ਸਿਆਸੀ ਖਬਰਾਂ

ਮਾਲੇਗਾਂਓ ਧਮਾਕਾ: ਸਾਧਵੀ ਪ੍ਰਗਿਆ ਠਾਕੁਰ ਨੂੰ ਮਿਲੀ ਜ਼ਮਾਨਤ

By ਸਿੱਖ ਸਿਆਸਤ ਬਿਊਰੋ

April 26, 2017

ਮੁੰਬਈ: 2008 ‘ਚ ਹੋਏ ਮਾਲੇਗਾਂਓ ਧਮਾਕੇ ਦੇ ਮਾਮਲੇ ‘ਚ ਬੰਬੇ ਹਾਈਕੋਰਟ ਨੇ ਸਾਧਵੀ ਪ੍ਰਗਿਆ ਠਾਕੁਰ ਨੂੰ ਜ਼ਮਾਨਤ ਦੇ ਦਿੱਤੀ ਹੈ। ਜਦਕਿ ਕਰਨਲ ਪੁਰੋਹਿਤ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸਤੋਂ ਪਹਿਲਾਂ ਜਾਂਚ ਏਜੰਸੀ ਐਨ.ਆਈ.ਏ. ਸਾਧਵੀ ਪ੍ਰਗਿਆ ਠਾਕੁਰ ਨੂੰ ਆਪਣੀ ਜਾਂਚ ‘ਚ ਕਲੀਨ ਚਿੱਟ ਦੇ ਚੁੱਕੀ ਹੈ। ਐਨ.ਆਈ.ਏ. ਦਾ ਦਾਅਵਾ ਹੈ ਕਿ ਸਾਧਵੀ ਪ੍ਰਗਿਆ ਦੇ ਖਿਲਾਫ ਮੁਕੱਦਮਾ ਚਲਾਉਣ ਲਾਇਕ ਸਬੂਤ ਨਹੀਂ ਹਨ।

ਐਨ.ਆਈ.ਏ. ਦੇ ਮੁਤਾਬਕ ਜਿਸ ਮੋਟਰ ਸਾਈਕਲ ਕਾਰਨ ਸਾਧਵੀ ਪ੍ਰਗਿਆ ‘ਤੇ ਇਲਜ਼ਾਮ ਲੱਗੇ ਸੀ ਉਹ ਸਾਧਵੀ ਦੇ ਨਾਂ ‘ਤੇ ਹੀ ਸੀ ਪਰ ਧਮਾਕੇ ਤੋਂ ਬਹੁਤ ਪਹਿਲਾਂ ਹੀ ਫਰਾਰ ਰਾਮ ਜੀ ਕਾਲਸਾਂਗਰਾ ਉਸਨੂੰ ਇਸਤੇਮਾਲ ਕਰ ਰਿਹਾ ਸੀ।

ਐਨ.ਆਈ.ਏ. ਦੇ ਮੁਤਾਬਕ ਕਰਨਲ ਪੁਰੋਹਿਤ ਨੇ ਹੀ ਸਾਲ 2006 ‘ਚ ਅਭਿਨਵ ਭਾਰਤ ਨਾਂ ਦੀ ਜਥੇਬੰਦੀ ਕਾਇਮ ਕੀਤੀ। ਜਥੇਬੰਦੀ ਦੇ ਨਾਂ ‘ਤੇ ਕਾਫੀ ਪੈਸੇ ਇਕੱਠੇ ਕੀਤੇ ਅਸਦੇ ਜ਼ਰੀਏ ਹਥਿਆਰ ਅਤੇ ਬਾਰੂਦ ਦਾ ਇੰਤਜ਼ਾਮ ਕੀਤਾ ਕੀਤਾ। 25 ਅਤੇ 26 ਜਨਵਰੀ 2008 ਨੂੰ ਫਰੀਦਾਬਾਦ ਦੀ ਮੀਟਿੰਗ ‘ਚ ਕਰਨਲ ਨੇ ਹਿੰਦੂ ਰਾਸ਼ਟਰ ਦੇ ਸੰਵਿਧਾਨ ਅਤੇ ਭਗਵਾ ਝੰਡੇ ਦਾ ਮਤਾ ਰੱਖਿਆ ਸੀ। ਉਸ ਮੀਟਿੰਗ ‘ਚ ਮੁਸਲਮਾਨਾਂ ਤੋਂ ਬਦਲਾ ਲੈਣ ਦੀ ਵੀ ਚਰਚਾ ਹੋਈ ਸੀ।

ਐਨ.ਆਈ.ਏ. ਮੁਤਾਬਕ ਉਸਤੋਂ ਬਾਅਦ ਅਪ੍ਰੈਲ 2008 ‘ਚ ਭੋਪਾਲ ‘ਚ ਹੋਈ ਗੁਪਤ ਮੀਟਿੰਗ ‘ਚ ਮਾਲੇਗਾਂਓ ‘ਚ ਬੰਬ ਧਮਾਕਾ ਕਰਾਉਣ ਦੀ ਚਰਚਾ ਹੋਈ। ਐਫ.ਐਸ.ਐਲ ਦੀ ਰਿਪੋਰਟ ‘ਚ ਅਰੋਪੀ ਸੁਧਾਕਰ ਦਿਵੇਦੀ ਦੇ ਲੈਪਟਾਪ ‘ਚ ਰਿਕਾਰਡ ਆਵਾਜ਼ ਕਰਨਲ ਪੁਰੋਹਿਤ, ਸੁਧਾਕਰ ਦਿਵੇਦੀ ਅਤੇ ਰਮੇਸ਼ ਉਪਾਧਿਆਏ ਦੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਧਮਾਕੇ ਤੋਂ ਬਾਅਦ ਕਰਨਲ ਪੁਰੋਹਿਤ ਅਤੇ ਰਮੇਸ਼ ਉਪਾਧਿਆਏ ਦੇ ਵਿਚਕਾਰ ਗੱਲਬਾਤ ਵੀ ਇੰਟਰਸੈਪਟ ਹੋਈ। ਜਿਸ ਵਿਚ ਕਰਨਲ ਆਪਸੀ ਗੱਲਬਾਤ ਲਈ ਵੱਖਰੇ ਸਿਮ ਇਸਤੇਮਾਲ ਕਰਨ ਲਈ ਕਹਿ ਰਿਹਾ ਹੈ ਅਤੇ ਗੱਲਬਾਤ ਦੌਰਾਨ ਹੁਸ਼ਿਆਰ ਰਹਿਣ ਲਈ ਕਹਿ ਰਿਹਾ ਹੈ ਜੋ ਉਨ੍ਹਾਂ ਦੇ ਮਨ ‘ਚ ਛੁਪੇ ‘ਅਪਰਾਧ ਦੇ ਅਹਿਸਾਸ’ ਨੂੰ ਉਜਾਗਰ ਕਰਦਾ ਹੈ।

ਪ੍ਰਗਿਆ ਠਾਕੁਰ ਦੀ ਗ੍ਰਿਫਤਾਰ ਤੋਂ ਬਾਅਦ ਕਰਨਲ ਪੁਰੋਹਿਤ ਨੇ ਅਰੋਪੀ ਸਮੀਰ ਕੁਲਕਰਣੀ ਨੂੰ ਐਸ.ਐਮ.ਐਸ. ‘ਤੇ ਦੱਸਿਆ ਕਿ ਪੁਣੇ ‘ਚ ਉਸਦੇ ਘਰ ਏ.ਟੀ.ਐਸ. ਆਈ ਸੀ। ਕਰਨਲ ਨੇ ਉਸਨੂੰ ਮੋਬਾਈਲ ਤੋਂ ਸਾਰੇ ਨੰਬਰ ਉਸੇ ਵੇਲੇ ਡਿਲੀਟ ਕਰਨ ਅਤੇ ਭੋਪਾਲ ਛੱਡਣ ਲਈ ਕਿਹਾ ਸੀ।

ਕਰਨਲ ‘ਤੇ ਧਮਾਕੇ ਲਈ ਆਰ.ਡੀ.ਐਸ. ਦੇ ਇੰਤਜ਼ਾਮ ਅਤੇ ਸਪਲਾਈ ਕਰਨ ਦਾ ਵੀ ਦੋਸ਼ ਹੈ। 29 ਸਤੰਬਰ 2008 ਨੂੰ ਮਾਲੇਗਾਂਓ ‘ਚ ਹੋਏ ਧਮਾਕੇ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ। ਮਹਾਰਾਸ਼ਟਰ ਏ.ਟੀ.ਐਸ. ਨੇ ਆਪਣੀ ਜਾਂਚ ‘ਚ ਪ੍ਰਗਿਆ ਠਾਕੁਰ ਸਣੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ‘ਚ ਜਾਂਚ ਐਨ.ਆਈ.ਏ. ਨੂੰ ਸੌਂਪ ਦਿੱਤੀ ਗਈ ਸੀ। ਐਨ.ਆਈ.ਏ. ਨੇ ਕਿਹਾ ਕਿ ਸਾਧਵੀ ਪ੍ਰਗਿਆ ਠਾਕੁਰ ਸਣੇ 6 ਲੋਕਾਂ ‘ਤੇ ਮੁਕੱਦਮਾ ਚੱਲਣ ਲਾਇਕ ਸਬੂਤ ਨਹੀਂ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Sadhvi Pragya Thakur gets Bail in Malegaon Blast Case …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: