ਚੰਡੀਗੜ੍ਹ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਈ ਦਿਲਾਵਾਰ ਸਿੰਘ ਹੁਰਾਂ ਨੇ ਸ਼ਹਾਦਤ ਦੇ ਕੇ ਪਾਪੀ ਬੇਅੰਤ ਨੂੰ ਸਜਾ ਦਿੱਤੀ ਅਤੇ ਜੰਗਲ ਰਾਜ ਦੇ ਖਾਤਮੇ ਦਾ ਮੁੱਢ ਬੰਨ੍ਹਿਆ। ਸਿੱਖੀ ਉੱਪਰ ਹਾਵੀ ਮਲਕ ਭਾਗੋਆਂ ਦੇ ਅਜੋਕੇ ਵਾਰਿਸ ਲਗਾਤਾਰ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਬਚਾਉਂਦੇ ਰਹੇ। ਬਾਦਲ-ਭਾਜਪਾ ਦੀ ਸਰਕਾਰ ਪੂਰੇ 15 ਸਾਲ ਪੰਜਾਬ ਵਿੱਚ ਰਹੀ ਪਰ ਇੱਕ ਵੀ ਝੂਠਾ ਮੁਕਾਬਲਾ ਪੰਜਾਬ ‘ਚ ਨਜ਼ਰ ਨਾ ਆਇਆ।
ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਿਲਾਂ ਨੂੰ ਬਚਾਉਣ ਵਾਲੇ ਅਕਾਲ ਤਖਤ ਸਾਹਿਬ ਤੋਂ ਹੀ “ਫਖਰ-ਏ-ਕੌਮ” ਨਾਲ ਸਨਮਾਨਿਤ ਹੁੰਦੇ ਰਹੇ। ਕੈਪਟਨ ਅਮਰਿੰਦਰ ਸਿੰਘ ਵਰਗੇ ਜਿਨ੍ਹਾਂ ਨੇ 21 ਸਿੱਖਾਂ ਨੂੰ ਉਸ ਵੇਲੇ ਦੇ ਭਾਰਤੀ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਾਇਆ ਅਤੇ ਮੁੱਖ ਮੰਤਰੀ ਬੇਅੰਤ ਦੀ ਸਰਕਾਰ ਨੇ ਦਸੰਬਰ 1992 ਵਿੱਚ ਉਨ੍ਹਾਂ ਸਿੱਖਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਕਤਲ ਕਰ ਦਿੱਤਾ, ਕੈਪਟਨ ਉਨ੍ਹਾਂ ਦੇ ਨਾਂ ਨਸ਼ਰ ਕਰਨ ‘ਚ ਅਸਫਲ ਰਿਹਾ ਹੈ।
ਸਬੰਧਤ ਖ਼ਬਰ: ਕੈਪਟਨ ਸਰਕਾਰ: ‘ਹਰ ਘਰ ਇਕ ਨੌਕਰੀ’ ਦੀ ਸ਼ੁਰੂਆਤ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਤੋਂ ਹੋਈ …
ਜਾਰੀ ਪ੍ਰੈਸ ਬਿਆਨ ‘ਚ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਕਿਹਾ ਕਿ ਹਿੰਦੂਤਵੀ ਰਾਜਨੀਤੀ ਨੇ 1947 ਵਿੱਚ ਪੰਜਾਬ ਸਣੇ ਭਾਰਤੀ ਮਹਾਂਦੀਪ ‘ਚ ਵੰਡ ਕਰਾ ਕੇ ਮਨੁੱਖਤਾ ਦਾ ਭਾਰੀ ਕਤਲੇਆਮ ਕਰਾਇਆ। ਬਾਅਦ ਵਿੱਚ ਇਸੇ ਰਾਜਨੀਤੀ ਕਾਰਨ ਦਰਬਾਰ ਸਾਹਿਬ ‘ਤੇ ਹਮਲਾ ਹੋਇਆ, ਨਵੰਬਰ 1984 ‘ਚ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਸ਼ਹਿ ਦੇ ਭਾਰਤ ਦੀ ਰਾਜਧਾਨੀ ਦਿੱਲੀ ਸਣੇ ਹੋਰ ਸ਼ਹਿਰਾਂ ‘ਚ ਸਿੱਖਾਂ ਦਾ ਕਤਲੇਆਮ ਹੋਇਆ, ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਏ, ਉਪਰੰਤ ਯੋਜਨਾਬੱਧ ਤਰੀਕੇ ਨਾਲ ਨਸ਼ਿਆਂ ਰਾਹੀਂ ਪੰਜਾਬ ਦੀ ਨੌਜਵਾਨੀ ਦੀ ਤਬਾਹੀ ਕੀਤੀ ਗਈ, ਕਿਸਾਨ ਖੁਦਕੁਸ਼ੀਆਂ ਰਾਹੀਂ ਪੰਜਾਬ ਬਰਬਾਦ ਹੋਇਆ।
ਰਹਿੰਦੀ-ਖੂੰਹਦੀ ਕਸਰ ਨਾਗਪੁਰੀ ਰਾਜਨੀਤੀ ਨੇ ਪੰਜਾਬ ਨੂੰ ਡੇਰਾਵਾਦ ਦੀ ਭੇਟ ਚੜ੍ਹਾ ਕੇ ਪੂਰੀ ਕਰ ਦਿੱਤੀ। ਬਾਦਲ ਅਤੇ ਕੈਪਟਨ ਇਸ ਰਾਜਨੀਤੀ ਦੀਆਂ ਕਠਪੁਤਲੀਆਂ ਬਣ ਕੇ ਨੱਚਦੇ ਰਹੇ ਅਤੇ ਪੰਜਾਬ ਬੁਰੀ ਤਰ੍ਹਾਂ ਲੁੱਟਿਆ ਅਤੇ ਕੁੱਟਿਆ ਗਿਆ। ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਰਾਮ ਰਹੀਮ ਆਰ.ਐਸ.ਐਸ. ਦਾ ਦੇਸ਼ ਭਗਤ ਸਾਧ ਸੀ। ਇਸੇ ਕਾਰਨ ਉਸਦੇ ਬਲਾਤਕਾਰੀ ਅਤੇ ਸਿੱਖੀ ਵਿਰੋਧੀ ਕਾਰੇ ਜਗ ਜਾਹਿਰ ਹੋਣ ਕਾਰਨ ਭਾਰਤੀ ਪ੍ਰਧਾਨ ਮੰਤਰੀ ਮੋਦੀ ਤੱਕ ਉਸਦੇ ਕੰਮਾਂ ਦੀ ਸ਼ਲਾਘਾ ਕਰਦੇ ਰਹੇ। ਭਾਜਪਾ ਦੇ ਸੰਸਦ ਮੈਂਬਰ ਅਤੇ ਖੱਟੜ ਸਰਕਾਰ ਉਸਦੀ ਹਮਾਇਤ ਵਿੱਚ ਆਏ। ਕਾਂਗਰਸੀ ਅਤੇ ਬਾਦਲਕੇ ਉਸਦੇ ਡੇਰੇ ‘ਤੇ ਜਾ ਕੇ ਉਸਦੇ ਜੈ-ਜੈ ਕਾਰ ਕਰਦੇ ਰਹੇ। ਉਨ੍ਹਾਂ ਆਖਿਰ ਵਿੱਚ ਕਿਹਾ ਕਿ ਸਮੁੱਚੇ ਡੇਰੇ ਨਾਲ ਜੁੜੇ ਦੱਬੇ ਕੁਚਲੇ ਲੋਕ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਤਾਂ ਕਿ ਸਿੱਖੀ ਉੱਪਰ ਹਾਵੀ ਮਲਕ ਭਾਗੋਆਂ ਨੂੰ ਹਾਰ ਦਿੱਤੀ ਜਾ ਸਕੇ।