ਨਵੀਂ ਦਿੱਲੀ: ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਸਾਥੀਆਂ ਵੱਲੋਂ ਗਵਾਹਾਂ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗਵਾਹ ਜੋਗਿੰਦਰ ਸਿੰਘ, ਪ੍ਰੇਮ ਕੌਰ ਅਤੇ ਮਿਸ਼ਰੀ ਕੌਰ ਵੱਲੋਂ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ’ਤੇ ਦਿੱਲੀ ਪੁਲਿਸ ਕਮਿਸ਼ਨਰ ਆਲੋਕ ਕੁਮਾਰ ਵਰਮਾ ਨੂੰ ਪੱਤਰ ਭੇਜ ਕੇ ਗਵਾਹਾਂ ਨੂੰ ਪੁਖ਼ਤਾ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਕਮੇਟੀ ਵੱਲੋਂ ਸੱਜਣ ਕੁਮਾਰ ਨੂੰ ਪੁਲਿਸ ਰਿਮਾਂਡ ’ਤੇ ਲੈਣ ਲਈ ਅਦਾਲਤ ਵਿੱਚ ਅਰਜ਼ੀ ਲਗਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ।
ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਸੁਲਤਾਨਪੁਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੈ ਕਿਸ਼ਨ, ਉਸ ਦੇ ਭਰਾ ਵੇਦ ਪ੍ਰਕਾਸ਼ ਅਤੇ ਉਨ੍ਹਾਂ ਦੇ ਪੁੱਤਰਾਂ ਵੱਲੋਂ ਬੀਤੇ ਤਿੰਨ-ਚਾਰ ਦਿਨਾਂ ਤੋਂ ਜੋਗਿੰਦਰ ਸਿੰਘ ਦੇ ਘਰ ਅੱਧੀ ਰਾਤ ਨੂੰ ਦਸਤਕ ਦੇ ਕੇ ਕੇਸ ’ਚ ਗਵਾਹੀ ਨਾ ਦੇਣ ਦੀ ਹਦਾਇਤ ਕੀਤੀ ਜਾ ਰਹੀ ਹੈ। ਗਵਾਹੀ ਦੇਣ ਦੀ ਸੂਰਤ ’ਚ ਜੋਗਿੰਦਰ ਅਤੇ ਉਸ ਦੇ ਪਰਿਵਾਰ ਦਾ ਕਤਲ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸੇ ਤਰ੍ਹਾਂ ਪ੍ਰੇਮ ਕੌਰ ਅਤੇ ਮਿਸ਼ਰੀ ਕੌਰ ਨੇ ਵੀ ਦੋਸ਼ ਲਾਇਆ ਹੈ ਕਿ 5-6 ਨਕਾਬਪੋਸ਼ ਬੰਦੇ ਉਨ੍ਹਾਂ ਨੂੰ ਚਾਰ ਦਿਨਾਂ ਤੋਂ ਧਮਕੀਆਂ ਦੇ ਰਹੇ ਹਨ।
ਦੂਜੇ ਪਾਸੇ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਮਾਮਲੇ ’ਚ ਗਵਾਹ ਨਾਲ ਜਿਰ੍ਹਾ ਦੀ ਇਜਾਜ਼ਤ ਦੇ ਦਿੱਤੀ। ਜ਼ਿਲ੍ਹਾ ਜੱਜ ਅਮਰਨਾਥ ਨੇ ਇਹ ਨਿਰਦੇਸ਼ ਉਸ ਸਮੇਂ ਦਿੱਤੇ ਜਦੋਂ ਸੱਜਣ ਕੁਮਾਰ ਦੇ ਵਕੀਲ ਨੇ ਦੱਸਿਆ ਕਿ ਉਹ ਸ਼ੀਲਾ ਕੌਰ ਵੱਲੋਂ 10 ਫਰਵਰੀ 1985 ਨੂੰ ਇੱਕ ਹੋਰ ਮਾਮਲੇ ’ਚ ਦਿੱਤੇ ਗਏ ਬਿਆਨ ਬਾਰੇ ਜਿਰ੍ਹਾ ਕਰਨਾ ਚਾਹੁੰਦੇ ਹਨ। ਸੀਬੀਆਈ ਨੇ ਇਸ ਦਾ ਵਿਰੋਧ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਥਾਨਕ ਪੁਲਿਸ ਸਾਜ਼ਿਸ਼ਘਾੜਿਆਂ ਨਾਲ ਮਿਲੀ ਹੋਈ ਸੀ ਅਤੇ ਉਨ੍ਹਾਂ ਪੀੜਤ ਦਾ ਬਿਆਨ ਜਾਣ ਬੁੱਝ ਕੇ ਸਹੀ ਢੰਗ ਨਾਲ ਦਰਜ ਨਹੀਂ ਕੀਤਾ। ਅਦਾਲਤ ਨੇ ਕਿਹਾ ਕਿ ਗਵਾਹ ਦੇ ਪਿਛਲੇ ਬਿਆਨ ਅਨੁਸਾਰ ਹੀ ਜਿਰ੍ਹਾ ਕੀਤੀ ਜਾਏਗੀ ਅਤੇ ਮਾਮਲੇ ਦੀ ਸੁਣਵਾਈ 21 ਅਕਤੂਬਰ ਲਈ ਨਿਰਧਾਰਿਤ ਕਰ ਦਿੱਤੀ ਹੈ।
ਇਥੇ ਇਹ ਜ਼ਿਕਰਯੋਗ ਹੈ ਕਿ ਨਵੰਬਰ 1984 ਵਿਚ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਯੋਜਨਾਬੱਧ ਤਰੀਕੇ ਨਾਲ ਸੱਤਾਧਾਰੀ ਪਾਰਟੀ ਕਾਂਗਰਸ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕਰਕੇ ਸਿੱਖਾਂ ਦਾ ਕਤਲੇਆਮ ਹੋਇਆ। 32 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਹੋਈਆਂ ਸਗੋਂ ਉਹ ਸੱਤਾ ਦੇ ਉੱਚੇ ਅਹੁਦਿਆਂ ਦਾ ਅਨੰਦ ਮਾਣਦੇ ਰਹੇ।