ਨਵੀਂ ਦਿੱਲੀ/ਚੰਡੀਗੜ੍ਹ: ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਭਾਰਤੀ ਸਿਆਸਤਦਾਨਾਂ ਵਿਚੋਂ ਇਕ- ਸੱਜਣ ਕੁਮਾਰ ਅੱਜ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਿਆ। ਉਸਨੂੰ ਮਿਲਦੀ ਰਹੀ ਸਰਕਾਰੀ ਸਰਪ੍ਰਤਸੀ ਦੇ ਚੱਲਦਿਆਂ ਇਹ ਦਿਨ ਆਉਣ ਨੂੰ 34 ਸਾਲ ਤੋਂ ਵੱਧ ਸਮਾਂ ਲੱਗ ਗਿਆ ਤੇ ਹਾਲੀ ਇਹ ਵੀ ਨਹੀਂ ਪਤਾ ਕਿ ਉਹ ਕਿੰਨੇ ਕੁ ਦਿਨ ਜੇਲ੍ਹ ਵਿਚ ਰਹੇਗਾ ਕਿਉਂਕਿ ਭਾਵੇਂ ਸੱਜਣ ਕੁਮਾਰ ਨੂੰ ਦਿੱਲੀ ਦੀ ਉੱਚ ਅਦਾਲਤ (ਹਾਈ ਕੋਰਟ) ਨੇ ਉਮਰ ਕੈਦ ਦੀ ਸਜਾ ਸੁਣਾਈ ਹੈ ਪਰ ਸੱਜਣ ਕੁਮਾਰ ਇਸ ਸਜਾ ਨੂੰ ਤੁੜਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।
ਬੀਤੇ ਦਿਨੀਂ ਦਿੱਲੀ ਦੀ ਉੱਚ ਅਦਾਲਤ ਨੇ ਇਕ ਫੈਸਲਾ ਸੁਣਾਉਂਦਿਆਂ ਸਿੱਖ ਨਸਲਕੁਸ਼ੀ ਨਾਲ ਜੁੜੇ ਇਕ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕਰਨ ਵਾਲੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦਿਆਂ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਉਸ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। ਉੱਚ ਅਦਾਲਤ ਨੇ ਪੰਜ ਹੋਰਨਾਂ ਦੋਸ਼ੀਆਂ ਜਿਨ੍ਹਾਂ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀਆਂ ਸਜਾਵਾਂ ਸੁਵਾਈਆਂ ਸਨ, ਉਨ੍ਹਾਂ ਦੀ ਸਜਾ ਵੀ ਬਹਾਲ ਰੱਖੀ ਹੈ।
ਅਦਾਲਤ ਨੇ ਉਨ੍ਹਾਂ ਦੋਸ਼ੀਆਂ, ਜੋ ਜੇਲ੍ਹ ਤੋਂ ਬਾਹਰ ਸਨ, ਨੂੰ ਸਜਾ ਭੁਗਤਣ ਲਈ 31 ਦਸੰਬਰ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਸੀ।
ਅੱਜ ਪਹਿਲਾਂ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਨੇ ਅਦਾਲਤ ਵਿਚ ਆਤਮ ਸਮਰਪਣ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਤੋਂ ਕੁਝ ਸਮਾਂ ਬਾਅਦ ਸੱਜਣ ਕੁਮਾਰ ਨੇ ਆਤਮ ਸਮਰਪਣ ਕੀਤਾ ਜਿਸ ਤੋਂ ਬਾਅਦ ਉਸ ਨੂੰ ਦਿੱਲੀ ਦੀ ਮੰਡੌਲੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ।