ਫ਼ਤਿਹਗੜ੍ਹ ਸਾਹਿਬ (26 ਜੂਨ, 2011) : ਭਾਰਤੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਵਲੋਂ 1984 ਦੀ ਸਿੱਖ ਨਸਲਕੁਸ਼ੀ ਸਬੰਧੀ ਮੁਆਫ਼ ਕਰ ਦੇਣ ਸਬੰਧੀ ਸਿੱਖਾਂ ਨੂੰ ਦਿੱਤੇ ਗਏ ‘ਸੱਦੇ’ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਭਾਰਤੀ ਨਿਜ਼ਾਮ 84 ਦੀ ਸਿੱਖ ਨਸ਼ਲਕੁਸ਼ੀ ਬਾਰੇ ਜ਼ਰਾ ਵੀ ਗੰਭੀਰ ਹੁੰਦਾ ਤਾਂ ਇਨ੍ਹਾਂ ਸਿੱਖਾਂ ਦੇ ਕਾਤਲਾਂ ਨੂੰ ਕਦੋਂ ਦਾ ਫਾਸ਼ੀ ਦੇ ਤਖ਼ਤੇ ਤੇ ਪਹੁੰਚਾ ਚੁੱਕਿਆ ਹੁੰਦਾ ਪਰ ਦੋਸ਼ੀ ਅੱਜ ਵੀ ਭਾਰਤੀ ਸਟੇਟ ਦੀ ‘ਪ੍ਰਾਹੁਣਾਚਾਰੀ’ ਦੀ ਛਾਂ ਹੇਠ ਆਜ਼ਾਦੀ ਨਾਲ ਦਨਦਨਾਉਂਦੇ ਘੁੰਮ ਰਹੇ ਹਨ ਤਾਂ ਇਸ ਹਾਲਤ ਵਿੱਚ ਸਿੱਖ ਕਿਸ ਨੂੰ ਅਤੇ ਕਿਉਂ ਮਾਫ਼ ਕਰ ਦੇਣ? ਭਾਈ ਚੀਮਾ ਨੇ ਕਿਹਾ ਕਿ ਹਿੰਦੁਸਾਤਨੀ ਲੀਡਰਾਂ ਵਲੋਂ 1947 ਤੋਂ ਪਹਿਲਾਂ ਕੀਤੇ ਗਏ ਵਾਅਦੇ, ਕਿ ਹਿੰਦੁਸਤਾਨ ਦੇ ਉ¤ਤਰੀ ਖਿੱਤੇ ਵਿੱਚ ਅਜਿਹੇ ਰਾਜ ਦਾ ਪ੍ਰਬੰਧ ਕੀਤਾ ਜਾਵੇਗਾ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ, ਮੁਤਾਬਿਕ ਇਸ ਖਿੱਤੇ ਵਿੱਚ ਪ੍ਰਭੂਸੱਤਾ ਸਪੰਨ ਰਾਜ ਪ੍ਰਬੰਧ ਸਿਰਜਨ ਵਿੱਚ ਭਾਰਤੀ ਨਿਜ਼ਾਮ ਨੂੰ ਸਿੱਖਾਂ ਦੀ ਮੱਦਦ ਕਰਨੀ ਚਾਹੀਦੀ ਹੈ।ਇਸ ਤਰ੍ਹਾਂ ਹੀ ਸਿੱਖ ਭਾਰਤ ਨਾਲ ਭਰਾਵਾਂ ਵਾਂਗ ਰਹਿ ਸਕਦੇ ਹਨ। ਭਾਈ ਚੀਮਾ ਨੇ ਸਮੁੱਚੀਆਂ ਪੰਥਕ ਧਿਰਾਂ ਨੂੰ ਸੱਦਾ ਦਿੰਦਿਆ ਕਿਹਾ ਕਿ ਪੀ. ਚਿਦੰਬਰਮ ਦੇ ਉਕਤ ਸੱਦੇ ’ਤੇ ਵਿਚਾਰ ਕਰਕੇ ਸਿੱਖ ਕੌਮ ਦੇ ਹਿੱਤਾਂ ਲਈ ਕੋਈ ਪ੍ਰੋਗਰਾਮ ਦੇਣ।
ਭਾਈ ਚੀਮਾ ਨੇ ਕਿਹਾ ਕਿ ਸੋਚੇ ਸਮਝੇ ਤੇ ਵਿਊਂਤਬੱਧ ਢੰਗ ਨਾਲ ਕਿਸੇ ਕੌਮ ਦੀ ਇੰਨੀ ਵੱਡੀ ਕਤਲੋਗਾਰਤ ਤੋਂ ਬਾਅਦ ਵੀ 27 ਸਾਲ ਬਾਅਦ ਨਪੇ ਤੁਲੇ ਸ਼ਬਦਾਂ ਵਿੱਚ ਅਫਸੋਸ ਪ੍ਰਗਟ ਕਰਨ ਤੋਂ ਅੱਗੇ ਸਿੱਖਾਂ ਨੂੰ ਇਨਸਾਫ ਦੇਣ ਲਈ ਹੋਰ ਕੋਈ ਕਦਮ ਤਾਂ ਕੀ ਉਠਾਇਆ ਜਾਣਾ ਸੀ ਸਗੋਂ ਦੇਸ਼ ਦੀ ਸੰਸਦ ਅੱਜ ਤੱਕ ਸ਼ਹੀਦ ਕੀਤੇ ਗਏ ਲੋਕਾਂ ਲਈ ਦੋ ਮਿੰਟ ਦਾ ਮੌਨ ਵੀ ਨਹੀਂ ਰੱਖ ਸਕੀ।ਦੂਜੇ ਪਾਸੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਵੀ.ਆਈ.ਪੀ. ਸਹੂਲਤਾਂ ਨਾਲ ਸਨਮਾਨਿਆਂ ਜਾਂਦਾ ਹੋਵੇ ਤਾਂ ਹਿੰਦੁਸਤਾਨ ਦੇ ਨੀਤੀਘਾੜੇ ਸਿੱਖਾਂ ਤੋਂ ਕਿਸ ਮਾਫ਼ੀ ਦੀ ਉਮੀਦ ਰੱਖ ਸਕਦੇ ਹਨ? ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਸਾਥੋਂ ਖੋਹ ਲਏ ਗਏ ਅਤੇ ਪੰਜਾਬ ਦੇ ਪਾਣੀਆਂ ਦੀ ਲੁੱਟ ਵੀ ਅੱਜ ਤੱਕ ਜਾਰੀ ਹੈ।ਇਸ ਤੋਂ ਬਿਨਾਂ 1984 ਤੋਂ ਲੈ ਕੇ 1995 ਤੱਕ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ, ਬੀਬਆਂ, ਛੋਟੇ ਬੱਚਿਆਂ, ਬਜ਼ੁਰਗਾਂ ਦੇ ਕਤਲਾਂ ਅਤੇ ਸਿੱਖ ਬੀਬੀਆਂ ਦੀ ਥਾਣਿਆਂ ਵਿੱਚ ਕੀਤੀ ਬੇਪੱਤੀ ਨੂੰ ਕਿਸ ਖਾਤੇ ਪਾਇਆ ਜਾਵੇ?