ਸਾਕਾ ਨਕੋਦਰ ਦੇ ਸ਼ਹੀਦਾਂ ਦੀ ਤਸਵੀਰ।

ਖਾਸ ਖਬਰਾਂ

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਸੈਂਟਰ ਫਲਸ਼ਿੰਗ ਨਿਊਯੋਰਕ ਵਿਖੇ 4 ਫ਼ਰਵਰੀ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ

By ਸਿੱਖ ਸਿਆਸਤ ਬਿਊਰੋ

January 31, 2018

ਚੰਡੀਗੜ: ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ ਗੋਰਸੀਆਂ ਦੀ 32ਵੀਂ ਬਰਸੀ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯੋਰਕ ਵਿਖੇ 4 ਫਰਵਰੀ 2018 ਨੂੰ ਮਨਾਇਆ ਜਾ ਰਿਹਾ ਹੈ।

ਦੋਆਬਾ ਸਿੱਖ ਐਸੋਸੀਏਸ਼ਨ ਵਲੋਂ ਸਮੂਹ ਪੰਥਿਕ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਾਕਾ ਨਕੋਦਰ ਦੇ ਚਾਰਾਂ ਸ਼ਹੀਦਾਂ ਦੀ ਪਾਵਨ ਯਾਦ ਵਿੱਚ ਐਤਵਾਰ ਨੂੰ ਸਵੇਰੇ 10:00 ਵਜੇ ਸ਼ਹੀਦੀ ਕਾਨਫਰੰਸ ਹੋਵੇਗੀ। ਇਸ ਮੌਕੇ ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿੱਚ ਸ਼ੁਸ਼ੋਭਿਤ ਕੀਤੀਆਂ ਜਾਣਗੀਆਂ। ਟੀਵੀ 84 ਵਲੋਂ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਸਮਾਗ਼ਮ ਵਿੱਚ ਡਾ. ਅਮਰਜੀਤ ਸਿੰਘ ਅਤੇ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਛੋਟੇ ਵੀਰ ਡਾ. ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਵਿਸੇਸ਼ ਤੌਰ ਤੇ ਸ਼ਮੂਲੀਅਤ ਕਰਨਗੇ।

ਵਰਨਣਯੋਗ ਹੈ ਕਿ 4 ਫਰਵਰੀ 1986 ਵਾਲੇ ਦਿਨ ਨਕੋਦਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਨਮਾਨ ਹਿੱਤ ਇਕੱਠੀ ਹੋਈ ਪੁਰ ਅਮਨ ਸੰਗਤ ‘ਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਉਕਤ ਚਾਰ ਨੌਜਵਾਨ ਸਿੰਘ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਮਿਰਤਕ ਦੇਹਾਂ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ ਸਨ ।

ਜਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਸਾਕਾ ਨਕੋਦਰ ਸੰਬੰਧੀ ਪੰਜਾਬ ਸਰਕਾਰ ਨੇ ਜੋ ਅਦਾਲਤੀ ਜਾਂਚ ਰਿਟਾਇਰਡ ਜੱਜ ਗੁਰਨਾਮ ਸਿੰਘ ਕੋਲੋਂ ਕਾਰਵਾਈ ਸੀ ਉਸ ਨੂੰ ਬਿਨਾ ਕਿਸੇ ਦੇਰੀ ਦੇ ਜਨਤਿਕ ਕੀਤਾ ਜਾਵੇ ਤਾਂ ਕਿ ਰਿਪੋਰਟ ਦਾ ਸੱਚ ਸਾਹਮਣੇ ਆ ਸਕੇ ।

ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ 5 ਫਰਵਰੀ 1986 ਨੂੰ ਰਿਟਾਇਰਡ ਜੱਜ ਗੁਰਨਾਮ ਸਿੰਘ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਗਨ ਭੇਂਟ ਸਰੂਪਾਂ ਸਬੰਧੀ ,4 ਸਿੱਖ ਨੌਜਵਾਨਾਂ ਦੇ ਪੁਲਿਸ ਦੀ ਗੋਲੀ ਨਾਲ ਕੀਤੇ ਕਤਲਾਂ ਅਤੇ ਇਨ੍ਹਾਂ ਚਾਰੇ ਸਿੱਖ ਨੌਜਵਾਨਾਂ ਦਾ ਸਰਕਾਰੀ ਹੁਕਮਾਂ ਦੇ ਵਿਰੁੱਧ ਜਾਕੇ ਆਪ ਅੰਤਿਮ ਸੰਸਕਾਰ ਕਰਨ ਸੰਬੰਧੀ ਅਦਾਲਤੀ ਜਾਂਚ ਕਰਨ ਲਈ ਕਿਹਾ ਸੀ। ਰਿਟਾਇਰਡ ਜੱਜ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ 29 ਮਾਰਚ 1987 ਨੂੰ ਸੌਂਪ ਦਿੱਤੀ ਸੀ ਅਤੇ ਅੱਜ ਤੱਕ ਕਦੇ ਵੀ ਜਨਤਿਕ ਨਹੀਂ ਕੀਤੀ ਗਈ । ਪੰਜਾਬ ਦਾ ਤਤਕਾਲ ਮੁੱਖ ਮੰਤਰੀ ਉਸ ਸਮੇ ਦੀ ਬਰਨਾਲੇ ਦੀ ਸਰਕਾਰ ਵਿੱਚ ਖੇਤੀ ਮੰਤਰੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: