ਮਾਨਹਾਈਮ (18 ਜਨਵਰੀ, 2010): ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭੇ ਧਰਮ ਯੁੱਧ ਮੋਰਚੇ ’ਚ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਸਿੱਖ ਦੋ–ਦਹਾਕਿਆਂ ਤੋਂ ਭਾਰਤ ਦੇ ਵੱਖ–ਵੱਖ ਸ਼ਹਿਰਾਂ ਦੀਆਂ ਜੇਲ੍ਹਾਂ ’ਚ ਨਜ਼ਰਬੰਦ ਹਨ, ਪਰ ਪੰਥਕ ਕਹਾਉਂਦੀ ਅਕਾਲੀ ਸਰਕਾਰ ਨੇ ਜਿਥੇ ਧਰਮ ਯੁੱਧ ਮੋਰਚਾ ਭੁਲਾਇਆ ਉਥੇ ਧਰਮ ਯੁੱਧ ਦੇ ਯੋਧਿਆਂ ਨੂੰ ਵੀ ਵਿਸਾਰ ਦਿੱਤਾ।
ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਸਮੇਤ ਅਨੇਕਾਂ ਸਿੱਖ ਜੇਲ੍ਹਾਂ ’ਚ ਝੂਠੇ ਕੇਸਾਂ ਅਧੀਨ ਬੰਦ ਹਨ। ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਮਨਜੀਤ ਸਿੰਘ ਹੋਠੀ, ਭਾਈ ਸਤਪਾਲ ਸਿੰਘ ਪੱਡਾ ਤੇ ਭਾਈ ਕਿਰਪਾਲ ਸਿੰਘ, ਭਾਈ ਮਨਜੀਤ ਸਿੰਘ ਜੋਧਪੁਰੀ ਨੇ ਫੈਡਰੇਸ਼ਨ ਪ੍ਰਧਾਨ ਭਾਈ ਗੁਰਮੀਤ ਸਿੰਘ ਪਨਿਆਨ, ਭਾਈ ਅਮਰਜੀਤ ਸਿੰਘ ਮੰਗੂਪੁਰ, ਭਾਈ ਜਤਿੰਦਰਬੀਰ ਸਿੰਘ, ਭਾਈ ਅਵਤਾਰ ਸਿੰਘ ਪ੍ਰਧਾਨ ਤੇ ਭਾਈ ਜਸਵੀਰ ਸਿੰਘ ਵੱਲੋਂ ਸਾਂਝੇ ਬਿਆਨ ਜਾਰੀ ਕਰਦਿਆਂ ਅਕਾਲੀ ਸਰਕਾਰ ਤੋਂ ਮੰਗ ਕੀਤੀ ਕਿ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਸੜ ਰਹੇ ਸਿੱਖਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਫੈਡਰੇਸ਼ਨ ਆਗੂਆਂ ਨੇ ਭਾਈ ਦਲਜੀਤ ਸਿੰਘ ਬਿੱਟੂ ਤੇ ਉਨ੍ਹਾਂ ਦੇ ਸਾਥੀਆਂ ਨੂੰ ਤੁਰੰਤ ਰਿਹਾਅ ਕਰਨ ਲਈ ਵੀ ਕਿਹਾ।