ਨਵੀਂ ਦਿੱਲੀ: ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ‘ਚ ਆਰ.ਐਸ.ਐਸ. ਆਗੂ ਦੇ ਕਤਲ ‘ਚ ਵਰਤੇ ਗਏ ਹਥਿਆਰ ਮੁਹੱਈਆ ਕਰਵਾਉਣ ਵਾਲੇ ਨੂੰ ਗ੍ਰਿਫਤਾਰ ਕਰਨ ਗਈ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਤੇ ਉੱਤਰ ਪ੍ਰਦੇਸ਼ ਪੁਲਿਸ ਦੀ ਸਾਂਝੀ ਟੀਮ ‘ਤੇ ਗਾਜ਼ੀਆਬਾਦ ‘ਚ ਭੀੜ ਵਲੋਂ ਗੋਲੀਆਂ ਚਲਾਉਣ ਤੇ ਪੱਥਰਾਅ ਕਰਨ ਦੀ ਖ਼ਬਰ ਹੈ ਜਿਸ ‘ਚ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ।
ਜਾਣਕਾਰੀ ਦਿੰਦਿਆਂ ਕੌਮੀ ਜਾਂਚ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦੇ ਲੁਧਿਆਣਾ (ਪੰਜਾਬ) ਵਿਚ ਹੋਏ ਕਤਲ ‘ਚ ਵਰਤੇ ਹਥਿਆਰਾਂ ਨੂੰ ਮੁਹੱਈਆ ਕਰਵਾਉਣ ਵਾਲੇ ਦੇ ਸਬੰਧ ‘ਚ ਮੇਰਠ ਜ਼ਿਲ੍ਹੇ ‘ਚ 2 ਤੇ 3 ਦਸੰਬਰ ਦੀ ਦਰਮਿਆਨੀ ਰਾਤ ਨੂੰ ਛਾਪੇਮਾਰੀ ਕੀਤੀ ਗਈ ਸੀ ਜਿਸ ਦੌਰਾਨ ਟੀਮ ਨੂੰ ਮਿਲੀ ਹੋਰ ਜਾਣਕਾਰੀ ਦੇ ਆਧਾਰ ‘ਤੇ ਟੀਮ ਨੇ ਨਾਹਲੀ ਪਿੰਡ ਦੇ ਮਲੂਕ ਨਾਂਅ ਦੇ ਬੰਦੇ ਦੇ ਘਰ ਸਵੇਰੇ ਛਾਪੇਮਾਰੀ ਕੀਤੀ ਜਿਸ ਦੌਰਾਨ ਮਰਦਾਂ ਤੇ ਔਰਤਾਂ ਦੀ ਭੀੜ ਨੇ ਛਾਪਾਮਾਰ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਭੀੜ ‘ਚੋਂ ਹੀ ਕੁਝ ਬੰਦਿਆਂ ਨੇ ਛਾਪਾਮਾਰ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉੱਤਰ ਪ੍ਰਦੇਸ਼ ਪੁਲਿਸ ਦਾ ਸਿਪਾਹੀ ਤਹਿਜੀਬ ਖਾਨ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਭੀੜ ਵਲੋਂ ਪੁਲਿਸ ‘ਤੇ ਪੱਥਰਾਅ ਕਰਦਿਆਂ ਸੜਕਾਂ ‘ਤੇ ਰੁਕਾਵਟਾਂ ਵੀ ਖੜ੍ਹੀਆਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਯੂ.ਪੀ. ਪੁਲਿਸ ਤੇ ਐਨ. ਆਈ. ਟੀਮ ਵਲੋਂ ਆਪਣੇ ਬਚਾਅ ‘ਚ ਹਵਾ ‘ਚ ਗੋਲੀਆਂ ਵੀ ਚਲਾਈਆਂ ਗਈਆਂ। ਬੁਲਾਰੇ ਅਨੁਸਾਰ ਇਸ ਮਾਮਲੇ ਸਬੰਧੀ ਦੋ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐਨ.ਆਈ.ਏ. ਨੇ 30 ਨਵੰਬਰ ਨੂੰ ਗੋਸਾਈਂ ਦੇ ਕਤਲ ਸਬੰਧੀ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਰਵਿੰਦਰ ਗੋਸਾਈਂ, ਜੋ ਕਿ ਆਰ.ਐਸ.ਐਸ. ਦੀ ਮੋਹਨ ਸ਼ਾਖਾ ਦਾ ‘ਸੰਚਾਲਕ’ ਸੀ, ਦਾ ਦੋ ਹਮਲਾਵਰਾਂ ਨੇ ਉਸ ਦੀ ਰਿਹਾਇਸ਼ ਦੇ ਬਾਹਰ 17 ਅਕਤੂਬਰ ਦੀ ਸਵੇਰ ਨੂੰ ਕਤਲ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਕਤਲ ਰਮਨਦੀਪ ਸਿੰਘ ਚੂਹੜਵਾਲ (ਲੁਧਿਆਣਾ) ਅਤੇ ਹਰਦੀਪ ਸਿੰਘ ਸ਼ੇਰਾ (ਫਤਿਹਗੜ੍ਹ ਸਾਹਿਬ) ਨੇ ਕੀਤਾ ਹੈ।
ਸਬੰਧਤ ਖ਼ਬਰ: ਰਮਨਦੀਪ ਸਿੰਘ ਚੂਹੜਵਾਲ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਨਹੀਂ ਹੈ ਦੱਸੀ ਜਾ ਰਹੀ ‘ਕਹਾਣੀ’ ‘ਤੇ ਯਕੀਨ …