ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਤਸਵੀਰ

ਆਮ ਖਬਰਾਂ

ਬਲਾਤਕਾਰ ਪੀੜਤ ਸਾਧਣੀਆਂ ਵਲੋਂ ਹਾਈਕੋਰਟ ‘ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਉਮਰ ਕੈਦ ਦੀ ਮੰਗ

By ਸਿੱਖ ਸਿਆਸਤ ਬਿਊਰੋ

October 05, 2017

ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਹੱਥੋਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਦੋ ਸਾਧਣੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨਾਂ ਦਾਖ਼ਲ ਕਰ ਕੇ ਕਿਹਾ ਹੈ ਕਿ ਸੀ.ਬੀ.ਆਈ. ਪੰਚਕੂਲਾ ਅਦਾਲਤ ਵਲੋਂ 28 ਅਗਸਤ ਨੂੰ ਸੁਣਾਈ ਸਜ਼ਾ ਘੱਟ ਹੈ ਤੇ ਜੁਰਮ ਮੁਤਾਬਿਕ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੇਣੀ ਬਣਦੀ ਸੀ, ਲਿਹਾਜ਼ਾ ਪੰਚਕੂਲਾ ਅਦਾਲਤ ਦੇ ਫ਼ੈਸਲੇ ‘ਤੇ ਮੁੜ ਗ਼ੌਰ ਕਰਕੇ ਸਜ਼ਾ ਨੂੰ ਉਮਰ ਕੈਦ ‘ਚ ਬਦਲਿਆ ਜਾਣਾ ਚਾਹੀਦਾ ਹੈ।

ਪੀੜਤਾਂ ਨੇ ਪਟੀਸ਼ਨ ‘ਚ ਕਿਹਾ ਹੈ ਕਿ ਪੰਚਕੂਲਾ ਅਦਾਲਤ ਵਲੋਂ ਇਸ ਮਾਮਲੇ ‘ਚ ਫ਼ੈਸਲਾ ਦਿੰਦਿਆਂ ਉਨ੍ਹਾਂ ਦੇ ਇਸ ਤੱਥ ਨੂੰ ਧਿਆਨ ‘ਚ ਰੱਖਿਆ ਕਿ ਗੁਰਮੀਤ ਰਾਮ ਰਹੀਮ ਨੂੰ ਇਕ ਧਾਰਮਿਕ ਮੋਢੀ ਮੰਨਦਿਆਂ ਉਸ ਦੇ ਪੈਰੋਕਾਰ ਉਸ ‘ਚ ਅੰਨਾ ਭਰੋਸਾ ਜਤਾਉਂਦੇ ਸੀ, ਪਰ ਇਸ ਦੇ ਬਾਵਜੂਦ ਉਸ ਨੇ ਉਨ੍ਹਾਂ (ਪੀੜਤਾਂ) ਨਾਲ ਦਗ਼ਾ ਕਰਦਿਆਂ ਹਵਸ ਦਾ ਸ਼ਿਕਾਰ ਬਣਾਇਆ ਤੇ ਉਹ ਵੀ ਅਜਿਹੇ ਹਾਲਾਤ ‘ਚ, ਜਦੋਂ ਪੀੜਤਾਂ ਮਾਨਸਿਕ ਤੇ ਸਰੀਰਕ ਪੱਖੋਂ ਉਸ ਦੇ ਕਬਜ਼ੇ ‘ਚ ਸਨ।

ਸਬੰਧਤ ਖ਼ਬਰ: ਸੌਦਾ ਸਾਧ ਨੂੰ ਮਾਫੀ ਦਾ ਰਿਕਾਰਡ ਮੰਗ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਾਂਗਰਸੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ: ਸ਼੍ਰੋਮਣੀ ਕਮੇਟੀ …

ਪੀੜਤਾਂ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਇਸ ਗੰਭੀਰ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਦੇਣਾ ਬਣਦਾ ਸੀ ਤੇ ਦੋਵੇਂ ਪੀੜਤਾਂ ਨਾਲ ਜਬਰ ਜਨਾਹ ਲਈ 10-10 ਸਾਲ ਦੀ ਘੱਟ ਦਿੱਤੀ ਸਜ਼ਾ ਨਾਲ ਪੂਰਾ ਇਨਸਾਫ਼ ਨਹੀਂ ਮਿਲਿਆ ਹੈ। ਇਹ ਤੱਥ ਵੀ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਰਣਜੀਤ ਸਿੰਘ, ਜਿਹੜਾ ਕਿ ਇਕ ਪੀੜਤਾ ਦਾ ਭਰਾ ਸੀ, ਦੇ ਕਤਲ ਕੇਸ ‘ਚ ਵੀ ਗੁਰਮੀਤ ਰਾਮ ਰਹੀਮ ਵਿਰੁੱਧ ਮੁਕੱਦਮਾ ਚੱਲ ਰਿਹਾ ਹੈ ਤੇ ਪੱਤਰਕਾਰ ਛਤਰਪਤੀ, ਜਿਸ ਨੇ ਡੇਰਾ ਸਿਰਸਾ ਦੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕੀਤਾ, ਦੇ ਕਤਲ ਕੇਸ ‘ਚ ਵੀ ਉਹ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ, ਦੇ ਤੱਥ ਧਿਆਨ ‘ਚ ਹੋਣ ਦੇ ਬਾਵਜੂਦ ਪੰਚਕੂਲਾ ਅਦਾਲਤ ਵਲੋਂ ਗੁਰਮੀਤ ਰਾਮ ਰਹੀਮ ਨੂੰ ਜਬਰ ਜਨਾਹ ਦੇ ਕੇਸਾਂ ‘ਚ 10-10 ਸਾਲ ਸਜ਼ਾ ਦੇਣ ਦੀ ਬਜਾਇ ਉਮਰ ਕੈਦ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਸੀ।

ਸਬੰਧਤ ਖ਼ਬਰ: ਬਲਾਤਕਾਰ ਮਾਮਲਾ: ਡੇਰਾ ਸਮਰਥਕਾਂ ਨੂੰ ਆਪਣਾ ਰੋਸ ਸ਼ਾਂਤੀ ਨਾਲ ਪ੍ਰਗਟ ਕਰਨਾ ਚਾਹੀਦਾ ਸੀ: ਬਾਦਲ …

ਹਾਈ ਕੋਰਟ ਕੋਲੋਂ ਮੰਗ ਕੀਤੀ ਗਈ ਹੈ ਕਿ ਪੰਚਕੂਲਾ ਅਦਾਲਤ ਦੇ ਫ਼ੈਸਲੇ ‘ਤੇ ਮੁੜ ਗ਼ੌਰ ਕਰਦਿਆਂ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇ। ਪੀੜਤਾਂ ਦੀਆਂ ਇਹ ਪਟੀਸ਼ਨਾਂ ਅਜੇ ਹਾਈ ਕੋਰਟ ‘ਚ ਦਾਖ਼ਲ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਗੁਰਮੀਤ ਰਾਮ ਰਹੀਮ ਵਲੋਂ ਉਸ ਨੂੰ ਦਿੱਤੀ ਸਜ਼ਾ ਦੇ ਫ਼ੈਸਲੇ ਦੇ ਵਿਰੋਧ ‘ਚ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੇ ਨਾਲ ਹੋਣ ਦੀ ਸੰਭਾਵਨਾ ਹੈ, ਪਰ ਅਜੇ ਤਕ ਗੁਰਮੀਤ ਰਾਮ ਰਹੀਮ ਦੀ ਅਪੀਲ ਸੁਣਵਾਈ ਦੀ ਸੂਚੀ ‘ਚ ਨਹੀਂ ਆ ਸਕੀ ਹੈ, ਇਸ ‘ਤੇ ਦੋ ਵਾਰ ਇਤਰਾਜ਼ ਲੱਗ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: