(ਡਾ. ਅਮਰਜੀਤ ਸਿੰਘ ਵਾਸ਼ਿੰਗਟਨ): ਜਦੋਂ ਜਦੋਂ ਵੀ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਣ ਦੀ ਦਾਸਤਾਨ ਬਿਆਨ ਹੁੰਦੀ ਹੈ, ਸਿੱਖ ਰਾਜ ਦੇ ਖੈਰ-ਖਵਾਹ, ਪੰਜਾਬੀ ਕਵੀ ਸ਼ਾਹ ਮੁਹੰਮਦ ਦਾ ਜੰਗਨਾਮਾ ‘ਜੰਗ ਹਿੰਦ-ਪੰਜਾਬ’ ਜਿਸ ਨੂੰ ਬਾਅਦ ਵਿੱਚ ‘ਜੰਗ ਸਿੰਘਾਂ-ਫਿਰੰਗੀਆਂ’ ਕਿਹਾ ਜਾਣ ਲੱਗਾ, ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਹ ਜੰਗਨਾਮਾ ਜਿੱਥੇ ਡੋਗਰਾਗਰਦੀ ਦੀ ਬਦੌਲਤ ਅੰਗਰੇਜ਼ਾਂ ਦੀ ਸ਼ਹਿ ’ਤੇ ਲਾਹੌਰ ਦਰਬਾਰ ਵਿੱਚ ਸ਼ੁਰੂ ਹੋਈ ਘਰੇਲੂ ਖਾਨਾਜੰਗੀ ਦਾ ਦਰੁਸਤ ਜ਼ਿਕਰ ਹੈ, ਉ¤ਥੇ ਜੰਗ ਦੇ ਮੈਦਾਨ ਵਿੱਚ ਖਾਲਸਾ ਫੌਜਾਂ ਦੀ ਬੇਮਿਸਾਲ ਬਹਾਦਰੀ ਦੇ ਬਾਵਜੂਦ ਗੱਦਾਰ ਜਰਨੈਲਾਂ ਦੀ ਬਦੌਲਤ ਹੋਈ ਹਾਰ ਨੂੰ ਇੱਕ ਲਾਈਨ ਵਿੱਚ ਹੀ ਬਿਆਨ ਕਰਦਾ ਹੈ –
‘ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।’
ਅੰਗਰੇਜ਼ਾਂ ਨੇ ਭਾਵੇਂ ਆਪਣੇ ਜ਼ਰ-ਖਰੀਦ ਗੱਦਾਰਾਂ ਨੂੰ ਬਚਾਉਣ ਲਈ ਲੱਖ ਯਤਨ ਕੀਤੇ ਪਰ ਸ਼ਾਹ ਮੁਹੰਮਦ ਦਾ ਜੰਗਨਾਮਾ ਸੱਚੇ-ਸੁੱਚੇ ਇਤਿਹਾਸ ਦਾ ਗਵਾਹ ਬਣ ਕੇ 171 ਸਾਲ ਬਾਅਦ ਵੀ (1846 ਵਿੱਚ ਪਹਿਲੀ ਸਿੱਖ-ਅੰਗਰੇਜ਼ ਜੰਗ ਹੋਈ ਸੀ) ਸਿੱਖ ਯਾਦਾਂ ਵਿੱਚ ਕੱਲ੍ਹ ਵਾਂਗ ਤਰੋਤਾਜ਼ਾ ਹੈ। ਸ਼ਾਹ ਮੁਹੰਮਦ ਵਲੋਂ ਸਿੱਖ ਰਾਜ ਜਾਣ ਦੇ ਪਾਏ ਗਏ ਕੀਰਨੇ, ਇੱਕ ਪੰਜਾਬੀ ਮੁਸਲਮਾਨ ਦੀ ਪੰਜਾਬੀਆਂ ਦੇ ਰਾਜ-ਭਾਗ ਨਾਲ ਪ੍ਰਗਟਾਈ ਗਈ ਵਫਾਦਾਰੀ ਦਾ ਵੀ ਸਬੂਤ ਸੀ। ਇਹ ਇੱਕ ਇਤਿਹਾਸਕ ਸੱਚ ਹੈ ਕਿ ਯੂ. ਪੀ. ਦੇ ਬਾਹਮਣਾਂ ਮਿਸਰ ਲਾਲ ਸਿੰਘ ਤੇ ਤੇਜਾ ਸਿੰਘ ਅਤੇ ਜੰਮੂ ਦੇ ਡੋਗਰਿਆਂ ਧਿਆਨ ਸਿੰਘ ਤੇ ਗੁਲਾਬ ਸਿੰਘ ਨੇ ਜੇ ਸਿੱਖ ਰਾਜ ਨਾਲ ਗੱਦਾਰੀਆਂ ਦਾ ਇਤਿਹਾਸ ਸਿਰਜਿਆ ਤਾਂ ਫਕੀਰ ਅਜ਼ੀਜ਼ੁਦੀਨ, ਤੋਪਚੀ ਮਾਖੇ ਖਾਂ ਸਮੇਤ ਲਾਹੌਰ ਦਰਬਾਰ ਦੇ ਸਾਰੇ ਮੁਸਲਮਾਨ ਅਹਿਲਕਾਰਾਂ-ਜਰਨੈਲਾਂ ਨੇ ਅਖੀਰਲੇ ਸਾਹ ਤੱਕ ਵਫਾ ਨਿਭਾਈ। ਸ਼ਾਹ ਮੁਹੰਮਦ ਦੇ ਇੱਕ ਇੱਕ ਬੈਂਤ ’ਚੋਂ ਆਪਣੇ ਰਾਜ ਦਾ ਫ਼ਖਰ, ਫੁੱਟ-ਫੁੱਟ ਪੈਂਦਾ ਹੈ।
ਸਿੱਖ ਇਤਿਹਾਸ ਦੇ ਪੰਨਿਆਂ ਵਿੱਚ, ਸ਼ਾਹ ਮੁਹੰਮਦ ਦੇ ਨਾਲ 9 ਜੂਨ, 1984 ਨੂੰ ਇੱਕ ਹੋਰ ਫਖ਼ਰਯੋਗ ਨਾਮ ਜੁੜਿਆ, ਜਿਹੜਾ ਪੰਜਾਬੀਆਂ ਦੇ ਅਜ਼ੀਮ ਸਾਹਿਤਕਾਰ ਅਫਜ਼ਲ ਅਹਿਸਨ ਰੰਧਾਵਾ ਜੀ ਦਾ ਹੈ। ਜਿੱਥੇ ਜੂਨ-84 ਦਾ ਘੱਲੂਘਾਰਾ ਭਾਰਤੀ ਜ਼ੁਲਮ ਦੀ ਅਖੀਰ ਸੀ, ਉ¤ਥੇ ਸੰਤ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਵਲੋਂ ‘ਅਖੀਰਲੇ ਸਾਹ ਤੇ ਅਖੀਰਲੀ ਗੋਲੀ’ ਤੱਕ ਜੂਝ ਕੇ ਪਾਈ ਸ਼ਹੀਦੀ ਵੀ ਅਲੋਕਾਰ ਸੀ। ਜੇ ਬ੍ਰਾਹਮਣਵਾਦੀ ਦੁਸ਼ਮਣ ਨੇ ਪੰਜ ਸਦੀਆਂ ਦਾ ਵੈਰ ਕੱਢ ਵਿਖਾਲਿਆ ਤਾਂ ‘ਜਰਨੈਲਾਂ ਦੇ ਜਰਨੈਲ’ ਦੀ ਅਗਵਾਈ ਨੇ ਅਕਾਲ ਤਖਤ ਦਾ ਚਾਰ ਸਦੀਆਂ ਦਾ ਇਤਿਹਾਸ ਜ਼ਿੰਦਾ ਕਰ ਦਿੱਤਾ ਕਿਉਂਕਿ ਉਸ ਦੇ ਦਿਲ ’ਤੇ ‘ਰੱਤੀ ਵੀ ਮੈਲ’ ਨਹੀਂ ਸੀ। ਭਾਵੇਂ ਇਹ ਗਮਾਂ, ਦੁੱਖਾਂ, ਪੀੜਾਂ ਦਾ ਸਮਾਂ ‘ਤਪਦੀ ਭੱਠੀ’ ਬਣ ਕੇ ਅੱਖਾਂ ’ਚੋਂ ਸੱਤ ਸਮੁੰਦਰਾਂ ਜਿੱਡਾ ਨੀਰ ਵਹਿਣ ਦਾ ਸਮਾਂ ਵੀ ਸੀ ਪਰ ਸਿੰਘਾਂ ਦੇ ਜੁਝਾਰੂਪੁਣੇ ਨੇ ‘ਸ਼ਹੀਦੀ ਝੰਡਿਆਂ’ ਵਿੱਚ ਉੱਚਾ ਝੰਡਾ ਝੁਲਾ ਕੇ ਇਤਿਹਾਸਕ ਮੁਕਾਮ ਵੀ ਹਾਸਲ ਕਰ ਲਿਆ ਸੀ। ਦੁਸ਼ਮਣ ਨੇ ਜ਼ੁਲਮਾਂ ਦੀ ਕਾਲੀ ਬੋਲੀ ਹਨੇਰੀ ਝੁਲਾ ਕੇ, ਸੂਰਜ ਨੂੰ ਡੁਬੋਣ ਅਤੇ ਦਿਨ ਨੂੰ ਰਾਤ ਬਣਾ ਧਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਪਰ ਦਰਬਾਰ ਸਾਹਿਬ ਦੇ ਜ਼ਰ੍ਹੇ-ਜ਼ਰ੍ਹੇ ’ਚੋਂ, ਦੁਸ਼ਮਣ ਨੂੰ ਵੰਗਾਰਦੀਆਂ ਅਵਾਜ਼ਾਂ ਆ ਰਹੀਆਂ ਸਨ ਕਿ ‘ਤੂੰ ਸਾਡੀ ਉਮਰ ਕਿਤਾਬ ਦੇ ਵਰਕੇ ਨਹੀਂ ਫੋਲੇ! ਇਹ ਰਾਤ ਓੜਕ ਮੁੱਕੇਗੀ। ਜ਼ੋਰ-ਜ਼ੁਲਮ ਨਾਲ ਸੂਰਜ ਡੋਬਣ ਦੇ ਯਤਨ ਫੇਲ੍ਹ ਹੋਣਗੇ ਅਤੇ ਸਿੱਖੀ ਦੇ ਤੇਜ ਪ੍ਰਤਾਪ ਦਾ ਲਟ-ਲਟ ਬਲਦਾ ਸੂਰਜ ਮੁੜ ਚੜ੍ਹੇਗਾ।’
ਸਬੰਧਤ ਲੇਖ: ਗੁਰੂਆਂ ਦੇ ਨਾਮ ‘ਤੇ ਵਸਦੇ ਪੰਜਾਬ ਦਾ ਸੁੱਚਾ ਮੋਤੀ ਸੀ ਅਫ਼ਜ਼ਲ ਅਹਿਸਨ ਰੰਧਾਵਾ (ਲੇਖ) …
ਉਪਰੋਕਤ ਸਾਰੇ ਬਿੰਬ, ਪ੍ਰਤੀਬਿੰਬ, ਇਤਿਹਾਸ ਤੇ ਮਨੋਇਤਿਹਾਸ ਨਾਲ ਗੜੁੰਦ, ਅਫਜ਼ਲ ਅਹਿਸਨ ਰੰਧਾਵਾ ਦੀ 9 ਜੂਨ ਨੂੰ ਰੋਂਦਿਆਂ ਰੋਂਦਿਆਂ ਲਿਖੀ ਨਜ਼ਮ ‘ਨਵਾਂ ਘੱਲੂਘਾਰਾ’, ਉਨ੍ਹਾਂ ਅਤਿ-ਦੁਖਦਾਈ ਪਲਾਂ ਵਿੱਚ ਸਿੱਖ ਕੌਮ ਲਈ ਉਸ ਸਮੇਂ ਦੇ ਪੀੜਾਂ ਦੇ ਪਰਾਗੇ ਵਿੱਚ, ਇੱਕ ਠੰਡੀ ਹਵਾ ਦੇ ਬੁੱਲੇ ਵਾਂਗ ਇੱਕ ਆਸ ਦੀ ਕਿਰਨ ਬਣ ਕੇ ਦਿਲਾਸਾ ਦੇਂਦਿਆਂ ਹੌਂਸਲਾ ਦੇ ਰਹੀ ਸੀ ਕਿ ‘ਓੜਕ ਮੁੱਕੇਗੀ ਇਹ ਰਾਤ’!! ਇਤਿਹਾਸ ਦੇ ਝਰੋਖੇ ਵਿੱਚੋਂ ਬਾਬਾ ਬੁੱਢਾ ਜੀ ਦੇ ਖਾਨਦਾਨ ਨਾਲ ਸਬੰਧਿਤ ਇਸ ਮੁਸਲਮਾਨ ਸਿੱਖ ’ਚੋਂ, ਉਹੋ ਜਿਹਾ ਹੌਂਸਲਾ ਨਿੱਕਲਦਾ ਪ੍ਰਤੀਤ ਹੁੰਦਾ ਹੈ ਜਿਵੇਂ ਕਦੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਿੱਚ ਪੱਸਰੀ ਉਦਾਸੀ, ਵੈਰਾਗ ਤੇ ਰੋਹ ਦੇ ਸਨਮੁੱਖ ਬਾਬਾ ਬੁੱਢਾ ਜੀ ਦਾ ਦਿਲਾਸਾ ਅਤੇ ਅਗਵਾਈ ਹੋਏਗੀ। ਅਫਜ਼ਲ ਅਹਿਸਨ ਰੰਧਾਵਾ, ਦਰਬਾਰ ਸਾਹਿਬ ਨੂੰ ਸਿੱਖਾਂ ਵਾਂਗ ਹੀ ਆਪਣਾ ਪਿਆਰਾ ਸਮਝਦੇ ਸਨ। 30 ਸਾਲ ਬਾਅਦ ਵੀ ਜਦੋਂ ਉਹ ਇਹ ਨਜ਼ਮ ਸੁਣਾਉਂਦੇ ਤਾਂ ਉਨ੍ਹਾਂ ਦੀ ਅਵਾਜ਼ ਅੱਥਰੂਆਂ ਵਿੱਚ ਗੜੁੱਚ ਹੋ ਜਾਂਦੀ। ਸੁਣਨ ਵਾਲਿਆਂ ਦੀ ਦਸ਼ਾ ਦਾ ਤਾਂ ਕਹਿਣਾ ਹੀ ਕੀ ਹੈ! ਇਹ ਨਜ਼ਮ ਅਫਜ਼ਲ ਸਾਹਿਬ ਦਾ ਸ਼ਾਹਕਾਰ ਹੀ ਨਹੀਂ ਹੈ, ਇਹ ਸਿੱਖ ਇਤਿਹਾਸ ਦਾ ਇੱਕ ਅਨਮੋਲ ਖਜ਼ਾਨਾ ਵੀ ਹੈ ਅਤੇ ਜੂਨ-84 ਦੇ ਘੱਲੂਘਾਰੇ ਦੇ ਇਤਿਹਾਸ ਦੀ ਸਹੀ ਰੂਪ ਵਿੱਚ ਪੇਸ਼ਕਾਰੀ ਵੀ।
ਪਹਿਲੀ ਸਤੰਬਰ, 1937 ਨੂੰ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਹੁਸੈਨਪੁਰਾ ਮੁਹੱਲੇ ਵਿੱਚ ਪੈਦਾ ਹੋਏ ਅਫਜ਼ਲ ਸਾਹਿਬ ਲਗਭਗ 80 ਵਰ੍ਹਿਆਂ ਦੀ ਉਮਰ ਭੋਗ ਕੇ ਪਿਛਲੇ ਦਿਨੀਂ ਅੱਲ੍ਹਾ ਨੂੰ ਪਿਆਰੇ ਹੋ ਗਏ ਹਨ। ਪੇਸ਼ੇ ਵਜੋਂ ਵਕੀਲ ਅਤੇ ਸਿਆਸਤ ਵਿੱਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਰਹੇ ਅਫਜ਼ਲ ਸਾਹਿਬ ਦਾ ਸਾਹਿਤਕ ਸਫਰ ਲਗਭਗ 20 ਵਰ੍ਹਿਆਂ ਦੀ ਉਮਰ ਵਿੱਚ ਹੀ ਸ਼ੁਰੂ ਹੋ ਗਿਆ ਸੀ। ਉਰਦੂ ਦੀ ਅਫਸਾਨਾ-ਨਗਾਰੀ ਤੋਂ ਫੌਰਨ ਬਾਅਦ, 1958 ਵਿੱਚ ਉਨ੍ਹਾਂ ਨੇ ਬਕਾਇਦਾ ਤੌਰ ’ਤੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਨੇ ਪੰਜਾਬੀ ਕਾਵਿ ਸੰਗ੍ਰਹਿ – ‘ਸ਼ੀਸ਼ਾ ਇੱਕ ਲਿਸ਼ਕਾਰੇ ਦੋ’, ‘ਰੱਤ ਦੇ ਚਾਰ ਸਫਰ’, ‘ਪੰਜਾਬ ਦੀ ਵਾਰ’, ‘ਮਿੱਟੀ ਦੀ ਮਹਿਕ’, ਪਿਆਲੀ ਵਿੱਚ ਅਸਮਾਨ’ ਅਤੇ ਛੇਵਾਂ ਦਰਿਆ ਪਾਠਕਾਂ ਦੀ ਝੋਲੀ ਵਿੱਚ ਪਾਏ। ਜਿਸ ਕਿਸਮ ਦੇ ਉਹ ਗਜ਼ਬ ਦੇ ਸ਼ਾਇਰ ਸਨ, ਉਸੇ ਹੀ ਤਰ੍ਹਾਂ ਉਹ ਇੱਕ ਸਫਲ ਕਹਾਣੀਕਾਰ ਵੀ ਸਨ। ਉਨ੍ਹਾਂ ਦੇ ਪ੍ਰਸਿੱਧ ਕਹਾਣੀ ਸੰਗ੍ਰਹਿਆਂ ਵਿੱਚ ‘ਰੰਨ, ਤਲਵਾਰ ਤੇ ਘੋੜਾ’ ਅਤੇ ‘ਮੁੰਨਾ ਕੋਹ ਲਾਹੌਰ’ ਪਾਠਕਾਂ ਵਲੋਂ ਬਹੁਤ ਸਰਾਹੇ ਗਏ। ਅਫਜ਼ਲ ਸਾਹਿਬ ਨੇ ‘ਨਾਵਲ’ ’ਤੇ ਵੀ ਹੱਥ ਅਜ਼ਮਾਇਆ ਅਤੇ ਕੁਛ ਅਨੁਵਾਦ ਵੀ ਕੀਤੇ। ਉਨ੍ਹਾਂ ਦੇ ਲਿਖੇ ਨਾਵਲਾਂ ਵਿੱਚ ‘ਸੂਰਜ ਗ੍ਰਹਿਣ’, ‘ਦੋਆਬਾ’, ‘ਦੀਵਾ ਤੇ ਦਰਿਆ’ ਅਤੇ ‘ਪੰਧ’ ਸ਼ਾਮਲ ਹਨ।
ਅਫਜ਼ਲ ਅਹਿਸਨ ਰੰਧਾਵਾ ਦੀਆਂ ਰਚਨਾਵਾਂ ’ਚੋਂ ਪੰਜਾਬ ਦੀ ਸਾਂਝੀ ਪੀੜ ਝਲਕਦੀ ਹੈ, ਜਦੋਂ ਉਹ ਕਹਿੰਦੇ ਹਨ ਕਿ ’47 ਦੀ ਵੰਡ ਨੇ ਮੇਰੇ ਸਰੀਰ ਦੇ ਦੋ ਟੋਟੇ ਕਰ ਦਿੱਤੇ। ਵੰਡ ਭਾਰਤ ਦੀ ਨਹੀਂ ਹੋਈ, ਪੰਜਾਬ ਦੀ ਹੋਈ। ਅਫਜ਼ਲ ਸਾਹਿਬ ਪਾਕਿਸਤਾਨ ਦੇ ਮੁੱਦਈ ਸਨ ਅਤੇ ’47 ਦੌਰ ਵਿੱਚ ਸਿੱਖ ਲੀਡਰਸ਼ਿਪ ਦੇ ਰੋਲ ਦੇ ਅਲੋਚਕ। ਉਨ੍ਹਾਂ ਦੀ ਚਾਹਨਾ ਸੀ ਕਿ ਸਰਹੱਦਾਂ ਹੋਣ ਦੇ ਬਾਵਜੂਦ, ਦੋਹਾਂ ਪੰਜਾਬਾਂ, ਦੋਹਾਂ ਕੌਮਾਂ ਦੀ ਸਾਂਝ ਸਿਰਫ ਬਣੀ ਹੀ ਨਾ ਰਵ੍ਹੇ ਸਗੋਂ ਵੀਰ ਇੱਕ ਦੂਸਰੇ ਦੀ ਗਲਵਕੜੀ ’ਚੋਂ ਕਦੀ ਜੁਦਾ ਹੀ ਨਾ ਹੋਣ।
ਦਰਦਮੰਦਾਂ ਦੀ ਆਹੀਂ; ਟੁਰ ਗਿਆ ਅਫਜ਼ਲ ਅਹਿਸਨ ਰੰਧਾਵਾ (ਲੇਖ) …
30 ਮਿਲੀਅਨ ਸਿੱਖ ਕੌਮ, ਆਪਣੇ ਇਸ ਪਿਆਰੇ ਬਜ਼ੁਰਗ, ਲਾਸਾਨੀ ਦੋਸਤ, ਹਾਅ ਦਾ ਨਾਹਰਾ ਮਾਰਨ ਵਾਲੇ ਪਿਆਰੇ ਸ਼ਾਇਰ ਦੇ ਵਿਛੋੜੇ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ। ਆਉਣਾ ਤੇ ਜਾਣਾ ਪਿਆਰੇ ਰੱਬ ਦੇ ਹੁਕਮ ਅਨੁਸਾਰ ਹੁੰਦਾ ਹੈ, ਪਰ ਜਿਹੜੀ ਖੁਸ਼ਬੋ ਅਫਜ਼ਲ ਅਹਿਸਨ ਰੰਧਾਵਾ ਨੇ ਸਿੱਖ ਵਿਹੜੇ ਵਿੱਚ ਖਿਲਾਰੀ ਹੈ, ਉਹ ਸਦੀਵੀ ਮਹਿਕਦੀ ਰਹੇਗੀ ਅਤੇ ਸਿੱਖ ਕੌਮ ਇਸ ਮਹਾਨ ਇਨਸਾਨ ਦੇ ਅਹਿਸਾਨ ਨੂੰ, ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਅਤੇ ਸ਼ਾਹ ਮੁਹੰਮਦ ਵਾਂਗ ਕਦੀ ਵੀ ਨਹੀਂ ਭੁੱਲੇਗੀ!!