ਸਹਾਰਨਪੁਰ,ਯੂਪੀ (26 ਜੁਲਾਈ 2014): ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮੁਸਲਮਾਨ ਵਿਅਕਤੀਆਂ ਵੱਲੋਂ ਸਿੱਖਾਂ ‘ਤੇ ਕੀਤੇ ਹਿੰਸਕ ਹਮਲੇ ਵਿੱਚ ਦੋ ਸਿੱਖਾਂ ਦੀ ਮੌਤ ਹੋ ਗਈ ਹੈ ਜਦਕਿ ਉੱਨੀ ਵਿਅਕਤੀਆਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਵਕਫ ਬੋਰਡ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਕਾਰ ਪਿਛਲੇ ਸਮੇਂ ਤੋਂ ਜ਼ਮੀਨੀ ਝਗੜਾ ਚੱਲ ਰਿਹਾ ਸੀ, ਜੋ ਕਿ ਪਿਛਲੇ ਦੱਸ ਸਾਲਾਂ ਤੋਂ ਅਦਾਲਤ ਵਿੱਚ ਵਿਚਾਰਅਧੀਨ ਸੀ।ਅਦਾਲਤ ਨੇ ਹੁਣੇ ਹੀ ਉਹ ਫੈਸਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਖ ਵਿੱਚ ਕਰ ਦਿੱਤਾ ਸੀ।
ਅਦਾਲਤੀ ਫੈਸਲੇ ਤੋਂ ਬਾਅਦ ਸਿੱਖਾਂ ਵੱਲੋਂ ਉਸ ਜ਼ਮੀਨ ‘ਤੇ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਿਛਲੀ ਰਾਤ ਕੁਝ ਮੁਸਲਿਮ ਵਿਅਕਤੀਆਂ ਵੱਲੋਂ ਚੱਲ ਰਹੇ ਕੰਮ ਨੂੰ ਰੋਕਣ ਦੀ ਮੰਸ਼ਾ ਨਾਲ ਸਿੱਖਾਂ ‘ਤੇ ਹਮਲਾ ਕਰ ਦਿੱਤਾ।ਪਰ ਅੱਜ ਇਹ ਟਕਰਾਅ ਗੰਭੀਰ ਰੂਪ ਅਖਿਤਿਆਰ ਕਰ ਗਿਆ, ਜਿਸਦੇ ਚੱਲਦਿਆਂ ਪ੍ਰਸ਼ਾਸਨ ਨੇ ਸਹਾਰਨਪੁਰ ਵਿੱਚ ਕਰਫਿਊ ਲਾ ਦਿੱਤਾ।
ਜਾਣਕਾਰੀ ਦੇ ਅਨੁਸਾਰ ਹਿੰਸਕ ਟਕਰਾਅ ਵਿੱਚ ਕਈ ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ।ਦੋਹਾਂ ਧਿਰਾਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਦੌਰਾਨ ਕਈ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਏ।
ਭਰਤ ਵਿੱਚ ਪਿੱਛਲੇੁ ਕੁਝ ਸਮੇਂ ਤੋਂ ਸਿੱਖ-ਮੁਸਲਮਾਨ ਟਕਰਾਅ ਦੀ ਘਟਨਾਵਾਂ ਹੋ ਰਹੀਆਂ ਹਨ। ਸਿੱਖ-ਮੁਸਲਿਮ ਟਕਰਾਅ ਤੋਂ ਚਿੰਤਤ ਕੁਝ ਸ਼ਖਸ਼ੀਅਤਾਂ ਨੇ “ਸਿੱਖ-ਮੁਲਲਿਮ ਸ਼ਾਤੀ ਮਿਸ਼ਨ” ਦੀ ਸਥਾਪਨਾ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਹਿੰਸਕ ਘਟਨਾਵਾਂ ਤੋਂ ਦੋਹਾਂ ਘੱਟ-ਗਿਣਤੀ ਕੌਮਾਂ ਨੂੰ ਬਚਾਇਆ ਜਾ ਸਕੇ।
“ਸਿੱਖ-ਮੁਸਲਿਮ ਸ਼ਾਂਤੀ ਮਿਸ਼ਨ” ਦੇ ਮੈਂਬਰ ਹਰਵਿੰਦਰ ਸਿੰਘ ਨੇ ਅੱਜ ਵਾਪਰੇ ਹਿੰਸਕ ਘਟਨਾਕ੍ਰਮ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।।ਉਨਾਂ ਕਿਹਾ ਕਿ “ਸਿੱਖ ਮੁਸਲਿਮ ਸ਼ਾਂਤੀ ਕਮੇਟੀ” ਦੇ ਦੋਹਾਂ ਕੌਮਾਂ ਨਾਲ ਸਬੰਧਿਤ ਮੈਂਬਰ ਪ੍ਰਭਾਵਿਤ ਖੇਤਰ ਵਿੱਚ ਜਾਕੇ ਦੋਹਾਂ ਕੌਮਾਂ ਦੇ ਆਗੂਆਂ ਨੂੰ ਮਿਲਕੇ ਟਕਰਾਅ ਦਾ ਕਾਰਨ ਬਣੇ ਮਸਲੇ ਨੰਊ ਸੁਲਝਾਉਣ ਦਾ ਯਤਨ ਕਰਨਗੇ।