ਨਵੀਂ ਦਿੱਲੀ/ਲੁਧਿਆਣਾ (14 ਅਪ੍ਰੈਲ, 2011): ਇਕ ਨਿਜੀ ਚੈਨਲ ਵੱਲੋਂ ਕੀਤੇ ਗਏ ਖੂਫੀਆ ਅਪਰੇਸ਼ਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਲਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਸਿੱਖਾਂ ਦੇ ਕਾਤਿਲ ਸੱਜਣ ਕੁਮਾਰ ਵਿਰੁੱਧ ਅਹਿਮ ਗਵਾਹ ਨੂੰ ਆਪਣੀ ਗਵਾਹੀ ਬਦਲਣ ਲਈ ਦਬਾਅ ਪਾਇਆ ਅਤੇ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਇੱਕ ਨਿਜੀ ਚੈਨਲ ਵੱਲੋਂ ਸਟਿੰਗ ਅਪਰੇਸ਼ਨ ਕੀਤਾ ਗਿਆ ਹੈ ਜਿਸ ਵਿਚ ਖੁਲਾਸਾ ਹੋਇਆ ਹੈ ਕਿ ਇੱਕ ਸਾਬਕਾ ਰਾਜ ਸਭਾ ਮੈਂਬਰ ਨੇ ’84 ਦੇ ਦਿੱਲੀ ਕੈਂਟ ਦੇ ਇਕ ਮਾਮਲੇ ਨਾਲ ਜੁੜੀ ਗਵਾਹ ਬੀਬੀ ਨਿਰਪ੍ਰੀਤ ਕੌਰ ਨੂੰ ਕਥਿਤ ਤੌਰ ‘ਤੇ ਮੋਟੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਗਈ।
ਦੱਸਣਯੋਗ ਹੈ ਕਿ ਨਿਰਪ੍ਰੀਤ ਕੌਰ ਸਿੱਖਾਂ ਦੇ ਕਾਤਿਲ ਸੱਜਣ ਕੁਮਾਰ ਵਿਰੁੱਧ ਇੱਕ ਅਹਿਮ ਗਵਾਹ ਹੈ। ਉਸ ਦੇ ਪਿਤਾ ਦਾ ਕਥਿਤ ਕਤਲ ਕਰਨ ਵਾਲੀ ਭੀੜ ਨੂੰ ਕਾਤਿਲ ਸੱਜਣ ਕੁਮਾਰ ਵੱਲੋਂ ਉਕਸਾਉਣ ਬਾਰੇ ਇਸ ਗਵਾਹ ਨੇ ਦਿੱਲੀ ਦੀ ਕੜਕੜਡੂਮਾ ਅਦਾਲਤ ‘ਚ ਗਵਾਹੀ ਦਿੱਤੀ ਸੀ। ਨਿਰਪ੍ਰੀਤ ਕੌਰ ਨੇ ਫੋਨ ‘ਤੇ ਦੱਸਿਆ ਕਿ ਉਸ ‘ਤੇ ਬਹੁਤ ਦਬਾਅ ਸੀ ਕਿ ਉਹ ਗਵਾਹੀ ਤੋਂ ਮੁੱਕਰ ਜਾਵੇ। ਸਟਿੰਗ ਅਪਰੇਸ਼ਨ ‘ਚ ਇਹ ਕਾਂਗਰਸੀ ਆਗੂ ਗਵਾਹ ਨੂੰ ਕਾਤਿਲ ਸੱਜਣ ਕੁਮਾਰ ਨਾਲ ਕਥਿਤ ਲੈਣ-ਦੇਣ ਕਰਕੇ ਮਾਮਲਾ ਨਿਬੇੜਨ ਬਾਰੇ ਆਖ ਰਿਹਾ ਹੈ। ਅਪਰੇਸ਼ਨ ਮੁਤਾਬਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਐਚ.ਐਸ. ਹੰਸਪਾਲ ਨਿਰਪ੍ਰੀਤ ਕੌਰ ਨੂੰ ਕਾਤਿਲ ਸੱਜਣ ਕੁਮਾਰ ਦੇ ਮੁਕੱਦਮੇ ਦੇ ਸਬੰਧ ਵਿਚ ਆਹਮਣੇ-ਸਾਹਮਣੇ ਬੈਠ ਕੇ ਗੱਲ ਕਰਨ ਲਈ ਆਖਦਾ ਹੋਇਆ ਨਜ਼ਰ ਆਉਂਦਾ ਹੈ।
ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਅਦਾਲਤ ‘ਚ ਪੇਸ਼ੀਆਂ ਦੌਰਾਨ ਵੀ ਉਨ੍ਹਾਂ ਨੂੰ ਧਮਕਾਇਆ ਜਾਂਦਾ ਸੀ। ਇਸ ਪੱਤਰਕਾਰ ਨਾਲ ਫੋਨ ‘ਤੇ ਹੋਈ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਇਸ ਬਾਰੇ ਉਸ ਨੇ ਨਿੱਜੀ ਚੈਨਲ ਨਾਲ ਸੰਪਰਕ ਕੀਤਾ ਤੇ ਇਹ ਸਟਿੰਗ ਅਪਰੇਸ਼ਨ ਕੀਤਾ ਗਿਆ। ਇਹ ਮਾਮਲਾ ਸਾਹਮਣੇ ਆਉਣ ‘ਤੇ ਦਿੱਲੀ ਕੈਂਟ ਮਾਮਲੇ ਦੇ ਵਕੀਲ ਐਚ. ਐਸ. ਫੂਲਕਾ ਨੇ ਕਿਹਾ ਕਿ ਨਿਰਪ੍ਰੀਤ ਕੌਰ ਨੂੰ ਕਥਿਤ ਤੌਰ ‘ਤੇ ਡਰਇਆ ਤੇ ਧਮਕਾਇਆ ਗਿਆ। ਸ੍ਰੀ ਫੂਲਕਾ ਨੇ ਕਿਹਾ ਕਿ ਇਹ ਅਪਰੇਸ਼ਨ ਤਾਂ ਕਾਫੀ ਪਹਿਲਾਂ ਹੀ ਕੀਤਾ ਗਿਆ ਸੀ ਪਰ ਨਿੱਜੀ ਚੈਨਲ ਨੂੰ ਅਪੀਲ ਕੀਤੀ ਗਈ ਸੀ ਕਿ ਨਿਰਪ੍ਰੀਤ ਕੌਰ ਦੀ ਗਵਾਹੀ ਪੂਰੀ ਹੋਣ ‘ਤੇ ਹੀ ਇਸ ਨੂੰ ਨਸ਼ਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹ ਸਟਿੰਗ ਅਪਰੇਸ਼ਨ ਗਵਾਹੀ ਦੌਰਾਨ ਪ੍ਰਸਾਰਤ ਕੀਤਾ ਜਾਂਦਾ ਤਾਂ ਉਸ ਦੀ ਗਵਾਹੀ ਪ੍ਰਭਾਵਿਤ ਹੋ ਸਕਦੀ ਸੀ। ਇਸੇ ਕਰਕੇ ਹੀ ਇਹ ਦਿਖਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ’84 ਦੇ ਪੀੜਤਾਂ ਤੇ ਗਵਾਹਾਂ ਨਾਲ ਬੀਤਦੀ ਆਈ ਹੈ। ਉਨ੍ਹਾਂ ਕਿਹਾ ਕਿ ਨਿਰਪ੍ਰੀਤ ਦੀ ਗਵਾਹੀ ਕਾਫੀ ਮਜ਼ਬੂਤ ਹੈ ਤੇ ਹੁਣ ਜਾਂਚ ਅਧਿਕਾਰੀ ਦੀ ਗਵਾਹੀ ਚੱਲ ਰਹੀ ਹੈ।