ਅੰਮ੍ਰਿਤਸਰ:: ਅੰਮ੍ਰਿਤ ਸੰਚਾਰ ਜਥਾ ਦੇ ਪੰਜ ਪਿਆਰੇ ਸਿੰਘਾਂ ਨੇ ਇਕਤਰਤਾ ਵਿੱਚ ਕਿਹਾ ਕਿ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਘਟਨਾ ਨੇ ਤਤਕਾਲੀਨ ਮੁਖ ਮੰਤਰੀ, ਗ੍ਰਹਿ ਮੰਤਰੀ, ਪੁਲਿਸ ਮੁਖੀ ਤੇ ਮੁਖ ਸਕੱਤਰ ਦੀ ਭੂਮਿਕਾ ਸਪਸ਼ਟ ਹੋ ਗਈ ਸੀ ਪ੍ਰੰਤੂ ਬਾਦਲ ਸਰਕਾਰ ਨੇ ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ ਪਾਣ ਲਈ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਪ ਦਿੱਤੀ।ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਾਰਾ ਮਾਮਲਾ ਹੀ ਸਾਫ ਕਰ ਦਿੱਤਾ ਹੈ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਫਾਸੀ ਦੀ ਸਜਾ ਮਿਲਣੀ ਚਾਹੀਦੀ ਹੈ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ ਅਤੇ ਭਾਈ ਮੰਗਲ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਨੇ ਤਾਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਬਹੁਤ ਹਲਕੇ ਤਰੀਕੇ ਨਾਲ ਲਿਆ ਤੇ ਜਾਂਚ ਦੇ ਨਾਮ ਤੇ ਬੇਦੋਸ਼ੇ ਸਿੱਖਾਂ ਤੇ ਅਤਿਆਚਾਰ ਹੀ ਕੀਤੇ। ਜਸਟਿਸ ਜੋਰਾ ਸਿੰਘ ਕਮਿਸ਼ਨ ਤਾਂ ਬਣਾ ਦਿੱਤਾ ਪਰ ਉਸਦੀ ਰਿਪੋਰਟ ਜਨਤਕ ਨਹੀ ਕੀਤੀ।
ਪੰਜ ਪਿਆਰੇ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਦੀ ਰੱਜਕੇ, ਨਿੱਜੀ ਹਿੱਤਾਂ ਲਈ ਦੁਰਵਰਤੋਂ ਕੀਤੀ ਗਈ ਹੈ।ਇਹੀ ਕਾਰਣ ਹੈ ਕਿ ਇਨਸਾਫ ਦੇਣ ਦੇ ਰਾਹ ਟੁਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਭੰਡਣ ਦੀ ਕੋਸ਼ਿਸ਼ ਵੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਹੁਣ ਕੁਝ ਅਖੌਤੀ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਬਜਾਏ ਬਾਦਲ ਪਰਿਵਾਰ ਨੂੰ ਬਚਾਉਣ ਲਈ ਅੱਗੇ ਆਏ ਹਨ।ਇਹ ਨਿੰਦਣਯੋਗ ਕਾਰਵਾਈ ਹੈ।
ਉਨ੍ਹਾਂ ਕਿਹਾ ਕਿ ਸਮੁਚੇ ਖਾਲਸਾ ਪੰਥ ਨੂੰ ਆਪਣੀ ਕੌਮੀ ਤੇ ਸਿਆਸੀ ਹੋਣੀ ਸਿਰਜਣ ਲਈ ਪੂਰਨ ਇਮਾਨਦਾਰੀ ਅਤੇ ਪੰਥ ਪ੍ਰਸਤ ਆਗੂਆਂ ਦੀ ਅਗਵਾਈ ਵਿੱਚ ਇਕੱਤਰ ਹੋਕੇ ਉਹ ਅਕਾਲੀ ਦਲ ਸੁਰਜੀਤ ਕਰਨਾ ਹੋਵੇਗਾ ਜੋ 1920 ਵਿੱਚ ਗਠਤ ਹੋਇਆ ਸੀ।ਗਿਆਨੀ ਗੁਰਮੁਖ ਸਿੰਘ ਦੀ ਵਾਪਸੀ ਅਤੇ ਗਿਆਨੀ ਗੁਰਬਚਨ ਸਿੰਘ ਉਪਰ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਲਗ ਰਹੇ ਦੋਸ਼ਾਂ ਬਾਰੇ ਪੁਛੇ ਜਾਣ ਤੇ ਪੰਜ ਪਿਆਰੇ ਸਿੰਘਾਂ ਨੇ ਕਿਹਾ ਕਿ ਕੌਮ ਵਲੋਂ ਨਕਾਰੇ ਜਥੇੇਦਾਰਾਂ ਨੂੰ ਘਰ ਬੈਠ ਜਾਣਾ ਚਾਹੀਦਾ।