ਫਤਿਹਗੜ੍ਹ ਸਾਹਿਬ: “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਦੇ 117 ਹਲਕਿਆਂ ਉਤੇ 2017 ਵਿਚ ਹੋਣ ਵਾਲੀਆਂ ਚੋਣਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਇਹ ਉਮੀਦਵਾਰ “ਗੱਡਾ” ਦੇ ਚੋਣ ਨਿਸ਼ਾਨ ਉਤੇ ਲੜ੍ਹਨਗੇ। ਜੋ ਕੌਮੀ ਪਾਰਟੀਆਂ ਨਾਲ ਸੀਟਾਂ ਦੀ ਲੈਣ-ਦੇਣ ਦੀ ਗੱਲ ਚੱਲ ਰਹੀ ਹੈ, ਉਹਨਾਂ ਨਾਲ ਵੀ ਘੱਟੋ-ਘੱਟ ਪ੍ਰੋਗਰਾਮ ਤਹਿਤ ਚੋਣ ਸਮਝੋਤਾ ਹੋਣ ਦੀ ਸੰਭਾਵਨਾ ਹੈ। ਉਹਨਾਂ ਕੌਮੀ ਪਾਰਟੀਆਂ ਦੇ ਉਮੀਦਵਾਰ ਜੇਕਰ ਚਾਹੁੰਣ ਤਾਂ ਉਹ ਚੋਣ ਨਿਸ਼ਾਨ ਗੱਡਾ ‘ਤੇ ਵੀ ਚੋਣ ਲੜ੍ਹ ਸਕਦੇ ਹਨ ਜਾਂ ਫਿਰ ਆਪਣੀ ਕੌਮੀ ਪਾਰਟੀ ਦੇ ਨਿਸ਼ਾਨ ‘ਤੇ ਵੀ। ਹਮ ਖਿਆਲ ਜਥੇਬੰਦੀਆਂ ਦੇ ਪੰਥਕ ਫਰੰਟ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ 22 ਦਸੰਬਰ ਨੂੰ ਚੰਡੀਗੜ੍ਹ ਵਿਖੇ ਸਾਂਝੀ ਲੀਡਰਸ਼ਿਪ ਵਲੋਂ ਜਾਰੀ ਕੀਤੀ ਜਾਵੇਗੀ।”
ਇਹ ਫੈਸਲਾ ਬੀਤੇ ਦਿਨੀਂ 15 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਜਥੇਬੰਦੀਆਂ ਦੀ ਇਕ ਮੀਟਿੰਗ ਵਿਚ ਹੋਇਆ। ਇਸ ਦੇ ਨਾਲ ਹੀ 17 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਇਕ ਮੀਟਿੰਗ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਹੋਈ ਸੀ, ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਲਈ 6 ਮੈਂਬਰੀ ਪਾਰਲੀਮੈਂਟ ਬੋਰਡ ਦਾ ਗਠਨ ਕਰਨ ਦੇ ਨਾਲ-ਨਾਲ 6 ਮੈਂਬਰੀ ਚੋਣ ਮੈਨੀਫੈਸਟੋ ਕਮੇਟੀ ਦਾ ਵੀ ਗਠਨ ਕੀਤਾ ਗਿਆ।
ਪਾਰਲੀਮੈਂਟ ਬੋਰਡ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਕੁਸਲਪਾਲ ਸਿੰਘ ਮਾਨ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਸੁਰਜੀਤ ਸਿੰਘ ਕਾਲਾਬੂਲਾ (ਪੰਜੇ ਜਰਨਲ ਸਕੱਤਰ) ਅਤੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੋਣਗੇ। ਇਸ ਦੇ ਨਾਲ ਹੀ “ਸਰਬੱਤ ਖਾਲਸਾ ਜਥੇਬੰਦੀਆਂ” ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਆਪਣੇ ਪਾਰਲੀਮੈਂਟ ਬੋਰਡ ਦਾ ਐਲਾਨ ਕਰ ਦੇਣ। ਇਸ ਤੋਂ ਇਲਾਵਾ ਸਮੁੱਚੇ ਪੰਜਾਬੀਆਂ ਦੀ ਬਿਹਤਰੀ ਲਈ ਚੋਣ ਮਨੋਰਥ ਪੱਤਰ ਕਮੇਟੀ ਦਾ ਵੀ ਐਲਾਨ ਕੀਤਾ ਜਾਂਦਾ ਹੈ। ਜਿਸ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਕੁਸਲਪਾਲ ਸਿੰਘ ਮਾਨ, ਪ੍ਰੋ. ਮਹਿੰਦਰਪਾਲ ਸਿੰਘ (ਤਿੰਨੋ ਜਰਨਲ ਸਕੱਤਰ), ਸ੍ਰੀ ਨਵਦੀਪ ਗੁਪਤਾ ਮੈਂਬਰ ਸਿਆਸੀ ਮਾਮਲਿਆਂ ਦੀ ਕਮੇਟੀ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਗੁਰਜੋਤ ਸਿੰਘ ਯੂਥ ਪ੍ਰਧਾਨ ਕੈਨੇਡਾ ਹੋਣਗੇ।
ਇਹ ਚੋਣ ਮਨੋਰਥ ਪੱਤਰ ਕਮੇਟੀ 15 ਦਿਨਾਂ ਦੇ ਵਿਚ-ਵਿਚ ਚੋਣ ਮੈਨੀਫੈਸਟੋ ਤਿਆਰ ਕਰਕੇ ਪਾਰਟੀ ਪ੍ਰਧਾਨ ਨੂੰ ਸੌਂਪੇਗੀ, ਉਪਰੰਤ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਚੋਣ ਕਮਿਸ਼ਨ ਵਲੋਂ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸਹੀ ਸਮੇਂ ਤੇ ਜਾਰੀ ਕਰਨਗੇ।