Site icon Sikh Siyasat News

ਪੁਲਿਸ ਵੱਲੋਂ ਚੁੱਕੇ ਸਾਹਿਬ ਸਿੰਘ ਦੀ ਭੈਣ ਨੇ ਇਨਸਾਫ਼ ਮੰਗਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਅਕਤੂਬਰ – ਬੀਤੀ 26 ਅਕਤੂਬਰ ਨੂੰ ਤੜਕਸਾਰ 1 ਵਜੇ ਦੇ ਕਰੀਬ ਪਿੰਡ ਚੁੰਨੀ ਕਲਾਂ ਬਲਾਕ ਖੇੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਭੈਣ ਜਸਵੀਰ ਕੌਰ ਦੇ ਘਰ ਆਏ ਉਸਦੇ ਭਰਾ ਜਸਮੇਲ ਸਿੰਘ ਉਰਫ ਸਾਹਿਬ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰੁਪਾਲਹੇੜੀ ਨੂੰ ਪੁਲਿਸ ਵੱਲੋਂ ਜਬਰਨ ਚੁੱਕਕੇ ਲਿਜਾਉਣ ਕਾਰਨ ਸਮੂਹ ਪਰਿਵਾਰਿਕ ਮੈਂਬਰਾਂ ਵਿਚ ਭਾਰੀ ਸਹਿਮ ਦਾ ਮਾਹੌਲ ਹੈ। ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਜਸਮੇਲ ਸਿੰਘ ਉਰਫ ਸਾਹਿਬ ਸਿੰਘ ਦੀ ਭੈਣ ਨੇ ਆਖਿਆ ਕਿ ਉਸ ਦੇ ਪਤੀ ਦੀ ਕਾਫੀ ਚਿਰ ਪਹਿਲਾਂ ਮੌਤ ਹੋ ਗਈ ਸੀ ਅਤੇ ਉਸਦੇ ਬੱਚੇ ਛੋਟੇ ਹੋਣ ਕਰਕੇ ਕਈ ਵਾਰ ਉਸਦਾ ਭਰਾ ਜਸਮੇਲ ਸਿੰਘ ਉਰਫ ਸਾਹਿਬ ਸਿੰਘ ਉਨ੍ਹਾਂ ਦੇ ਘਰ ਆ ਕੇ ਰਹਿੰਦਾ ਹੈ। ਇਸ ਦੌਰਾਨ ਉਹ 25 ਅਕਤੂਬਰ ਨੂੰ ਵੀ ਆਪਣੀ ਕਾਰ ਫੋਰਡ ਆਈਕੋਨ ਵਿਚ ਚੁੰਨੀ ਕਲਾਂ ਆਇਆ ਹੋਇਆ ਸੀ ਕਿ ਰਾਤ ਕਰੀਬ 1 ਵਜੇ ਦੇ ਕਰੀਬ 10-15 ਬੰਦੇ ਜਬਰਨ ਸਾਡੇ ਘਰ ਦਾਖਲ ਹੋ ਗਏ ਅਤੇ ਦਰਵਾਜਿਆਂ ਦੀ ਭੰਨਤੋੜ ਕਰਨ ਲੱਗੇ। ਇਨ੍ਹਾਂ ‘ਚੋਂ ਦੋ ਮੁਲਾਜ਼ਮ ਪੁਲਿਸ ਚੌਂਕੀ ਚੁੰਨੀ ਦੇ ਸਨ ਅਤੇ ਬਾਕੀ ਉਚ ਅਧਿਕਾਰੀ ਸਨ। ਜਸਵੀਰ ਕੌਰ ਨੇ ਦੱਸਿਆ ਕਿ ਉਹ ਵਿਅਕਤੀ ਉਸਦੇ ਭਰਾ ਨੂੰ ਜਬਰਨ ਚੁੱਕ ਕੇ ਲੈ ਗਏ ਅਤੇ ਉਸਨੂੰ ਕੱਪੜੇ ਵੀ ਨਹੀਂ ਪਾਉਣ ਦਿੱਤੇ। ਜਸਵੀਰ ਕੌਰ ਨੇ ਕਿਹਾ ਕਿ ਇਹ ਸਾਰਾ ਕੰਮ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਬਾਬੇ ਵੱਲੋਂ ਕੀਤਾ ਗਿਆ ਹੈ ਕਿਉਂਕਿ ਸਾਹਿਬ ਸਿੰਘ ਕਾਫੀ ਚਿਰ ਤੋਂ ਬਾਬੇ ਕੋਲ ਰਹਿੰਦਾ ਸੀ ਪਰ ਹੁਣ ਉਸਨੂੰ ਛੱਡਕੇ ਆ ਗਿਆ ਸੀ। ਜਸਵੀਰ ਕੌਰ ਨੇ ਕਿਹਾ ਕਿ ਬਾਬਾ ਹੁਣ ਰੰਜਿਸ਼ ਕੱਢ ਰਿਹਾ ਹੈ। ਇਸ ਮਾਮਲੇ ਸਬੰਧੀ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪਰ ਉਨ੍ਹਾਂ ਦੇ ਸੇਵਕ ਸੁਰਜਨ ਸਿੰਘ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਬਾਰੇ ਕੋਈ ਵੀ ਪਤਾ ਨਹੀਂ। ਇਸ ਤੋਂ ਇਲਾਵਾ ਪੁਲਿਸ ਚੌਂਕੀ ਚੁੰਨੀ ਸੰਪਰਕ ਕੀਤਾ ਤਾਂ ਉਥੇ ਮੌਜੂਦ ਕਰਮਚਾਰੀਆਂ ਨੇ ਕਿਹਾ ਕਿ ਸਾਡੇ ਇਹ ਮਾਮਲਾ ਧਿਆਨ ਵਿਚ ਨਹੀਂ। ਜਦਕਿ ਇਹੀ ਗੱਲ ਬਸੀ ਪਠਾਣਾ ਦੀ ਪੁਲਿਸ ਕਹਿ ਰਹੀ ਹੈ। ਸਿੱਖ ਫਾਰ ਹਿਊਮਨ ਰਾਈਟਸ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੇ ਉਕਤ ਪੀੜਤ ਨੂੰ ਹਮਾਇਤ ਦਿੰਦਿਆਂ ਕਿਹਾ ਕਿ ਇਸ ਮਾਮਲੇ ਸਬੰਧੀ ਹਿਊਮਨ ਰਾਈਟਸ ਵੱਲੋਂ ਵੀ ਕੇਸ ਦਾਇਰ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version