ਜੰਮੂ (2 ਮਾਰਚ, 2015): ਭਾਰਤੀ ਸੰਸਦ ‘ਤੇ ਹਮਲੇ ਦੇ ਦੋਸ਼ ਵਿੱਚ ਫਾਂਸੀ ਦਿੱਤੇ ਗਏ ਜੰਮੂ ਕਸ਼ਮੀਰ ਦੇ ਨਾਗਰਿਕ ਅਫਜ਼ਲ ਗੁਰੂ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਪਣ ਦੀ ਮੰਗ ਪੀਡੀਪੀ ਦੇ ਵਿਧਾਇਕਾਂ ਕੀਤੀ ਹੈ।ਹਾਲ ਵਿੱਚ ਜੰਮੂ ਕਸ਼ਮੀਰ ਵਿੱਚ ਬਣੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਵਿਚ ਸੱਤਾ ਸੰਭਾਲਣ ਤੋਂ ਇਕ ਦਿਨ ਬਾਅਦ ਸੱਤਾਧਾਰੀ ਪੀ.ਡੀ.ਪੀ. ਕੇਂਦਰ ਦੀ ਐਨ.ਡੀ.ਏ. ਸਰਕਾਰ ਤੋਂ ਮੰਗ ਕੀਤੀ ਕਿ ਸੰਸਦ ‘ਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀਆਂ ਅਸਥੀਆਂ ਉਨ੍ਹਾਂ ਦੇ ਪਰਵਾਰ ਨੂੰ ਵਾਪਸ ਕੀਤੀਆਂ ਜਾਣ।
ਪੀ.ਡੀ.ਪੀ. ਦੇ ਅੱਠ ਵਿਧਾਇਕਾਂ ਨੇ ਇਸ ਬਾਬਤ ਬਿਆਨ ਜਾਰੀ ਕਰ ਕੇ ਕਿਹਾ ਕਿ ਪਾਰਟੀ ਅਸਥੀਆਂ ਦੀ ਵਾਪਸੀ ਲਈ ਪੂਰੀ ਤਾਕਤ ਨਾਲ ਲਗੇ ਰਹਿਣ ਦਾ ਵਾਅਦਾ ਕਰਦੀ ਹੈ।
ਅਫ਼ਜ਼ਲ ਨੂੰ 9 ਫ਼ਰਵਰੀ, 2013 ਨੂੰ ਤਿਹਾੜ ਜੇਲ ਵਿਚ ਫ਼ਾਂਸੀ ਦਿਤੀ ਗਈ ਸੀ।
ਪੀ.ਡੀ.ਪੀ. ਦੇ ਬਿਆਨ ਅਨੁਸਾਰ, ”ਪੀ.ਡੀ.ਪੀ. ਗੁਰੂ ਦੀਆਂ ਅਸਥੀਆਂ ਵਾਪਸ ਕਰਨ ਦੀ ਅਪਣੀ ਮੰਗ ‘ਤੇ ਕਾਇਮ ਹੈ ਅਤੇ ਪਾਰਟੀ ਅਸਥੀਆਂ ਦੀ ਵਾਪਸੀ ਲਈ ਪੂਰੀ ਤਾਕਤ ਨਾਲ ਲੱਗੇ ਰਹਿਣ ਦਾ ਵਾਅਦਾ ਕਰਦੀ ਹੈ।”
ਬਿਆਨ ‘ਤੇ ਦਸਤਖ਼ਤ ਕਰਨ ਵਾਲੇ ਵਿਧਾਇਕਾਂ ਵਿਚ ਮਹੁੰਮਦ ਖ਼ਲੀਲ, ਜਹੂਰ ਅਹਿਮਦ ਮੀਰ, ਰਜ਼ਾ ਮੰਜ਼ੂਰ ਅਹਿਮਦ, ਮਹੁੰਮਦ ਅਬਾਸ ਵਾਨੀ, ਯਾਵਰ ਦਿਲਾਵਰ ਮੀਰ, ਵਕੀਲ ਮਹੁੰਮਦ ਯੁਸੂਫ਼, ਏਜਾਜ਼ ਅਹਿਮਦ ਮੀਰ ਅਤੇ ਨੂਰ ਮੁਹੰਮਦ ਸ਼ੇਖ ਹਨ।
ਜ਼ਾਰੀ ਬਿਆਨ ਵਿੱਚ ਕਿਹਾ ਗਿਆ ਹੈ ”ਪੀ.ਡੀ.ਪੀ. ਨੇ ਹਮੇਸ਼ਾ ਕਿਹਾ ਹੈ ਕਿ ਅਫ਼ਜ਼ਲ ਗੁਰੂ ਨੂੰ ਫਾਂਸੀ ‘ਤੇ ਲਟਕਾਉਣਾ ਕਾਨੂੰਨ ਦਾ ਮਜ਼ਾਕ ਸੀ ਅਤੇ ਉਸ ਨੂੰ ਫਾਂਸੀ ਦੇਣ ਵਿਚ ਸੰਵਿਧਾਨਕ ਜ਼ਰੂਰਤਾਂ ਅਤੇ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ।
ਸਾਡਾ ਮੰਨਣਾ ਹੈ ਕਿ ਆਜ਼ਾਦ ਵਿਧਾਇਕ ਰਾਸ਼ੀਦ ਅਹਿਮਦ ਦਾ ਅਫ਼ਜ਼ਲ ਗੁਰੂ ਲਈ ਮੁਆਫ਼ੀ ਦਾ ਮਤਾ ਜਾਇਜ਼ ਸੀ ਅਤੇ ਸਦਨ ਨੂੰ ਉਸ ਸਮੇਂ ਇਸ ਨੂੰ ਮਨਜ਼ੂਰ ਕਰ ਲੈਣਾ ਚਾਹੀਦਾ ਸੀ।” ਸਾਲ 2011 ਵਿਚ ਇਸ ਬਾਬਤ ਇਕ ਮਤੇ ‘ਤੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਹੰਗਾਮੇ ਦੇ ਚਲਦਿਆਂ ਚਰਚਾ ਨਹੀਂ ਹੋ ਸਕੀ ਸੀ।
ਦਸੰਬਰ 2001 ਵਿਚ ਸੰਸਦ ‘ਤੇ ਹੋਏ ਹਮਲੇ ਦੌਰਾਨ ਪੰਜ ਪੁਲਿਸ ਜਵਾਨਾਂ, ਇਕ ਸੀਆਰਪੀ ਦੀ ਮਹਿਲਾ ਕਾਂਸਟੇਬਲ ਅਤੇ ਦੋ ਸੁਰੱਖਿਆ ਗਾਰਡਾਂ ਸਮੇਤ ਅੱਠ ਲੋਕ ਮਾਰੇ ਗਏ ਸਨ। ਅਫ਼ਜ਼ਲ ਗੁਰੂ ਨੂੰ ਸੰਸਦ ‘ਤੇ ਹੋਏ ਇਸ ਹਮਲੇ ਦੀ ਯੋਜਨਾ ਦਾ ਮੁੱਖ ਘਾੜਾ ਮੰਨਿਆ ਗਿਆ ਸੀ ਜਿਸ ਦੇ ਲਈ ਯੂ.ਪੀ.ਏ.-2 ਸਰਕਾਰ ਨੇ ਉਦੋਂ ਫਾਂਸੀ ਦੀ ਸਜ਼ਾ ਦਿਤੀ ਸੀ।