ਖਾਲਿਸਤਾਨ ਦੀ ਕਰੀਬ ਆ ਰਹੀ ਮੰਜ਼ਿਲ
ਝੂਲਤੇ ਨਿਸ਼ਾਨ ਰਹੇਂ, ਪੰਥ ਮਹਾਰਾਜ ਕੇ
ਸਾਜਤੇ ਦੀਵਾਨ ਰਹੇਂ, ਪੰਥ ਮਹਾਰਾਜ ਕੇ
ਵਾਸ਼ਿੰਗਟਨ ਡੀ. ਸੀ. (ਡਾ. ਅਮਰਜੀਤ ਸਿੰਘ ਵਾਸ਼ਿੰਗਟਨ): ਮੂਲ ਨਾਨਕਸ਼ਾਨੀ ਕੈ¦ਡਰ 2003 ਮੁਤਾਬਿਕ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਵਲੋਂ ਬੜੇ ਜਾਹੋ-ਜਲਾਲ ਅਤੇ ਆਨ-ਸ਼ਾਨ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਸਮਰਪਿਤ ਪ੍ਰੋਗਰਾਮ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਹੀ ਸ਼ੁਰੂ ਹੋ ਜਾਂਦੇ ਹਨ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਖਾਲਸੇ ਦਾ ਕ੍ਰਿਸ਼ਮਾ ਹੈ ਕਿ ਪਿਛਲੀਆਂ ਲਗਭਗ ਤਿੰਨ ਸਦੀਆਂ ਦੌਰਾਨ ਸਾਊਥ ਏਸ਼ੀਆ ’ਤੇ ਕਾਬਜ਼ ਚਾਰ ਸ਼ਕਤੀਸ਼ਾਲੀ ਪਾਤਸ਼ਾਹੀਆਂ- ਮੁਗਲ, ਅਫਗਾਨ, ਅੰਗਰੇਜ਼ ਅਤੇ ਹਿੰਦੁਸਤਾਨੀਆਂ ਵਲੋਂ ਖਾਲਸੇ ਦਾ ਖੁਰਾ-ਖੋਜ ਮਿਟਾਉਣ ਦੀਆਂ ਬਦਨੀਤੀਆਂ ਦੇ ਬਾਵਜੂਦ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਵਿਚਰਦਿਆਂ ਮਨੁੱਖੀ ਇਤਿਹਾਸ ਵਿੱਚ ਆਪਣੀ ਅਮਿੱਟ ਥਾਂ ਬਣਾ ਚੁੱਕਾ ਹੈ। ਅਠ੍ਹਾਰਵੀਂ ਸਦੀ ਵਿੱਚ ਘੱਲੂਘਾਰਿਆਂ ਦਾ ਸਾਹਮਣਾ ਕਰਦਿਆਂ ਹੋਇਆਂ ਖਾਲਸੇ ਨੇ ਕਈ ਖੂਨ ਡੋਲ੍ਹਵੀਆਂ ਲੜਾਈਆਂ ਤੋਂ ਬਾਅਦ ਡੇਢ ਲੱਖ ਮੁਰੱਬਾ ਮੀਲ ਧਰਤੀ ’ਤੇ ਸਰਕਾਰ-ਏ-ਖਾਲਸਾ ਦੇ ਪਰਚੱਮ ਝੁਲਾਏ ਸਨ।
ਅੰਗਰੇਜ਼ਾਂ ਦੀ ਮੱਕਾਰੀ ਅਤੇ ਡੋਗਰਿਆਂ-ਮਿਸਰਾਂ ਦੀ ਗੱਦਾਰੀ ਕਰਕੇ 1849 ਈ. ਵਿੱਚ ਇਸ ਸਿੱਖ ਰਾਜ ਨੂੰ ਅੰਗਰੇਜ਼ਾਂ ਨੇ ਭਾਵੇਂ ਹਥਿਆ ਲਿਆ ਪਰ 98 ਸਾਲ ਦੇ ਬ੍ਰਿਟਿਸ਼ ਰਾਜ ਨੂੰ 1947 ਵਿੱਚ ਚਲਦਾ ਕਰਨ ਵਿੱਚ ਖਾਲਸੇ ਨੇ ਆਪਣੀ ਗਿਣਤੀ ਤੋਂ ਕਿਤੇ ਵੱਧ ਕੁਰਬਾਨੀਆਂ ਕੀਤੀਆਂ। ਇਹ ਵੱਖਰੀ ਗੱਲ ਹੈ ਕਿ 1947 ਦੌਰ ਦੀ ਅਕਾਲੀ ਲੀਡਰਸ਼ਿਪ ਦੀ ਨਾਂ-ਅਹਿਲੀਅਤ ਦੀ ਵਜ੍ਹਾ ਕਰਕੇ ਸਿੱਖ ਕੌਮ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿੱਕਲਕੇ, ਹਿੰਦੂ ਗੁਲਾਮੀ ਦਾ ਸ਼ਿਕਾਰ ਹੋਈ। ਦਿੱਲੀ ਦਰਬਾਰ ਨੇ ਸਿੱਖਾਂ ਦੀਆਂ ਰਾਜਸੀ ਉਮੰਗਾਂ ਨੂੰ ਹਮੇਸ਼ਾਂ-ਹਮੇਸ਼ਾਂ ਲਈ ਖਤਮ ਕਰਨ ਵਾਸਤੇ ਜੂਨ-84, ਨਵੰਬਰ-84 ਦੇ ਘੱਲੂਘਾਰੇ ਵਰਤਾਏ ਅਤੇ ਪੰਜਾਬ ਵਿੱਚ ਇੱਕ ਪੂਰੀ ਦੀ ਪੂਰੀ ਸਿੱਖ ਨਸਲ ਮਾਰ ਮੁਕਾਈ ਪਰ ਇਸ ਘੋਰ-ਨਸਲਕੁਸ਼ੀ ਦੇ ਬਾਵਜੂਦ ਖਾਲਸੇ ਦਾ ਕਾਫਲਾ ਆਪਣੀ ਮੰਜ਼ਿਲੇ-ਮਕਸੂਦ ਖਾਲਿਸਤਾਨ ਦੇ ਹੋਰ ਕਰੀਬ ਹੁੰਦਾ ਜਾ ਰਿਹਾ ਹੈ। ਅਪ੍ਰੈਲ ਮਹੀਨੇ ਦੇ ਮੁੱਢਲੇ ਦਿਨਾਂ ਦੀਆਂ ਖਬਰਾਂ ਵਿੱਚ ਖਾਲਸੇ ਦੇ ਵਧਦੇ ਜਲਾਲ ਦਾ ਝਲਕਾਰਾ ਵੇਖਿਆ ਜਾ ਸਕਦਾ ਹੈ। ਖਾਲਸੇ ਦਾ ਤੇਜ-ਪ੍ਰਤਾਪ, ਹੁਣ ਗੁਰਦੁਆਰਿਆਂ ਵਿਚਲੇ ਸ਼ਰਧਾ-ਗੜੂੰਦ ਦੀਵਾਨਾਂ ਅਤੇ ਲੱਖਾਂ ਦੀ ਗਿਣਤੀ ਵਾਲੀਆਂ ਸ਼ਾਨਦਾਰ ਪਰੇਡਾਂ, ਨਗਰ ਕੀਰਤਨਾਂ ਤੱਕ ਹੀ ਸੀਮਤ ਨਹੀਂ ਹੈ। ਖਾਲਸੇ ਦੀ ਆਜ਼ਾਦ-ਹਸਤੀ ਅਤੇ ਸਿਆਸੀ ਪ੍ਰਭਾਵ ਹੁਣ ਅਮਰੀਕਾ-ਕੈਨੇਡਾ-ਇੰਗਲੈਂਡ ਵਰਗੇ ਦੇਸ਼ਾਂ ਦੀ ਸੱਤਾ ਦੇ ਗਲਿਆਰਿਆਂ ਵਿੱਚ ਸਪੱਸ਼ਟ ਤੌਰ ’ਤੇ ਵੇਖਿਆ ਜਾ ਸਕਦਾ ਹੈ।
ਅਮਰੀਕਾ ਇਸ ਵੇਲੇ ਦੁਨੀਆਂ ਦੀ ਇੱਕੋ-ਇੱਕ ਸੁਪਰ ਪਾਵਰ ਹੈ, ਜਿੱਥੇ 7 ਲੱਖ ਦੇ ਕਰੀਬ ਸਿੱਖਾਂ ਦੀ ਅਬਾਦੀ ਹੈ। ਲਗਭਗ ਤਿੰਨ ਸਾਲ ਪਹਿਲਾਂ ਸਿੱਖਾਂ ਨੇ ਆਪਣੀ ਰਾਜਸੀ ਸ਼ਕਤੀ ਦਾ ਮੁਜ਼ਾਹਰਾ ਕਰਦਿਆਂ, ਅਮਰੀਕਨ ਕਾਂਗਰਸ ਵਿੱਚ ਸਿੱਖ ਹਿੱਤਾਂ ਦੀ ਰਖਵਾਲੀ ਲਈ, ਸਿੱਖ ਦੋਸਤ ਕਾਂਗਰਸਮੈਨਾਂ ’ਤੇ ਆਧਾਰਿਤ ‘ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ’ ਹੋਂਦ ਵਿੱਚ ਲਿਆਂਦੀ ਸੀ। ਇਸ ਵੇਲੇ 50 ਤੋਂ ਜ਼ਿਆਦਾ ਕਾਂਗਰਸਮੈਨ ਇਸ ਸਿੱਖ-ਕਾਕਸ ਦੇ ਮੈਂਬਰ ਹਨ, ਜਿਨ੍ਹਾਂ ਵਿੱਚ ਡੈਮੋਕਰੈਟਿਕ ਅਤੇ ਰੀਪਬਲੀਕਨ ਦੋਵਾਂ ਪਾਰਟੀਆਂ ਨਾਲ ਸਬੰਧਿਤ ਕਾਂਗਰਸਮੈਨ ਸ਼ਾਮਲ ਹਨ। ਇਸ ਸਿੱਖ ਕਾਕਸ ਦੇ ਦੋ ਚੇਅਰਮੈਨ ਹਨ। ਡੈਮੋਕਰੈਟਿਕ ਪਾਰਟੀ ਦੇ ਬੜੇ ਸੀਨੀਅਰ ਤੇ ਮਜਬੂਤ ਕਾਂਗਰਸਮੈਨ ਜੌਹਨ ਗੈਰਮੰਡੀ ਅਤੇ ਰੀਪਬਲਿਕਨ ਪਾਰਟੀ ਦੇ ਪ੍ਰਭਾਵਸ਼ਾਲੀ ਕਾਂਗਰਸਮੈਨ ਪੈਟਰਿਕ ਮੀਹਾਨ ਦੋਵੇਂ ਸਾਂਝੇ ਤੌਰ (ਕੋ-ਚੇਅਰ) ’ਤੇ ਸਿੱਖ ਕਾਕਸ ਦੀ ਅਗਵਾਈ ਕਰਦੇ ਹਨ।
5 ਅਪ੍ਰੈਲ ਨੂੰ ਯੂ.ਐਸ. ਕਾਂਗਰਸ ਦੇ ਮੁੱਖ ਕਾਂਗਰਸ ਹਾਲ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਸਿੱਖ ਕਾਕਸ ਵਲੋਂ ਕਾਂਗਰਸਮੈਨ ਪੈਟਰਿਕ ਮੀਹਾਨ ਨੇ ਮਤਾ ਨੰਬਰ 189 ਪੇਸ਼ ਕੀਤਾ। ਇਸ ਮਤੇ ਸਬੰਧੀ ਸਪੀਕਰ ਪਾਲ ਰੀਆਨ ਨੇ ਪ੍ਰਵਾਨਗੀ ਦਿੱਤੀ। ਇਸ ਮੌਕੇ ਅਮਰੀਕਾ ਭਰ ਤੋਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ 50 ਦੇ ਕਰੀਬ ਨੁਮਾਇੰਦੇ ਦਰਸ਼ਕ ਗੈਲਰੀ ਵਿੱਚ ਮੌਜੂਦ ਸਨ। ਇਸ ਮਤੇ ਵਿੱਚ ਵਿਸਾਖੀ ਨਾਲ ਸਬੰਧਿਤ ਸਿੱਖਾਂ ਦੇ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਨੂੰ ਮਾਨਤਾ ਦਿੱਤੀ ਗਈ। ਇਸ ਮਤੇ ਵਿੱਚ ਸਪੱਸ਼ਟਤਾ ਨਾਲ ਕਿਹਾ ਗਿਆ ਕਿ ਵਿਸਾਖੀ ਉਹ ਇਤਿਹਾਸਕ ਅਹਿਮੀਅਤ ਵਾਲਾ ਦਿਨ ਹੈ, ਜਿਸ ਦਿਨ 1699 ਈ. ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ-ਪੰਥ ਦੀ ਸਾਜਨਾ ਕੀਤੀ ਸੀ। ਯੂ.ਐਸ. ਕਾਂਗਰਸ ਵਿੱਚ ਇਸ ਮਤੇ ਦਾ ਪੇਸ਼ ਹੋਣਾ ਇੱਕ ਬੜਾ ਹੀ ਅਹਿਮ ਵਾਕਿਆ ਹੈ, ਜਿਹੜਾ ਖਾਲਸਾ ਪੰਥ ਦੀ ਵਿਲੱਖਣਤਾ ਨੂੰ ਮਾਨਤਾ ਦਿੰਦਾ ਹੈ। 5 ਅਪ੍ਰੈਲ ਨੂੰ ਦੁਪਹਿਰ 12 ਵੱਜ ਕੇ 15 ਮਿੰਟ ’ਤੇ ਇਹ ਮਤਾ ਪੇਸ਼ ਕੀਤਾ ਗਿਆ।
5 ਅਪ੍ਰੈਲ ਨੂੰ ਸ਼ਾਮ 5 ਵਜੇ ਤੋਂ 7 ਵਜੇ ਤੱਕ ਕਾਂਗਰਸੈਸ਼ਨਲ ਬਿਲਡਿੰਗ ਰੇਅਬਰਨ ਦੇ ਕਾਨਫਰੰਸ ਰੂਮ 2253 ਵਿੱਚ ਵਿਸਾਖੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਹੋਇਆ, ਜਿਸ ਵਿੱਚ ਕਈ ਕਾਂਗਰਸਮੈਨਾਂ ਅਤੇ ਸਟਾਫ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਨੂੰ ਸਿੱਖ ਨੌਜਵਾਨਾਂ-ਮੁਟਿਆਰਾਂ ਵਲੋਂ ਆਯੋਜਿਤ ਕੀਤਾ ਗਿਆ। ਇਸ ਸਾਲ ਦਾ ਥੀਮ ਸੀ – ‘ਵਿਸਾਖੀ ਵਿਦ ਸਿੱਖਸ ਇਨ ਸਪੋਰਟਸ’ ਭਾਵ ਖੇਡਾਂ ਵਿੱਚ ਰੁੱਤਬਾ ਹਾਸਲ ਕਰਨ ਵਾਲੇ ਸਿੱਖਾਂ ਦੇ ਨਾਲ ਵਿਸਾਖੀ’। ਇਸ ਸਮਾਗਮ ਵਿੱਚ, ਸਪੋਰਟਸ ਵਿੱਚ ਸਿੱਖ ਕੌਮ ਦੇ ਨਾਂ ਰੌਸ਼ਨ ਕਰਨ ਵਾਲੇ ਕੁਝ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਸਨਮਾਨਿਤ ਕੀਤੇ ਗਏ ਖਿਡਾਰੀਆਂ ਵਿੱਚ, ਬਾਸਕਟਬਾਲ ਦੇ ਐਨ. ਬੀ. ਏ. ਖਿਡਾਰੀ 7 ਫੁੱਟ 3 ਇੰਚ ਕੱਦ ਵਾਲੇ ਸਤਿਨਾਮ ਸਿੰਘ, ਰੱਟਗਰਜ਼ ਕਾਲਜ ਨਿਊਜਰਸੀ ਦੀ ਫੀਲਡ ਹਾਕੀ ਖਿਡਾਰਨ ਸੋਫੀਆ ਵਾਲੀਆ, ਓਰੀਗਨ ਯੂਨੀਵਰਸਿਟੀ ਦੀ ਬਾਸਕਟਬਾਲ ਖਿਡਾਰਨ ਸੁਮੀਤ ਗਿੱਲ, ਟੈਨਿਸ ਖਿਡਾਰੀ ਜਸਰਾਜ ਸੰਧੂ ਅਤੇ ਹਰਪ੍ਰੀਤ ਸਿੰਘ ਸੰਧੂ, ਬੱਚਿਆਂ ਦੀ ਟੈਨਿਸ ਟੀਮ ਵਿੱਚ ਵਿਸ਼ੇਸ਼ ਥਾਂ ਬਣਾਉਣ ਵਾਲੀ 4 ਭੈਣਾਂ-ਭਰਾਵਾਂ ਦੀ ਟੀਮ ਹਰਮਨ ਕੌਰ ਵੜੈਚ, ਜਸਜੀਤ ਸਿੰਘ, ਦਿਲਾਵਰ ਸਿੰਘ ਅਤੇ ਅਵਲੀਨ ਕੌਰ ਸ਼ਾਮਲ ਹਨ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ‘ਫਰੈਂਡਜ਼ ਆਫ ਸਿੱਖ ਕਾਕਸ’ ਦੇ ਹਰਪ੍ਰੀਤ ਸਿੰਘ ਸੰਧੂ ਨੇ ਵਿਸ਼ੇਸ਼-ਰੋਲ ਅਦਾ ਕੀਤਾ। ਟੀ.ਵੀ.-84 ਚੈਨਲ ਵਲੋਂ ਇਸ ਸਾਰੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕੀਤਾ ਗਿਆ, ਜਿਸ ਨੂੰ ਦੁਨੀਆਂ ਭਰ ਵਿੱਚ ਵੇਖਿਆ ਗਿਆ ਅਤੇ ਵਧਾਈ ਦੇ ਹਜ਼ਾਰਾਂ ਸੁਨੇਹੇ ਸਿੱਖ ਸੰਗਤਾਂ ਵਲੋਂ ਦਿੱਤੇ ਗਏ।
6 ਅਪ੍ਰੈਲ ਨੂੰ ਕੈਨੇਡਾ ਦੀ ਉਂਟਾਰੀਓ ਸਟੇਟ ਦੀ ਪਾਰਲੀਮੈਂਟ ਵਲੋਂ 1984 ਨੂੰ ਸਿੱਖ ਨਸਲਕੁਸ਼ੀ ਮੰਨਦਿਆਂ, ਇਸ ਦੀ ਨਿਖੇਧੀ ਦਾ ਮਤਾ ਪਾਸ ਕੀਤਾ ਗਿਆ। ਇਹ ਮਤਾ ਲਿਬਰਲ ਪਾਰਟੀ ਦੀ ਐਮ. ਪੀ. ਪੀ. ਹਰਿੰਦਰ ਕੌਰ ਮੱਲ੍ਹੀ ਵਲੋਂ ਪੇਸ਼ ਕੀਤਾ ਗਿਆ, ਜਿਸ ਦੀ ਹਮਾਇਤ ਐਨ.ਡੀ.ਪੀ. ਅਤੇ ਕਨਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵਲੋਂ ਵੀ ਕੀਤੀ ਗਈ। ਯਾਦ ਰਹੇ 2 ਜੂਨ, 2016 ਨੂੰ ਐਨ. ਡੀ. ਪੀ. ਦੇ ਹਰਮਨ ਪਿਆਰੇ ਐਮ. ਪੀ. ਪੀ. ਸ. ਜਗਮੀਤ ਸਿੰਘ ਵਲੋਂ ਨਵੰਬਰ-84 ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦੇਣ ਦਾ ਮਤਾ ਪੇਸ਼ ਕੀਤਾ ਗਿਆ ਸੀ, ਜਿਸ ਦੀ ਕਨਜ਼ਰਵੇਟਿਵ ਪਾਰਟੀ ਵਲੋਂ ਵੀ ਹਮਾਇਤ ਕੀਤੀ ਗਈ ਸੀ ਪਰ ਉਂਟਾਰੀਓ ਵਿੱਚ ਸਰਕਾਰ ਚਲਾ ਰਹੀ ਲਿਬਰਲ ਪਾਰਟੀ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਇਸ ਨਾਲ ਉਂਟਾਰੀਓ ਦੀਆਂ ਸਿੱਖ ਸੰਗਤਾਂ ਵਿੱਚ ਲਿਬਰਲ ਪਾਰਟੀ ਪ੍ਰਤੀ ਕਾਫੀ ਗੁੱਸਾ ਸੀ। ਇਸ ਵਾਰ ਆਪਣੀ ਪਿਛਲੀ ਗਲਤੀ ਸੁਧਾਰਦਿਆਂ, ਇਹ ਮਤਾ ਲਿਬਰਲ ਪਾਰਟੀ ਵਲੋਂ ਲਿਆਂਦਾ ਗਿਆ, ਜਿਹੜਾ ਕਿ ਸ਼ਲਾਘਾਯੋਗ ਕਦਮ ਹੈ। ਇਸ ਮਤੇ ਵਿੱਚ ਕਿਹਾ ਗਿਆ ਹੈ ਕਿ, “ਲੈਜਿਸਲੇਟਿਵ ਅਸੰਬਲੀ ਉਂਟਾਰੀਓ, ਕੈਨੇਡਾ ਦੀਆਂ ਅਤਿ-ਪਿਆਰੀਆਂ ਇਨਸਾਫ, ਮਨੁੱਖੀ ਹੱਕਾਂ ਅਤੇ ਨਿਆਂ-ਸੰਗਤਤਾ ਦੀਆਂ ਕਦਰਾਂ-ਕੀਮਤਾਂ ਵਿੱਚ ਮੁੜ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਦਿਆਂ ਭਾਰਤ ਵਿੱਚ ਹਰ ਕਿਸਮ ਦੀ ਫਿਰਕੂ ਹਿੰਸਾ, ਨਫਰਤ, ਦੁਸ਼ਮਣੀ, ਵਿਤਕਰਾ, ਨਸਲਵਾਦ ਅਤੇ ਅਸਹਿਣਸ਼ੀਲਤਾ, ਜਿਸ ਵਿੱਚ 1984 ਵਿੱਚ ਭਾਰਤ ਭਰ ਵਿੱਚ ਸਿੱਖਾਂ ਦੇ ਖਿਲਾਫ ਕੀਤੀ ਗਈ ਨਸਲਕੁਸ਼ੀ ਸ਼ਾਮਲ ਹਨ, ਦੀ ਨਿਖੇਧੀ ਕਰਦੇ ਹਾਂ ਅਤੇ ਸਾਰੀਆਂ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਚਾਈ ਦੇ ਲੜ ਲੱਗਦਿਆਂ ਇਸ ਦਾ ਹੱਲ ਕਰਨ!”
ਉਂਟਾਰੀਓ ਸਟੇਟ ਪਾਰਲੀਮੈਂਟ ਇਸ ਮਤੇ ਨੂੰ ਪਾਸ ਕਰਨ ਨਾਲ ਦੁਨੀਆਂ ਦੀ ਉਹ ਪਹਿਲੀ ਸਟੇਟ ਬਣ ਗਈ ਹੈ, ਜਿਸ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ 1984 ਨੂੰ (ਜਿਸ ਵਿੱਚ ਜੂਨ-84 ਅਤੇ ਨਵੰਬਰ-84 ਦੋਵੇਂ ਹੀ ਸ਼ਾਮਲ ਹਨ) ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ। ਭਾਰਤ ਸਰਕਾਰ ਦੇ ਜਮੂਰਿਆਂ ਵਲੋਂ ਇਸ ਮਤੇ ਨੂੰ ਪਾਸ ਹੋਣ ਤੋਂ ਰੋਕਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ ਪਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਅਸੀਂ ਦੁਨੀਆਂ ਭਰ ਵਿੱਚ ਵਸਦੀ 30 ਮਿਲੀਅਨ ਸਿੱਖ ਕੌਮ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਵਧਾਈ ਪੇਸ਼ ਕਰਦੇ ਹਾਂ। ਇਸ ਮਤੇ ਨੂੰ ਪੇਸ਼ ਕਰਦਿਆਂ ਹਰਿੰਦਰ ਕੌਰ ਮੱਲ੍ਹੀ ਵਲੋਂ ਲਗਭਗ 12 ਮਿੰਟ ਦੀ ਬਹੁਤ ਜਾਣਕਾਰੀ ਭਰਪੂਰ ਸਪੀਚ ਦਿੱਤੀ ਗਈ, ਜਿਸ ਵਿੱਚ ਨਵੰਬਰ-84 ਵਿੱਚ ਭਾਰਤ ਸਰਕਾਰ ਦੇ ਜ਼ੁਲਮਾਂ ਅਤੇ ਹੁਣ ਤੱਕ ਇਨਸਾਫ ਨਾ ਮਿਲਣ ਦੇ ਵੇਰਵੇ ਬਿਆਨ ਕੀਤੇ ਗਏ।
ਇਸ ਮਤੇ ਦੇ ਪੇਸ਼ ਹੋਣ ਤੋਂ ਬਾਅਦ, ਦੂਸਰੀਆਂ ਪਾਰਟੀਆਂ ਦੇ ਐਮ.ਪੀ.ਪੀ.’ਜ਼ ਵਲੋਂ ਇਸ ਮਤੇ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਨੇ ਲਿਬਰਲ ਪਾਰਟੀ ਦੀ ਇਸ ਪੱਖੋਂ ਅਲੋਚਨਾ ਕੀਤੀ ਕਿ ਉਨ੍ਹਾਂ ਨੇ ਪਿਛਲੇ ਸਾਲ ਪੇਸ਼ ਕੀਤੇ ਗਏ ਮਤੇ ਦੀ ਵਿਰੋਧਤਾ ਕੀਤੀ ਸੀ। ਇਸ ਮਤੇ ’ਤੇ ਬਹਿਸ ਦੌਰਾਨ ਦਰਸ਼ਕ-ਗੈਲਰੀ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਨੁਮਾਇੰਦੇ ਮੌਜੂਦ ਸਨ, ਜਿਨ੍ਹਾਂ ਵਿੱਚ ਨਵੰਬਰ-84 ਵਿੱਚ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਪਰਿਵਾਰਾਂ ਦੇ ਮੈਂਬਰ ਵੀ ਸ਼ਾਮਲ ਸਨ। ਸਿੱਖ ਕੌਮ ਲਈ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ।
ਓਨਟਾਰੀਓ ਸਟੇਟ ਵਲੋਂ 2013 ਵਿੱਚ, ਅਪ੍ਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮਹੀਨੇ’, ਵਜੋਂ ਮਾਨਤਾ ਦੇਣ ਨੂੰ ਇੱਕ ‘ਐਕਟ’ ਵਜੋਂ ਮਾਨਤਾ ਦੇਣਾ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਹੁਣ ਇਸ ਮਹੀਨੇ ਨੂੰ ਓਨਟਾਰੀਓ ਵਿੱਚ ਅੱਡ-ਅੱਡ ਤਰੀਕਿਆਂ ਨਾਲ ਸਿੱਖ ਹੈਰੀਟੇਜ਼ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਨ੍ਹਾਂ ਸਮਾਗਮਾਂ ਵਿੱਚ ਇਹ ਹੋਰ ਸ਼ਲਾਘਾਯੋਗ ਵਾਧਾ ਹੋਇਆ ਹੈ। ਇਸ ਵਾਰ, ਕੈਨੇਡਾ ਦੀ ਰਾਜਧਾਨੀ ਓਟਵਾ ਵਿਖੇ ਪਾਰਲੀਮੈਂਟ ਦੇ ਬਾਹਰ, 3 ਅਪਰੈਲ ਨੂੰ ਖਾਲਸਾਈ ਝੰਡਾ ਝੁਲਾਇਆ ਗਿਆ। 11 ਤੋਂ 1 ਵਜੇ ਤੱਕ ਚੱਲੇ ਸਮਾਗਮ ਵਿੱਚ ਰਿਸੈਪਸ਼ਨ ਅਤੇ ਝੰਡਾ ਝੁਲਾਉਣ ਦੀ ਰਸਮ ਸ਼ਾਮਲ ਸਨ। 20 ਦੇ ਲਗਭਗ ਕੈਨੇਡਾ ਦੇ ਐਮ.ਪੀ. ਇਸ ਸਮਾਗਮ ਵਿੱਚ ਸ਼ਾਮਲ ਹੋਏ। ਅਸੀਂ ਇਸ ਵਿਸ਼ੇਸ਼ ਪ੍ਰਾਪਤੀ ਲਈ ਓਨਟਾਰੀਓ ਦੀਆਂ ਸਿੱਖ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਪੇਸ਼ ਕਰਦੇ ਹਾਂ।
ਉਪਰੋਕਤ ਪ੍ਰਾਪਤੀਆਂ, 30 ਮਿਲੀਅਨ ਸਿੱਖ ਕੌਮ ਵਲੋਂ, ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਵਿੱਢੇ ਸੰਘਰਸ਼ ਵਿੱਚ ਰੌਸ਼ਨ ਮੀਲ ਪੱਥਰ ਹਨ। ਅਸੀਂ ਸਮਝਦੇ ਹਾਂ ਕਿ ਇਸ ਦੇ ਬਾਵਜੂਦ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤੀ ਹਾਕਮਾਂ ਅਤੇ ਉਨ੍ਹਾਂ ਦੇ ਦੇਸ਼-ਵਿਦੇਸ਼ ਵਿਚਲੇ ਦੁਮਛੱਲਿਆਂ ਵਲੋਂ, ਸਿੱਖ ਸੰਘਰਸ਼ ਨੂੰ ‘ਦਹਿਸ਼ਤਗਰਦੀ’ ਦੇ ਖਾਤੇ ਵਿੱਚ ਪਾਉਣ ਅਤੇ ਸਿੱਖ ਕੌਮ ਨੂੰ ਅੱਤਵਾਦੀ ਸਾਬਤ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਪ੍ਰਦੇਸੀ ਖਾਲਸਾ ਜੀ ਦੇ ਯਤਨਾਂ ਸਦਕਾ, ਸਿੱਖ ਕੌਮ ਦੁਨੀਆਂ ਭਰ ਵਿੱਚ ਆਪਣੀ ਅੱਡਰੀ ਪਛਾਣ ਦੇ ਸੰਘਰਸ਼ ਵਿੱਚ ਪੁਲਾਂਘਾਂ ਪੁੱਟ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਬਹੁਤ ਜਲਦੀ ਦਰਿਆਏ ਜਮਨਾ ਤੋਂ ਵਾਘਾ ਸਰਹੱਦ ਤੱਕ ਇੱਕ ਅਜ਼ਾਦ ਪ੍ਰਭੂਸੱਤਾ ਸੰਪਨ ਦੇਸ਼ ਖਾਲਿਸਤਾਨ ਹੋਂਦ ਵਿੱਚ ਆਏਗਾ। ਖਾਲਿਸਤਾਨ ਦਾ ਝੰਡਾ, ਹੁਣ ਨੌਜਵਾਨ ਪੀੜ੍ਹੀ ਨੇ ਬੜੀ ਮਜ਼ਬੂਤੀ ਨਾਲ ਸੰਭਾਲ ਲਿਆ ਹੈ। ਬੇਸ਼ੱਕ ਅੱਜ ਸਾਡਾ ਦੁਸ਼ਮਣ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਅਤੇ ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਹੈ ਪਰ ਸਿੱਖ ਕੌਮ ਆਪਣੀ ਹੋਣੀ ਘੜਨ ਲਈ ਦ੍ਰਿੜ ਸੰਕਲਪ ਹੈ। ਸੁਗੰਧ-ਸਮੀਰ ਦਾ ਕਥਨ ਹੈ-
‘ਝਲਕ ਸੁੰਦਰ ਤੋਂ ਰੌਸ਼ਨ ਪੰਧ ਹੋਏ, ਕੀ ਗਮ ਜੇ ਸਿਰ ’ਤੇ ਪੰਡਾਂ ਭਾਰੀਆਂ ਨੇ।’
ਸਤਿਗੁਰੂ ਜੀ ਦੀ ਰਹਿਮਤ ਨਾਲ ਸਿੱਖ ਕੌਮ ਬਹੁਤ ਜਲਦੀ ਆਪਣੀ ਕੌਮੀ ਨਿਸ਼ਾਨੇ ਖਾਲਿਸਤਾਨ ਨੂੰ ਹਾਸਲ ਕਰੇਗੀ। ਹਰ ਸਿਦਕਵਾਨ ਸਿੱਖ ਨੂੰ ਫਿਜ਼ਾ ਵਿੱਚ ਗੂੰਜਦੇ ਇਹ ਸ਼ਬਦ ਸੁਣਾਈ ਦਿੰਦੇ ਹਨ –
‘ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ,
ਸਾਜਤੇਂ ਦੀਵਾਨ ਰਹੇਂ ਪੰਥ ਮਹਾਰਾਜ ਕੇ।’