ਚੰਡੀਗੜ੍ਹ (17 ਫਰਵਰੀ, 2016): ਦਿੱਲੀ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਹਿੰਦੂਤਵੀ ਜੱਥੇਬੰਦੀਆਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਕਾਰਕੂਨਾਂ ਨੇ ਹੁੱਲੜਬਾਜ਼ੀ ਕਰਦਿਆਂ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ. ਪੀ. ਆਈ. ਐਮ.) ਪੰਜਾਬ ਦੇ ਇੱਥੇ ਸਥਿਤ ਦਫ਼ਤਰ ‘ਚੀਮਾ ਭਵਨ’ ‘ਤੇ ਹਮਲਾ ਕਰਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਪੱਥਰ ਮਾਰ ਕੇ ਭਵਨ ਦੇ ਇਕ ਕਮਰੇ ਦਾ ਸ਼ੀਸ਼ਾ ਤੋੜ ਦਿੱਤਾ। ਦੋਵਾਂ ਜੱਥੇਬੰਦੀਆਂ ਦੇ ਕਾਰਕੁੰਨਾਂ ਨੇ ਭਵਨ ਦਾ ਗੇਟ ਤੋੜਨ ਦੀ ਵੀ ਕੋਸ਼ਿਸ਼ ਕੀਤੀ।
ਮਾਰਕਸੀ ਪਾਰਟੀ ਪਿਛਲੇ 2 ਦਿਨਾਂ ਤੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੇ ਵਿਦਿਆਰਥੀ ਪ੍ਰਧਾਨ ਕਨੱਹਈਆ ਕੁਮਾਰ ਖਿਲਾਫ਼ ਦਰਜ ਕੀਤੇ ਦੋਸ਼-ਧੋ੍ਰਹ ਦੇ ਕੇਸ ਦਾ ਵਿਰੋਧ ਕਰ ਰਹੀ ਸੀ।ਇਸੇ ਗੱਲ ਨੂੰ ਲੈ ਕੇ ਅੱਜ 40 ਕੁ ਦੇ ਕਰੀਬ ਕਾਰਕੁੰਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਜੈ ਸਿੰਘ ਭਾਰਦਵਾਜ ਦੀ ਅਗਵਾਈ ‘ਚ ਚੀਮਾ ਭਵਨ ਬਾਹਰ ਪੁੱਜੇ ਤੇ ਪਾਰਟੀ ਖਿਲਾਫ਼ ਪ੍ਰਦਰਸ਼ਨ ਕੀਤਾ।
ਕਾਰਕੁੰਨਾਂ ਨੇ ਖੱਬੀਆਂ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਪ੍ਰਕਾਸ਼ ਕਰਾਤ, ਸੀਤਾ ਰਾਮ ਯੇਚੁਰੀ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ, ਰਾਹੁਲ ਗਾਂਧੀ ਤੇ ਅਫ਼ਜਲ ਗੁਰੂ ਦੇ ਪੋਸਟਰਾਂ ‘ਤੇ ਕਾਲਖ ਲਾ ਕੇ ਭਵਨ ਦੇ ਬਾਹਰ ਉਨ੍ਹਾਂ ਦੇ ਪੋਸਟਰ ਫੂਕੇ।
ਇਸ ਘਟਨਾਕ੍ਰਮ ਨੂੰ ਖੱਬੇ ਪੱਖੀ ਪਾਰਟੀਆਂ ‘ਤੇ ਹਮਲਾ ਕਰਾਰ ਦਿੰਦਿਆਂ ਇਨ੍ਹਾਂ ਪਾਰਟੀਆਂ ਨੇ ਕੱਲ੍ਹ ਦੁਪਹਿਰ 1 ਵਜੇ ਚੀਮਾ ਭਵਨ ਵਿਖੇ ਸਾਂਝੀ ਹੰਗਾਮੀ ਬੈਠਕ ਸੱਦੀ ਹੈ।ਮਾਰਕਸੀ ਪਾਰਟੀ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੂਨਾਥ ਸਿੰਘ ਨੇ ਦੋਸ਼ ਲਾਇਆ ਕਿ ਦੋਵਾਂ ਜੱਥੇਬੰਦੀਆਂ ਦੇ ਹੁੱਲੜਬਾਜ਼ਾਂ ਨੇ ਭਵਨ ‘ਚ ਕਈ ਪੱਥਰ ਮਾਰੇ।
ਉਨ੍ਹਾਂ ਕਿਹਾ ਕਿ ਜੇ ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਹੁੱਲੜਬਾਜ਼ਾਂ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਖੱਬੀਆਂ ਪਾਰਟੀਆਂ ਮਿਲ ਕੇ ਤਿੱਖਾ ਸੰਘਰਸ਼ ਵਿੱਢ ਦੇਣਗੀਆਂ।ਇਸ ਘਟਨਾਕ੍ਰਮ ਨੂੰ ਲੈ ਕੇ ਸੀਨੀਅਰ ਕਮਿਊਨਿਸਟ ਨੇਤਾਵਾਂ ਨੇ ਭਾਜਪਾ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ।ਕਾਮਰੇਡ ਰਘੁਨਾਥ ਸਿੰਘ, ਸੂਬਾ ਸਕੱਤਰ ਚਰਨ ਸਿੰਘ ਵਿਰਦੀ ਅਤੇ ਮਾਰਕਸੀ ਪਾਰਟੀ ਪੰਜਾਬ ਦੇ ਸਾਬਕਾ ਸਕੱਤਰ ਬਲਵੰਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਭਾਜਪਾ ਤੋਂ ‘ਦੇਸ਼-ਪ੍ਰੇਮੀ’ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਮਾਰਕਸੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਵੀ ਘਟਨਾਕ੍ਰਮ ਦੀ ਨਿੰਦਾ ਕੀਤੀ ਹੈ।
ਸਥਿਤੀ ਬੇਕਾਬੂ ਹੁੰਦੀ ਵੇਖ ਚੰਡੀਗੜ੍ਹ ਪੁਲਿਸ ਨੇ ਜ਼ੋਰ-ਅਜ਼ਮਾਇਸ਼ ਕੀਤੀ ਤੇ ਕਾਰਕੁੰਨਾਂ ਨੂੰ ਭਵਨ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਪਰ ਪੁਲਿਸ ਵੱਲੋਂ ਕਿਸੇ ਵੀ ਕਾਰਕੁੰਨ ਦੀ ਗਿ੍ਫ਼ਤਾਰੀ ਨਹੀਂ ਕੀਤੀ ਗਈ।