ਸਿਆਸੀ ਖਬਰਾਂ

ਸੰਘ ਪ੍ਰਚਾਰਕ ਮਨੋਹਰ ਲਾਲ ਖੱਟੜ ਹਰਿਆਣਾ ਵਿਧਾਇਕ ਦਲ ਦੇ ਨੇਤਾ ਚੁਣੇ ਗਏ, 26 ਅਕਤੂਬਰ ਨੂੰ ਪੰਚਕੁਲਾ ਦੇ ਤਾਉਦੇਵੀ ਸਟੇਡੀਅਮ ਵਿੱਚ ਹੋਵੇਗਾ ਸਹੁੰ ਚੁੱਕ ਸਮਾਗਮ

By ਸਿੱਖ ਸਿਆਸਤ ਬਿਊਰੋ

October 22, 2014

ਚੰਡੀਗੜ੍ਹ ( 21 ਅਕਤੂਬਰ, 2014): ਅੱਜ ਇੱਥੋਂ ਦੇ ਇੱਕ ਗੈਸਟ ਹਾਉਸ ਵਿੱਚ ਭਰਤੀ ਜਨਤਾ ਪਾਰਟੀ ਹਰਿਆਣਾ ਦੇ ਵਿਧਾਇਕਾਂ ਦੀ ਮੀਟਿੰਗ ਹੋਈ, ਜਿਸ ਵਿੱਚ ਕਰਨਾਲ ਤੋਂ ਭਾਜਪਾ ਵਿਧਾਇਕ ਮਨੋਹਰ ਲਾਲ ਖੱਟਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ।

60 ਸਾਲਾਂ ਖੱਟਰ ਰੋਹਤਕ ਜ਼ਿਲ੍ਹੇ ਦੇ ਪਿੰਡ ਨਿਨਦਾਨਾ ਦੇ ਵਾਸੀ ਹਨ ਤੇ ਉਹ 1977 ਵਿੱਚ ਆਰ.ਐਸ.ਐਸ. ਦੇ ਸੰਪਰਕ ਵਿੱਚ ਆਏ ਸਨ ਤੇ ਉਸ ਤੋਂ ਬਾਅਦ ਉਹ 1980 ਵਿੱਚ ਸੰਘ ਦੇ ਪ੍ਰਚਾਰਕ ਬਣ ਗਏ। ਉਨ੍ਹਾਂ ਨੂੰ 1994 ਵਿੱਚ ਭਾਰਤੀ ਜਨਤਾ ਪਾਰਟੀ ਹਰਿਆਣਾ ਦਾ ਜਨਰਲ ਸਕੱਤਰ ਬਣਾਇਆ ਗਿਆ। 1996 ਵਿੱਚ ਉਨ੍ਹਾਂ ਨੂੰ ਇਕ ਹੋਰ ਪ੍ਰਚਾਰਕ ਤੇ ਹਰਿਆਣਾ ਭਾਜਪਾ ਮਾਮਲਿਆਂ ਦੇ ਇੰਚਾਰਜ ਨਰਿੰਦਰ ਮੋਦੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਰਾਜਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਪਸੰਦ ਹਨ ਤੇ ਇਸ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਹਲਕੇ ਕਰਨਾਲ ਤੋਂ ਚੋਣ ਲੜਾਈ ਗਈ ।

ਉਨ੍ਹਾਂ ਦਾ ਨਾਂ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਪ੍ਰਧਾਨ ਰਾਮ ਵਿਲਾਸ ਸ਼ਰਮਾ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਸੀਨੀਅਰ ਆਗੂ ਤੇ ਅਨਿਲ ਵਿਜ, ਭਾਜਪਾ ਕਿਸਾਨ ਮੋਰਚੇ ਤੇ ਕੌਮੀ ਪ੍ਰਧਾਨ ਤੇ ਬਾਦਲੀ ਤੋਂ ਵਿਧਾਇਕ ਓ.ਪੀ. ਧਨਖੜ, ਕੈਪਟਨ ਅਭਿਮੰਨਿਊ ਅਤੇ ਸੋਨੀਪਤ ਤੋਂ ਵਿਧਾਇਕਾ ਕਵਿਤਾ ਜੈਨ ਨੇ ਕੀਤੀ।

ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸ੍ਰੀ ਖੱਟਰ ਨੇ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਭੇਦ-ਭਾਵ ਖਤਮ ਕੀਤਾ ਜਾਵੇਗਾ ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ’ਤੇ ਚਲੇਗੀ।

ਇਸ ਤੋਂ ਬਾਅਦ ਕੇਂਦਰੀ ਮੰਤਰੀ ਤੇ ਭਾਜਪਾ ਵੱਲੋਂ ਮੁੱਖ ਮੰਤਰੀ ਦੀ ਚੋਣ ਲਈ ਭੇਜੇ ਨਿਗਰਾਨ ਵੈਂਕੇਈਆ ਨਾਇਡੂ, ਭਾਜਪਾ ਵਿਧਾਇਕ ਦਲ ਦੇ ਨੇਤਾ ਖੱਟਰ, ਹਰਿਆਣਾ ਭਾਜਪਾ ਮਾਮਲਿਆਂ ਦੇ ਇੰਚਾਰਜ ਜਗਦੀਸ਼ ਮੁਖੀ, ਮੱਧ ਪ੍ਰਦੇਸ਼ ਤੋਂ ਭਾਜਪਾ ਨੇਤਾ ਕੈਲਾਸ਼ ਵਿਜੇ ਵਰਗੀਜ, ਅਨਿਲ ਵਿਜ, ਰਾਮ ਬਿਲਾਸ ਸ਼ਰਮਾ, ਕੈਪਟਨ ਅਭਿਮੰਨਿਊ ਤੇ ਹੋਰ ਆਗੂਆਂ ਦਾ ਵਫਦ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਮਿਲਿਆ ਤੇ ਵਿਧਾਇਕ ਦਲ ਦੇ ਨਵੇਂ ਨੇਤਾ ਦੀ ਚੋਣ ਅਤੇ ਵਿਧਾਇਕਾਂ ਦੇ ਦਸਤਖ਼ਤਾਂ ਵਾਲਾ ਪੱਤਰ ਰਾਜਪਾਲ ਨੂੰ ਸੌਂਪਿਆ। ਇਸ ਤੋਂ ਬਾਅਦ ਵੈਂਕੇਈਆ ਨਾਇਡੂ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਹੁੰ ਚੁਕਾਉਣ ਲਈ ਪੰਚਕੂਲਾ ਦੇ ਤਾਊ ਦੇਵੀ ਸਟੇਡੀਅਮ ਵਿੱਚ ਦੀਵਾਲੀ ਤੋਂ ਬਾਅਦ 26 ਅਕਤੂਬਰ ਨੂੰ ਦਿਨੇ ਗਿਆਰਾਂ ਵਜੇ ਸਮਾਗਮ ਹੋਵੇਗਾ।

ਸੂਬੇ ਦਾ ਮੁੱਖ ਮੰਤਰੀ ਬਣਨ ਲਈ ਪੰਜ ਹੋਰ ਦਾਅਵੇਦਾਰ ਸਨ ਪਰ ਪ੍ਰਧਾਨ ਮੰਤਰੀ ਮੋਦੀ ਦੀ ਪਸੰਦ ਹੋਣ ਕਰਕੇ ਪਹਿਲੀ ਵਾਰ ਵਿਧਾਇਕ ਬਣੇ ਸ੍ਰੀ ਖੱਟਰ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਕਿਸੇ ਹੋਰ ਦੇ ਨਾਂ ਬਾਰੇ ਚਰਚਾ ਤਕ ਨਹੀਂ ਹੋਈ। ਸਮਝਿਆ ਜਾਂਦਾ ਹੈ ਕਿ ਵਿਧਾਇਕ ਦਲ ਦੇ ਨੇਤਾ ਦੀ ਚੋਣ ਬਾਰੇ ਪਹਿਲਾਂ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਾਲ ਸਲਾਹ-ਮਸ਼ਵਰਾ ਕਰ ਲਿਆ ਸੀ ਤੇ ਇਸ ਬਾਰੇ ਸੰਕੇਤ ਹਰਿਆਣਾ ਭੇਜੇ ਗਏ ਨਿਗਰਾਨਾਂ ਤੇ ਹੋਰ ਆਗੂਆਂ ਨੂੰ ਦੇ ਦਿੱਤੇ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: