ਕੋਲਕਾਤਾ: ਆਰ.ਐਸ.ਐਸ ਨੂੰ ਭਾਰਤ ਦਾ ਸਭ ਤੋਂ ਖਤਰਨਾਕ ਅਤੇ ਨੰਬਰ 1 ਅੱਤਵਾਦੀ ਸੰਗਠਨ ਦੱਸਦਿਆਂ ਮਹਾਰਾਸ਼ਟਰ ਪੁਲਿਸ ਦੇ ਸਾਬਕਾ ਆਈ.ਜੀ ਐਮ.ਮੁਸ਼ਰਿਫ ਨੇ ਵੀਰਵਾਰ ਨੂੰ ਇੱਕ ਸਮਾਗਮ ਦੌਰਾਨ ਕਿਹਾ ਕਿ ਭਾਰਤ ਵਿੱਚ ਘੱਟੋ ਘੱਟ 13 ਅੱਤਵਾਦੀ ਹਮਲਿਆਂ ਵਿੱਚ ਆਰ.ਐਸ.ਐਸ ਦੇ ਵਰਕਰ ਸ਼ਾਮਿਲ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਮੁਸ਼ਰਿਫ ਨੇ ਕਿਹਾ ਕਿ ਘੱਟੋ ਘੱਟ 13 ਕੇਸ ਅਜਿਹੇ ਹਨ ਜਿਨ੍ਹਾਂ ਵਿੱਚ ਆਰ.ਡੀ.ਐਕਸ ਦੀ ਵਰਤੋਂ ਕੀਤੀ ਗਈ ਤੇ ਉਨ੍ਹਾਂ ਕੇਸਾਂ ਵਿੱਚ ਆਰ.ਐਸ.ਐਸ ਦੇ ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਆਰ.ਐਸ.ਐਸ ਦੀਆਂ ਸਹਿਯੋਗੀ ਜਥੇਬੰਦੀਆਂ ਜਿਵੇਂ ਬਜਰੰਗ ਦਲ ਨੂੰ ਵੀ ਸ਼ਾਮਿਲ ਕੀਤਾ ਜਾਵੇ ਤਾਂ ਅਜਿਹੇ ਅੱਤਵਾਦੀ ਹਮਲਿਆਂ ਦੀ ਗਿਣਤੀ 17 ਤੱਕ ਪਹੁੰਚ ਜਾਵੇਗੀ।
ਮੁਸ਼ਰਿਫ ਨੇ 2007 ਦੇ ਹੈਦਰਾਬਾਦ ਮੱਕਾ ਮਸਜਿਦ ਬੰਬ ਧਮਾਕੇ, 2006 ਤੇ 2008 ਦੇ ਮਾਲੇਗਾਓਂ ਬੰਬ ਧਮਾਕੇ ਅਤੇ 2007 ਵਿੱਚ ਹੋਏ ਸਮਝੌਤਾ ਐਕਸਪ੍ਰੈਸ ਬੰਬ ਧਮਾਕਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਆਰ.ਐਸ.ਐਸ ਭਾਰਤ ਦਾ ਨੰਬਰ 1 ਅੱਤਵਾਦੀ ਸੰਗਠਨ ਹੈ।
ਉਨ੍ਹਾਂ ਕਿਹਾ ਕਿ ਆਰ.ਐਸ.ਐਸ ਇੱਕ ਅੱਤਵਾਦੀ ਸੰਗਠਨ ਹੈ ਤੇ ਉਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੱਤਾ ਤੇ ਕਿਹੜੀ ਧਿਰ ਕਾਬਜ ਹੈ।ਉਨ੍ਹਾਂ ਕਿਹਾ ਕਿ ਜਿਹੜਾ ਬ੍ਰਹਮਣਵਾਦ ਦਾ ਸਿਸਟਮ ਇੱਥੇ ਲਾਗੂ ਹੈ, ਉਹ ਆਰ.ਐਸ.ਐਸ ਨੂੰ ਤਾਕਤ ਦਿੰਦਾ ਹੈ।
ਹਲਾਂਕਿ ਮੁਸ਼ਰਿਫ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟ ਕੀਤਾ ਕਿ ਅਸਿਹਣਸ਼ੀਲਤਾ ਪਿਛਲੇ ਕੁਝ ਸਮੇਂ ਤੋਂ ਵਧੀ ਹੈ।ਉਨ੍ਹਾਂ ਕਿਹਾ ਕਿ ਇੱਥੇ ਅਸਿਹਣਸ਼ੀਲਤਾ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਜਿਸ ਦੀ ਉਦਾਹਰਣ ਪਿਛਲੇ ਸਮਿਆਂ ਦੌਰਾਨ ਹੋਈਆਂ ਕਈ ਵੱਡੀਆਂ ਘਟਨਾਵਾਂ ਹਨ ਪਰ ਪਤਾ ਨਹੀਂ ਹੁਣ ਇਸ ਨੂੰ ਐਨਾ ਜ਼ਿਆਦਾ ਕਿਉਂ ਉਛਾਲਿਆ ਜਾ ਰਿਹਾ ਹੈ।
ਮੁਸ਼ਰਿਫ ਨੇ ਇੱਕ ਵਾਰ ਫੇਰ ਆਪਣੀ ਉਸ ਗੱਲ ਤੇ ਦ੍ਰਿੜਤਾ ਪ੍ਰਗਟ ਕੀਤੀ ਕਿ 2008 ਦੇ ਮੁੰਬਈ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਦੀ ਮੌਤ ਦੀ ਸਾਜਿਸ਼ ਇੰਟੈਲੀਜੈਂਸ ਬਿਊਰੋ(ਆਈ.ਬੀ) ਵੱਲੋਂ ਰਚੀ ਗਈ ਸੀ ਕਿਉਂਕਿ ਉਹ ਹਿੰਦੂ ਅੱਤਵਾਦੀ ਸੰਗਠਨਾਂ ਦੀ ਅੱਤਵਾਦੀ ਹਮਲਿਆਂ ਵਿੱਚ ਸ਼ਮੂਲੀਅਤ ਦੀ ਜਾਂਚ ਕਰ ਰਹੇ ਸਨ।