Site icon Sikh Siyasat News

ਚੋਣਾਂ ਵੇਖ ਕੇ ਬਾਦਲ ਨੂੰ ਸੰਗਤ ਦਰਸ਼ਨ ਚੇਤੇ ਆਏ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (05 ਜਨਵਰੀ, 2010): 4 ਸਾਲ ਲੋਕਾਂ ਦਾ ਕਚੂਮਰ ਕੱਢਣ ਤੋਂ ਬਾਅਦ ਹੁਣ ਅੱਗੇ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਵੇਖਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਗਤ ਦਰਸ਼ਨ ਯਾਦ ਆ ਗਏ ਹਨ ਪਰ ਲੋਕ ਹੁਣ ਬਾਦਲਾਂ ਦੀਆਂ ਚਾਲਾਂ ਵਿਚ ਨਹੀਂ ਆਉਣਗੇ ਸਗੋਂ ਆ ਰਹੀਆਂ ਚੋਣਾਂ ਵਿਚ ਇਸ ਟੋਲੇ ਨੂੰ ਸਬਕ ਸਿਖਾ ਕੇ ਹੀ ਰਹਿਣਗੇ। ਇਹ ਵਿਚਾਰ ਪੇਸ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਇਨ੍ਹਾਂ ਚਾਰ ਸਾਲਾਂ ਦੌਰਾਨ ਇਸ ਸਰਕਾਰ ਨੇ ਪੰਜਾਬ ਦੇ ਹਰ ਵਰਗ ਨੂੰ ਸੁੱਕਣੇ ਪਾਈ ਰੱਖਿਆ।

ਪੰਜਾਬ ਦਾ ਕਿਸਾਨ, ਵਪਾਰੀ ਵਰਗ, ਮੁਲਾਜ਼ਮ ਸਭ ਇਸ ਸਰਕਾਰ ਦਾ ਸੰਤਾਪ ਝਲਦੇ ਆ ਰਹੇ ਹਨ। ਕਿਸਾਨਾਂ ਸਮੇਤ ਮੁਲਾਜ਼ਮਾਂ ਅਤੇ ਹੱਕ ਮੰਗਦੇ ਈ.ਟੀ.ਟੀ. ਅਧਿਆਪਕਾਂ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ 4 ਸਾਲ ਅਧਿਆਪਕਾਂ ਦਾ ਕੁਟਾਪਾ ਕਰਨ ਤੋਂ ਬਾਅਦ ਸ. ਬਾਦਲ ਹੁਣ ਚੋਣਾਂ ਕਾਰਨ ਉਨ੍ਹਾਂ ਨਾਲ ਸਮਝੌਤੇ ਕਰ ਰਹੇ ਹਨ। ਪੰਜਾਬ ਦਾ ਗ਼ਰੀਬ ਵਰਗ ਇਸ ਸਰਕਾਰ ਦੌਰਾਨ ਵਧਦੀ ਮਹਿੰਗਾਈ ਕਾਰਨ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨ ਤੋਂ ਵੀ ਬੇਵਸ ਹੋ ਚੁੱਕਾ ਹੈ। ਇਸ ਸਮੇਂ ਘਿਉ ਪ੍ਰਚੂਨ ਵਿਚ 70 ਤੇ ਸਰ੍ਹੋਂ ਦਾ ਤੇਲ 100 ਰੁਪਏ ਲੀਟਰ ਤੱਕ ਪਹੁੰਚ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਮਹਿੰਗਾਈ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾ ਕੇ ਅਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਪੰਜਾਬ ਸਰਕਾਰ ਹੀ ਕਿਸਾਨਾਂ ਤੋਂ ਪਿਆਜ਼,ਸ਼ਬਜ਼ੀਆਂ ਤੇ ਹੋਰ ਵਸਤਾਂ ਕੌਡੀਆਂ ਦੇ ਭਾਅ ਖਰੀਦ ਕੇ ਵਾਪਸ ਉਨ੍ਹਾਂ ਨੂੰ ਸੋਨੇ ਦੇ ਭਾਅ ਵੇਚਦੀ ਹੈ। ਪੰਜਾਬ ਸਰਕਾਰ ਦੀਆਂ ਅੱਖਾਂ ਦੇ ਸਾਹਮਣੇ ਕਾਲਾ-ਬਾਜ਼ਾਰੀਆਂ ਵਲੋਂ ਰੋਜ਼ਾਨਾਂ ਵਰਤੋਂ ਦੀਆਂ ਵਸਤਾਂ ਨੂੰ ਭੰਡਾਰ ਕਰਕੇ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਮਹਿੰਗਾਈ ਵਧ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version