ਨਵੀਂ ਦਿੱਲੀ: ਬੀਤੇ ਦਿਨਾਂ ਦੌਰਾਨ ਮਹਾਰਾਸ਼ਟਰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਦੀਆਂ ਗ੍ਰਿਫਤਾਰੀਆਂ ਦੇ ਖਿਲਾਫ ਮਨੁੱਖੀ ਹੱਕਾਂ ਦੇ ਕਾਰਕੁੰਨਾਂ, ਵਕੀਲਾਂ, ਵਿਦਵਾਨਾਂ ਅਤੇ ਲੇਖਕਾਂ ਨੇ ਇਕੱਠਿਆਂ ਅਵਾਜ਼ ਚੁਕਦਿਆਂ ਇਹਨਾਂ ਗ੍ਰਿਫਤਾਰੀਆਂ ਦੀ ਨਿੰਦਾ ਕੀਤੀ ਹੈ। ਗੌਰਤਲਬ ਹੈ ਕਿ ਮਹਾਰਾਸ਼ਟਰ ਪੁਲਿਸ ਨੇ ਗੌਤਮ ਨਵਲੱਖਾ, ਸੁਧਾ ਭਾਰਦਵਾਜ, ਅਰੁਨ ਫੇਰੇਰਾ, ਵਰਨਨ ਗੋਂਸਾਲਵਿਸ ਅਤੇ ਵਰਵਰਾ ਰਾਓ ਨੂੰ 28 ਅਗਸਤ, 2018 ਨੂੰ ਗ੍ਰਿਫਤਾਰ ਕੀਤਾ ਸੀ।
ਇੱਥੇ ਇਕ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਪੀਯੂਡੀਆਰ ਦੇ ਹਰੀਸ਼ ਧਵਨ, ਡਬਲਿਊਐਸਐਸ ਦੇ ਕਲਿਆਣੀ ਮੈਨਨ ਸੇਨ, ਪੀਯੂਸੀਐਲ ਦੇ ਐਨਡੀ ਪੰਚੋਲੀ ਅਤੇ ਪੀਯੂਸੀਐਲ ਦੇ ਸੰਜੇ ਪਾਰਿਖ ਨੇ ਹੋਰ ਨਾਮੀਂ ਵਿਦਵਾਨਾਂ ਅਤੇ ਲੇਖਕਾਂ ਜਿਹਨਾਂ ਵਿਚ ਅਰੁੰਧਤੀ ਰਾਇ, ਮਜ਼ਦੂਰ ਕਿਸਾਨ ਸ਼ਕਤੀ ਸੰਗਠਨ ਦੀ ਅਰੁਣਾ ਰਾਏ, ਸਫਾਈ ਕਰਮਚਾਰੀ ਅੰਦੋਲਨ ਦੀ ਬੇਜ਼ਵਾੜਾ ਵਿਲਸਨ ਅਤੇ ਮਨੁੱਖੀ ਹੱਕਾਂ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਦੀ ਮੋਜੂਦਗੀ ਵਿਚ ਇਹਨਾਂ ਗ੍ਰਿਫਤਾਰੀਆਂ ਦੀ ਸਾਂਝੇ ਤੌਰ ‘ਤੇ ਨਿੰਦਾ ਕੀਤੀ।
ਉਪਰੋਕਤ ਲੋਕਾਂ ਨੇ ਗ੍ਰਿਫਤਾਰ ਕੀਤੇ ਕਾਰਕੁੰਨਾਂ ਨੂੰ ਰਿਹਾਅ ਕਰਨ ਅਤੇ ਮਹਾਰਾਸ਼ਟਰ ਦੇ ਪੂਨੇ ਵਿਚ ਦਰਜ ਐਫਆਈਆਰ ਨੰ. 4/2018 ਨੂੰ ਬਿਨ੍ਹਾਂ ਕਿਸੇ ਸ਼ਰਤ ਵਾਪਿਸ ਲੈਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਪਰੋਕਤ ਇਕੱਠ ਨੇ ਕਾਲੇ ਕਾਨੂੰਨ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਵੀ ਕਾਲੇ ਕਾਨੂੰਨ ਯੂਏਪੀਏ ਅਧੀਨ ਵੱਡੇ ਪੱਧਰ ‘ਤੇ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਗਿਆ ਹੈ ਤੇ ਖਾਸ ਤੌਰ ‘ਤੇ ਸਿੱਖਾਂ ਖਿਲਾਫ ਭਾਰਤੀ ਨਿਜ਼ਾਮ ਨੇ ਇਸ ਕਾਲੇ ਕਾਨੂੰਨ ਨੂੰ ਵੱਡੇ ਪੱਧਰ ‘ਤੇ ਵਰਤਿਆ ਹੈ।