂੰ ਹਰ-ਹੀਲੇ ਪਛਾੜਨ ਲਈ ਪੂਰਾ ਤਾਣ ਲਾ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਕੁਲਬੀਰ ਸਿੰਘ ਬੜਾਪਿੰਡ ਦੀ ਜਿੱਤ ਦੇ ਬੜੇ ਵੱਡੇ ਅਰਥ ਹਨ ਕਿਉਂਕਿ ਇਸ ਜਿਤ ਨੇ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਪੰਜਾਬ ਅਤੇ ਸਿੱਖਾਂ ਦੀ ਸਿਆਸਤ ਵਿਚ ਪੰਥਕ ਸੋਚ ਵਾਲੀ ਸੰਘਰਸ਼ਸ਼ੀਲ ਧਿਰ ਦਾ ਧੁਰਾ ਕਾਇਮ ਕਰਨ ਦਾ ਮੁੱਢ ਬੰਨਿਆ ਹੈ।
ਇਸ ਤੋਂ ਬਾਅਦ ਆਪਣੇ ਵਿਚਾਰ ਪੇਸ਼ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਸ੍ਰ. ਐਮ. ਪੀ. ਸਿੰਘ ਗੁਰਾਇਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਫਿਲੌਰ ਹਲਕੇ ਦੇ ਲੋਕਾਂ ਨੇ ਸਿੱਖੀ ਸੋਚ ਨੂੰ ਸਮਰਪਤ ਆਗੂ ਨੂੰ ਚੁਣ ਕੇ ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਸੰਸਥਾ ਵਿਚ ਭੇਜ ਕੇ ਇਕ ਸਪਸ਼ਟ ਸੁਨੇਹਾਂ ਮੌਜੂਦਾ ਹਾਕਮ ਧਿਰਾਂ ਤੱਕ ਪਹੁੰਚਾਇਆ ਹੈ ਕਿ ਉਹ ਇਨ੍ਹਾਂ ਲੋਕਤੰਤਰੀ ਸੰਸਥਾਵਾਂ ਨੂੰ ਆਪਣੀ ਜ਼ਗੀਰ ਸਮਝਣ ਦਾ ਭਰਮ ਹੁਣ ਤਿਆਗ ਦੇਣ।
ਦਲ ਖਾਲਸਾ ਜਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਫਿਲੌਰ ਹਲਕੇ ਦੇ ਸਮੂਹ ਪੰਥ ਦਰਦੀ ਵੋਟਰਾਂ ਨੂੰ ਭਾਈ ਕੁਲਬੀਰ ਸਿੰਘ ਨੂੰ ਜਿਤਾਉਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣਾ ਟੀਚਾ (ਕੌਮੀ ਅਜ਼ਾਦੀ) ਬਹੁਤ ਉੱਚਾ ਮਿੱਥਿਆ ਹੈ, ਤੇ ਜਦੋਂ ਟੀਚੇ ਉੱਚੇ ਹੋਣ ਤਾਂ ਰਸਤੇ ਬਿਖੜੇ ਹੋ ਹੀ ਜਾਂਦੇ ਹਨ, ਪਰ ਜਦੋਂ ਇਰਾਦੇ ਨੇਕ ਹੋਣ ਤਾਂ ਹਰ ਚੁਣੌਤੀ ਸਰ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹੋਰਨਾਂ ਧਿਰਾਂ ਨਾਲ ਸਮਝੌਤਾਂ ਨਾ ਕਰਨ ਕਰਕੇ ਬਾਦਲ ਦਲ ਨੂੰ ਮਿਲੇ ਫਾਇਦੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਡੀ ਤਰਾਸਦੀ ਹੈ ਕਿ ਸਾਡੇ ਆਪਣੇ ਹਿੱਸੇ ਹੀ ਅਜਿਹੀਆਂ ਕਾਰਵਾਈਆਂ ਕਰਦੇ ਹਨ, ਜਿਸ ਦਾ ਫਾਇਦਾ ਪੰਥ ਵਿਰੋਧੀ ਸ਼ਕਤੀਆਂ ਚੁੱਕ ਰਹੀਆਂ ਹਨ।
ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਭਾਈ ਕੁਲਬੀਰ ਸਿੰਘ ਫਿਲੌਰ ਹਲਕੇ ਵਿਚ ਧਰਮ-ਪ੍ਰਚਾਰ ਕਰਨ ਦੇ ਨਾਲ-ਨਾਲ ਸਿੱਖ ਪੰਥ ਦੇ ਮਸਲਿਆਂ ਬਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁੰਦਿਆਂ ਇਸ ਸੰਸਥਾ ਦਾ ਧਿਆਨ ਦਿਵਾਉਣ ਲਈ ਉਚੇਚੇ ਯਤਨ ਕਰਨਗੇ।
ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਚ ਪਰਧਾਨੀ ਭਾਈ ਕੁਲਬੀਰ ਸਿੰਘ ਬੜਾਪਿੰਡ ਨੂੰ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਆਪਣੀ ਬਣਦੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਾਲ ਨਿਭਾਉਣ ਲਈ ਲੋੜੀਂਦਾ ਢਾਂਚਾ ਪੰਚ ਪਰਧਾਨੀ ਵੱਲੋਂ ਖੜ੍ਹਾ ਕੀਤਾ ਜਾ ਰਿਹਾ ਹੈ ਅਤੇ ਜਥੇਬੰਦੀ ਦੀ ਇਹ ਕੋਸ਼ਿਸ਼ ਰਹੇਗੀ ਕਿ ਬਾਦਲ ਦਲ ਵਿਰੋਧੀ ਧਿਰਾਂ ਦੇ ਚੁਣੇ ਹੋਏ ਮੈਂਬਰ ਆਪਸੀ ਤਾਲਮੇਲ ਨਾਲ ਆਪਣੇ ਫਰਜ਼ ਅਦਾ ਕਰਨ।
ਇਸ ਮੌਕੇ ਬਾਬਾ ਬਲਜੀਤ ਸਿੰਘ ਦਾਦੂ ਵਾਲਿਆਂ ਵੱਲੋਂ ਭਾਈ ਕੁਲਬੀਰ ਸਿੰਘ ਹੋਰਾਂ ਨੂੰ ਸੋਨੇ ਦਾ ਖੰਡਾ (ਚਿਨ੍ਹ) ਭੇਂਟ ਕੀਤਾ ਗਿਆ। ਬਾਬਾ ਬਲਜੀਤ ਸਿੰਘ ਦਾਦੂ ਵਾਲਿਆਂ ਨੇ ਭਾਈ ਕੁਲਬੀਰ ਸਿੰਘ ਨੂੰ ਧਰਮ-ਪ੍ਰਚਾਰ ਦੇ ਕੰਮਾਂ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਅਖੀਰ ਵਿਚ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਰ ਸਦਕਾ ਉਨ੍ਹਾਂ ਨੂੰ ਕਾਮਯਾਬੀ ਮਿਲੀ ਹੈ, ਇਸ ਤੋਂ ਬਾਅਦ ਵਿਚ ਉਨ੍ਹਾਂ ਸਮੂਹ ਹਲਕਾ ਨਿਵਾਸੀਆਂ, ਸਿੱਖ ਵੋਟਰਾਂ ਅਤੇ ਇਸ ਸਮਾਗਮ ਵਿਚ ਪਹੁੰਚੀਆਂ ਹੋਈਆਂ ਸੰਗਤਾਂ ਤੇ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਖ-ਵੱਖ ਪਿੰਡਾਂ ਤੋਂ ਆਈਆਂ ਸੰਗਤਾਂ ਨੂੰ ਇਲਾਕੇ ਵਿਚ ਧਰਮ-ਪ੍ਰਚਾਰ ਸੰਬੰਧੀ ਆਪਣੀ ਜਰੂਰਤਾਂ ਦੱਸਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਸਾਰੇ ਪਿੰਡਾਂ ਵਿਚ ਧਰਮ-ਪ੍ਰਚਾਰ ਦੀ ਲਹਿਰ ਚਲਾਉਣਗੇ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਗੁਰੂ ਸਾਹਿਬ ਦੇ ਲੜ ਲਾਇਆ ਜਾ ਸਕੇ।
ਇਸ ਮੌਕੇ ਮੰਚ ਦੀ ਕਾਰਵਾਈ ਭਾਈ ਸੰਤੋਖ ਸਿੰਘ ਸਲਾਣਾ ਨੇ ਚਲਾਈ। ਇਸ ਸਮਾਗਮ ਵਿਚ ਪੰਚ ਪਰਧਾਨੀ ਦੇ ਕੌਮੀ ਪੰਚ ਭਾਈ ਦਇਆ ਸਿੰਘ ਕੱਕੜ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਰਾਜਵਿੰਦਰ ਸਿੰਘ ਰਾਜੂ, ਭਾਈ ਗੁਰਮੀਤ ਸਿੰਘ ਗੋਗਾ, ਭਾਈ ਜਰਨੈਲ ਸਿੰਘ ਹੁਸੈਨਪੁਰ, ਭਾਈ ਮਨਜੀਤ ਸਿੰਘ ਬੰਬ, ਭਾਈ ਸਤਨਾਮ ਸਿੰਘ ਭਾਰਾਪੁਰ, ਭਾਈ ਨਿਰੰਜਨ ਸਿੰਘ, ਭਾਈ ਗੁਰਦੀਪ ਸਿੰਘ ਕਾਲਾਝਾੜ, ਦਲ ਖਾਲਸਾ ਦੇ ਭਾਈ ਮਨਜਿੰਦਰ ਸਿੰਘ ਜੰਡੀ ਅਤੇ ਭਾਈ ਸਰਬਜੀਤ ਸਿੰਘ ਘੁਮਾਣ ਵੀ ਹਾਜ਼ਰ ਸਨ।