Site icon Sikh Siyasat News

ਸ੍ਰ. ਅਜਮੇਰ ਸਿੰਘ ਅਤੇ ਸ੍ਰ. ਜਸਪਾਲ ਸਿੰਘ ਸਿੱਧੂ ਦੀਆਂ ਕਿਤਾਬਾਂ ਜਾਰੀ ਕੀਤੀਆਂ ਗਈਆਂ

ਕੈਲਗਰੀ (3 ਅਗਸਤ , 2015): ਰੈਡੀਸਨ ਹੋਟਲ ਦੇ ਵਿਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਸਮੇਂ ਸਿੱਖ ਵਿਦਵਾਨ ਸ: ਅਜਮੇਰ ਸਿੰਘ ਦੀ ਕਿਤਾਬ “ਤੀਜ਼ੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ” ਅਤੇ ਸਾਬਕਾ ਪੱਤਰਕਾਰ ਸ: ਜਸਪਾਲ ਸਿੰਘ ਦੀ ‘ਇੰਬੈੱਡ ਪੱਤਰਕਾਰੀ’ ਕਿਤਾਬ ਜਾਰੀ ਕੀਤੀ ਗਈ।

ਸ: ਅਜਮੇਰ ਸਿੰਘ ਨੇ ਗੁਰੂਆਂ ਦੀ ਸ਼ਹਾਦਤ ਦੀ ਗੱਲ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਤੋਂ ਸ਼ਹਾਦਤ ਸ਼ੁਰੂ ਹੁੰਦੀ ਹੈ। ਉਨ੍ਹਾਂ ਆਪਣੀ ਲਿਖੀ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਪੱਛਮੀ ਸਭਿਆਚਾਰਕ ਸਮਾਜਾਂ (Civic Societies)) ਦਾ ਲੋਕ ਰਾਜ ਦਾ ਵਿਕਸਤ ਸੰਕਲਪ ਜਦੋਂ ਵਰਣ ਵੰਡ ‘ਤੇ ਅਧਾਰਤ ਭਾਰਤੀ ਬਹੁਗਿਣਤੀ ‘ਤੇ ਲਾਗੂ ਕੀਤਾ ਜਾਂਦਾ ਹੈ ਤਾਂ ਉਹ ਉਸ ਬਹੁਗਿਣਤੀ ਨੂੰ ਰਾਜ ਭਾਗ ਸੌਂਪਦਾ ਹੈ ਜੋ ਕਿ ਘੱਟ ਗਿਣਤੀਆਂ ਦੇ ਸਰਬਨਾਸ਼ (Genocide) ਵਿਚ ਹੀ ਆਪਣਾ ਬੋਲ ਬਾਲਾ ਸਮਝਦਾ ਹੈ ਪਰ ਇਸ ਅਨਿਆਂ ਅਤੇ ਜ਼ੁਲਮ ਦੇ ਖਿਲਾਫ ਸਿੱਖ ਮਰਜੀਵੜਿਆਂ ਵਲੋਂ ਲੜੇ ਜਾ ਰਹੇ ਅਜ਼ਾਦੀ ਦੇ ਅੰਦੋਲਨ ਨੂੰ ਅਖੌਤੀ ਅਗਾਂਹ ਵਧੂ ਲੇਖਕ ਅਤੇ ਖੱਬੇ ਪੱਖੀ ਲੋਕ ਅੰਧਾਧੁੰਦ ਫਿਰਕੂ, ਰਾਖਸ਼ੀ, ਦੇਸ਼ ਧ੍ਰੋਹੀ, ਵੱਖਵਾਦੀ ਅਤੇ ਅਤੰਕਵਾਦੀ ਦੇ ਫਤਵੇ ਜਾਰੀ ਕਰਦੇ ਹੋਏ ਜ਼ਾਲਮ ਹਾਕਮ ਜਮਾਤ ਦੇ ਹੱਕ ਵਿਚ ਜਾ ਖੜ੍ਹਦੇ ਹਨ ਜਿਸ ਨੇ ਕਿ ਬਖਸ਼ਣਾਂ ਕਿਸੇ ਨੂੰ ਵੀ ਨਹੀਂ ।

ਕਿਤਾਬਾਂ ਜਾਰੀ ਕਰਦੇ ਹੋਏ ਸ਼੍ਰ. ਅਜਮੇਰ ਸਿੰਘ ਅਤੇ ਹੋਰ

 

ਸਮਾਗਮ ਵਿੱਚ ਹਾਜ਼ਰ ਸਰੋਤੇ

ਉਨ੍ਹਾਂ ਕਿਹਾ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਭਾਰਤੀ ਫ਼ੌਜ ਦਾ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ, ਜਿਸ ਦੀ ਚੀਸ ਸਿੱਖ ਚੇਤਨਾ ਦਾ ਹਿੱਸਾ ਬਣ ਗਈ ਹੈ ਅਤੇ ਹਥਲੀ ਪੁਸਤਕ ਤੀਜੇ ਘੱਲੂਘਾਰੇ ਤੋਂ ਬਾਅਦ ਭਾਰਤੀ ਹਾਕਮਾਂ ਵੱਲੋਂ ਸਿੱਖ ਕੌਮ ਨੂੰ ਸਿਧਾਂਤਕ ਤੌਰ ’ਤੇ ਨਿਹੱਥਾ ਕਰਨ ਲਈ ਚਲਾਈ ਗਈ ਸਿਧਾਂਤਕ ਮੁਹਿੰਮ ਦੇ ਖ਼ਤਰਨਾਕ ਖ਼ਾਸੇ ਤੇ ਵਿਨਾਸ਼ਕਾਰੀ ਅਸਰਾਂ ਦੀ ਟੋਹ ਲਾਉਣ ਦਾ ਉਪਰਾਲਾ ਹੈ।

ਇਸ ਸਮੇਂ ਸ: ਜਸਪਾਲ ਸਿੰਘ ਸਿੱਧੂ ਸਾਬਕਾ ਪੱਤਰਕਾਰ ਯੂ. ਐਨ. ਆਈ. ਹੁਰਾਂ ਸੰਬੋਧਨ ਕਰਦਿਆਂ ਪੱਤਰਕਾਰੀ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਸੰਨ 1984 ਸਮੇਂ ਵੱਖ-ਵੱਖ ਅਖਬਾਰਾਂ ਅਤੇ ਪੱਤਰਕਾਰਾਂ ਵੱਲੋਂ ਨਿਭਾਈ ਗਈ ਭੂਮਿਕਾ ਦਾ ਆਏ ਲੋਕਾਂ ਨੂੰ ਗਿਆਨ ਕਰਵਾਇਆ।

ਸਮਾਗਮ ਦਾ ਦ੍ਰਿਸ਼

 

ਸਮਾਗਮ ਦੀ ਇੱਕ ਹੋਰ ਤਸਵੀਰ

ਉਨ੍ਹਾਂ ਕਿਹਾ ਕਿ ਉਸ ਸਮੇਂ ਹਰ ਮੀਡੀਆ ਆਪਣੀ-ਆਪਣੀ ਬੋਲੀ ਬੋਲਦਾ ਸੀ। ਇਸ ਸਮੇਂ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।

 ਇਸ ਸਮੇਂ ਸ: ਮਨਮੀਤ ਸਿੰਘ ਭੁੱਲਰ ਵਿਧਾਇਕ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਸਿੱਖੀ ਨੂੰ ਸੰਭਾਲਣ ਅਤੇ ਆਪਣੀ ਹੋਂਦ ਕਾਇਮ ਰੱਖਣ ਦੀ ਲੋੜ ਹੈ। ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਕੱਤਰ ਭਾਈ ਰਣਬੀਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸ: ਬੀਰ ਸਿੰਘ ਚੌਹਾਨ ਨੇ ਬਾਖੂਬੀ ਨਿਭਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version