ਅੰਮ੍ਰਿਤਸਰ:(ਨਰਿੰਦਰ ਪਾਲ ਸਿੰਘ) ਮਹਾਰਾਸ਼ਟਰ ਦੇ ਸਕੂਲਾਂ ਦੇ ਸਿਲੇਬਸ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ,ਉਨ੍ਹਾਂ ਦੇ ਸਾਥੀਆਂ ਵਲੋਂ ਆਰੰਭੇ ਸਿੱਖਾਂ ਦੀਆਂ ਹੱਕੀ ਮੰਗਾਂ ਖਾਤਿਰ ਸੰਘਰਸ਼ ਸਬੰਧੀ ਛਪੀ ਇਤਰਾਜ਼ਯੋਗ ਸਮੱਗਰੀ ਦਾ ਮੁੱਦਾ ਬੀਤੇ ਦਿਨੀਂ ਸਾਮਣੇ ਆਇਆ ਸੀ।
ਅੱਜ ਇਸ ਮਸਲੇ ਤੇ ਸ਼੍ਰੋਮਣੀ ਕਮੇਟੀ ਵੀ ਕੁੰਭ ਕਰਨੀ ਨੀਂਦ ਤੋਂ ਜਾਗ ਪਈ। ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਜਾਰੀ ਇੱਕ ਪ੍ਰੈਸ ਰਲੀਜ ਵਿੱਚ ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ, ਧਰਮ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸਿੱਖ ਕੌਮ ਦੇ ਹਿੱਤਾਂ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਪੰਜਾਬ ਦੇ ਕਿਸੇ ਵੀ ਥਾਣੇ ਵਿਚ ਕੋਈ ਵੀ ਐਫ.ਆਈ.ਆਰ. ਦਰਜ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਅੱਤਵਾਦੀ ਹੋਣ ਦਾ ਕੋਈ ਰਿਕਾਰਡ ਹੀ ਮੌਜੂਦ ਹੈ। ਪਰੰਤੂ ਮਹਾਰਾਸ਼ਟਰ ਦੇ ਸਕੂਲਾਂ ਦੇ 9ਵੀਂ ਜਮਾਤ ਦੀ ਹਿਸਟਰੀ ਐਂਡ ਪੋਲੀਟੀਕਲ ਸਾਇੰਸ ਲਈ ਸਟੇਟ ਬਿਊਰੋ ਆਫ ਟੈਕਸਟ ਬੁੱਕ ਦੇ ਸਫਾ ਨੰਬਰ 6 ਤੇ 10 ਵਿਚ ਸੰਤਾਂ ਨੂੰ ਅੱਤਵਾਦੀ ਲਿਿਖਆ ਗਿਆ ਹੈ, ਜੋ ਅਤੀ ਨਿੰਦਣਯੋਗ ਹੈ ਅਤੇ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ।
ਪ੍ਰੋ: ਬਡੂੰਗਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸਿੱਖਿਆ ਮੰਤਰੀ ਵਿਨੋਦ ਟਾਵਡੇ ਨੂੰ ਅਪੀਲ ਕੀਤੀ ਕਿ ਮਹਾਰਾਸ਼ਟਰ ਦੇ ਨੌਂਵੀਂ ਕਲਾਸ ਦੇ ਸਿਲੇਬਸ ਵਿਚ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸਬੰਧੀ ਇਤਰਾਜ਼ਯੋਗ ਸਮੱਗਰੀ ਛਾਪੀ ਹੈ ਉਸਨੂੰ ਤੁਰੰਤ ਹਟਾਇਆ ਜਾਵੇ ਅਤੇ ਸਿਲੇਬਸ ਦੀਆਂ ਜਾਰੀ ਕੀਤੀਆਂ ਕਿਤਾਬਾਂ ਨੂੰ ਜ਼ਬਤ ਕਰਕੇ ਅੱਗੋਂ ਤੋਂ ਛਾਪਣ ’ਤੇ ਰੋਕ ਲਾਈ ਜਾਵੇ।
ਉਧਰ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਮੁੰਬਈ ਦੇ ਸਿੱਖ ਆਗੂ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਭੇਜੇ ਗਏ ਇੱਕ ਵਫ਼ਦ ਨੇ ਵਿਧਾਇਕ ਪ੍ਰਸ਼ਾਂਤ ਠਾਕੁਰ ਦੀ ਹਾਜ਼ਰੀ ਵਿੱਚ ਮਹਾਂਰਾਸ਼ਟਰ ਦੇ ਸਿੱਖਿਆ ਮੰਤਰੀ ਤਾਵੜੇ ਨਾਲ ਮੁਲਾਕਾਤ ਕੀਤੀ।
ਵਫ਼ਦ ਨੇ ਸਿੱਖਿਆ ਮੰਤਰੀ ਨੂੰ ਰਾਜ ਸਰਕਾਰ ਵੱਲੋਂ ਪ੍ਰਕਾਸ਼ਿਤ ਨੌਵੀਂ ਜਮਾਤ ਦੇ ਹਿਸਟਰੀ ਐਡ ਪੁਲਿਟੀਕਲ ਸਾਇੰਸ ਪੁਸਤਕ ਵਿੱਚ ਜੂਨ ’84 ਦੇ ਘੱਲੂਘਾਰੇ ਬਾਰੇ ਪੰਜਾਬ ਦੇ ਇਤਿਹਾਸਕ ਪੱਖਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦਾ ਮਾਮਲਾ ਉਠਾਉਂਦਿਆਂ ਇੱਕ ਯਾਦ-ਪੱਤਰ ਸੌਂਪਿਆ।
ਵਫ਼ਦ ਦੇ ਆਗੂਆਂ ਨੇ ਸੰਤ ਭਿੰਡਰਾਂਵਾਲਿਆਂ ਪ੍ਰਤੀ ਨਾਕਾਰਾਤਮਕ ਟਿੱਪਣੀਆਂ ਨੂੰ ਝੁਠਲਾਉਦਾ ਸਰਕਾਰੀ ਦਸਤਾਵੇਜ਼ੀ ਸਬੂਤ ਪੇਸ਼ ਕਰਦਿਆਂ ਸਿੱਖਿਆ ਮੰਤਰੀ ਨਾਲ ਤਰਕਸੰਗਤ ਵਿਚਾਰਾਂ ਕੀਤੀਆਂ।
ਇਸ ਮੌਕੇ ਤਾਵੜੇ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਸੰਤ ਭਿੰਡਰਾਂਵਾਲਿਆਂ ਅਤੇ ਸਿੱਖਾਂ ਦੇ ਅਕਸ ਨੂੰ ਠੇਸ ਨਹੀਂ ਪਹੁੰਚਣ ਦੇਣਗੇ ।ਉਹਨਾਂ ਇਸ ਸੰਬੰਧੀ ਜਲਦੀ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਗਲ ਵੀ ਆਖੀ। ਵਫ਼ਦ ਵਿੱਚ ਸ: ਜਸਪਾਲ ਸਿੰਘ ਸਿੱਧੂ ਅਤੇ ਵਿਧਾਇਕ ਪ੍ਰਸ਼ਾਂਤ ਠਾਕੁਰ ਤੋਂ ਇਲਾਵਾ ਭਾਈ ਮਲਕੀਤ ਸਿੰਘ ਬਲ, ਚਰਨਜੀਤ ਸਿੰਘ ਹੈਪੀ, ਸਤਵਿੰਦਰ ਸਿੰਘ ਮਰਵਾਹ, ਦਲਬੀਰ ਸਿੰਘ ਚੰਨੀ ਅਤੇ ਅਮਰਜੀਤ ਸਿੰਘ ਰੰਧਾਵਾ ਆਦਿ ਵੀ ਸ਼ਾਮਿਲ ਸਨ।