ਦਿੱਲੀ(13 ਜੂਨ, 2015): ਭਾਜਪਾ ਦੀ ਪਿੱਤਰੀ ਜੱਥੇਬੰਦੀ ਆਰ.ਐੱਸ.ਐੱਸ ਦੀ ਸਾਖਾ ਅਤੇ ਸਿੱਖ ਕੌਮ ਵਿੱਚ ਸੇਧ ਲਾ ਕੇ ਉਸਦੇ ਨਿਆਰੇਪਨ ‘ਤੇ ਮਾਰੂ ਹਮਲੇ ਕਰਨ ਵਾਲੀ ਭਗਵਾ ਜੱਥੇਬੰਦੀ ਨੇ ਵੀ ਹੁਣ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦਾ ਮੁੱਦਾ ਉਠਾਇਆ ਹੈ।
ਕੌਮਾਂਤਰੀ ਪੱਧਰ ‘ਤੇ ਸਿੱਖ ਜੱਥੇਬੰਦੀਆਂ ਵੱਲੋਂ ਬਣਾਏ ਦਬਾਅ ਅਤੇ ਬਾਪੂ ਸੂਰਤ ਸਿੰਘ ਵੱਲੋਂ ਆਰੰਭੇ ਸੰਘਰਸ਼ ਦੇ ਮੱਦੇ ਨਜ਼ਰ ਸਿੱਖ ਸਿਆਸੀ ਨਜ਼ਰਬੰਦਾਂ ਦੀ ਰਿਹਾਈ ਦੀ ਬਣ ਰਹੀ ਸੰਭਾਵਨਾ ਨੂੰ ਵੇਖਦਿਆਂ ਇਸ ਭਗਵਾ ਜੱਥੇਬੰਦੀ ਵੱਲੋਂ ਸਿੱਖਾਂ ਵਿੱਚ ਆਪਣੀ ਸ਼ਾਖ ਬਣਾਉਣ ਲਈ ਇਸ ਸਿਆਸੀ ਲਿਆ ਜਾ ਰਿਹਾ ਹੈ।
ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਗੁਰਚਰਨ ਸਿੰਘ ਗਿੱਲ ਦੀ ਅਗਵਾਈ ‘ਚ ਇਕ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਸਜ਼ਾ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਸਮੇਤ ਹੋਰਨਾ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ ।
ਰਾਸ਼ਟਰੀ ਸਿੱਖ ਸੰਗਤ (ਆਰ.ਐਸ.ਐਸ.) ਦੇ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਵੱਲੋਂ ਭੇਜੀ ਜਾਣਕਾਰੀ ਮੁਤਾਬਿਕ ਇਸ ਮੁਲਾਕਾਤ ਦੌਰਾਨ ਵਫ਼ਦ ਵੱਲੋਂ ਗ੍ਰਹਿ ਮੰਤਰੀ ਨੂੰ ਜੇਲ੍ਹ ‘ਚ ਬੰਦ ਬੰਦੀ ਸਿੱਖਾਂ ਦੀ ਸੂਚੀ ਸੌਾਪੀ, ਤੇ ਇਨ੍ਹਾਂ ਸਾਰੇ ਬੰਦੀਆਂ ਦੀ ਸਮੀਖਿਆ ਕਰਨ ਉਪਰੰਤ ਇਨ੍ਹਾਂ ਨੂੰ ਰਿਹਾ ਕਰਨ ਦੀ ਅਪੀਲ ਕੀਤੀ ।
ਸੂਚੀ ‘ਚ ਅਜਿਹੇ ਸਿੱਖ ਬੰਦੀਆਂ ਦੇ ਨਾਂਅ ਸ਼ਾਮਿਲ ਹਨ, ਜਿਨ੍ਹਾਂ ‘ਚੋ ਕਈ 20 ਸਾਲ ਤੋਂ ਜ਼ਿਆਦਾ ਸਜ਼ਾ ਭੋਗ ਚੁੱਕੇ ਹਨ, ਜਾਂ ਕਾਫੀ ਬਜ਼ੁਰਗ ਹੋ ਚੁੱਕੇ ਹਨ। ਸੂਚੀ ‘ਚ ਸ਼ਾਮਿਲ ਵਰਿਆਮ ਸਿੰਘ ਪੀਲੀਭੀਤ (80), ਲਾਲ ਸਿੰਘ (ਨਾਭਾ ਜੇਲ੍ਹ), ਹਰਭਜਨ ਸਿੰਘ (85),ਮੋਹਨ ਸਿੰਘ (73), ਸਵਰੂਪ ਸਿੰਘ (66), ਅਵਤਾਰ ਸਿੰਘ (77) ਕਾਫੀ ਬਜ਼ੁਰਗ ਹਨ, ਤੇ ਇਸੇ ਤਰ੍ਹਾਂ ਲਖਵਿੰਦਰ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਤੇ ਸੁਭੇਗ ਸਿੰਘ ਵੀ ਸ਼ਾਮਿਲ ਹਨ।
ਵਫਦ ਨੇ ਕਿਹਾ ਕਿ ਸੂਚੀ ‘ਚ ਸ਼ਾਮਿਲ ਬੰਦੀ ਸਿੱਖਾਂ ਦੀ ਸਮੀਖਿਆ ਕਰਵਾ ਕੇ ਇਨ੍ਹਾਂ ਦੀ ਰਿਹਾਈ ਕੀਤੀ ਜਾਵੇ, ਤਾਂ ਕਿ ਪੰਜਾਬ ‘ਚ ਅਮਨ-ਸ਼ਾਂਤੀ ਤੇ ਭਾਈਚਾਰਕ ਮਾਹੌਲ ਕਾਇਮ ਰਹੇ । ਵਫਦ ‘ਚ ਚਿਰੰਜੀਵ ਸਿੰਘ, ਰਮੇਸ਼ ਪ੍ਰਕਾਸ਼, ਅਵਿਨਾਸ਼ ਜਾਇਸਵਾਲ ਤੇ ਅਵਤਾਰ ਸਿੰਘ ਸ਼ਾਸਤਰੀ ਵੀ ਸ਼ਾਮਿਲ ਸਨ ।