ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਆਪਣਾ ਬਿਆਨ ਨਵੇਂ ਸਿਰਿਉਂ ਦੇਣ ਦੀ ਇਜਾਜ਼ਤ ਦੇ ਦਿੱਤੀ। ਪਹਿਲਾਂ ਬੀਤੇ ਸਾਲ 25 ਸਤੰਬਰ ਨੂੰ ਵਿਸ਼ੇਸ਼ ਸੀਬੀਆਈ ਜੱਜ ਜਗਦੀਪ ਸਿੰਘ ਨੇ ਇਸ ਸਬੰਧੀ ਉਸ ਦੀ ਦਰਖ਼ਾਸਤ ਨਾਮਨਜ਼ੂਰ ਕਰ ਦਿੱਤੀ ਸੀ।
ਖੱਟਾ ਸਿੰਘ ਨੇ ਡੇਰਾ ਮੁਖੀ ਨੂੰ ਬਲਾਤਕਾਰ ਕੇਸ ਵਿੱਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਸ ਕਤਲ ਕੇਸ ’ਚ ਡੇਰਾ ਮੁਖੀ ਦੇ ਰੋਲ ਬਾਰੇ ਨਵੇਂ ਸਿਰਿਉਂ ਬਿਆਨ ਦੇਣ ਲਈ ਅਦਾਲਤ ਕੋਲ ਪਹੁੰਚ ਕੀਤੀ ਸੀ। ਖੱਟਾ ਸਿੰਘ ਨੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਉਸ ਨੇ ਆਪਣਾ ਬਿਆਨ ਡਰਾਏ-ਧਮਕਾਏ ਜਾਣ ਕਾਰਨ ਬਦਲਿਆ ਸੀ ਅਤੇ ਕੇਸ ਵਿੱਚ ਉਸ ਦਾ ਬਿਆਨ ਬਹੁਤ ਅਹਿਮੀਅਤ ਰੱਖਦਾ ਹੈ। ਉਸ ਨੇ ਹਾਈ ਕੋਰਟ ਅੱਗੇ ਇਹ ਵੀ ਕਿਹਾ ਕਿ ਸੀਬੀਆਈ ਅਦਾਲਤ ਵੱਲੋਂ ਉਸ ਦੀ ਅਰਜ਼ੀ ਨਾਮਨਜ਼ੂਰ ਕੀਤੇ ਜਾਣ ਦਾ ਇਕੋ-ਇਕ ਕਾਰਨ ਇਹ ਦੱਸਿਆ ਗਿਆ ਸੀ ਕਿ ਇਸ ਕੇਸ ਦੀ ਸੁਣਵਾਈ 10 ਸਾਲਾਂ ਤੋਂ ਲਟਕ ਰਹੀ ਹੈ ਤੇ ਹੁਣ ਮਾਮਲਾ ਐਨ ਅਖ਼ੀਰ ’ਤੇ ਪੁੱਜਾ ਹੋਇਆ ਹੈ।
ਖੱਟਾ ਸਿੰਘ ਨੇ ਵਕੀਲ ਨਵਕਿਰਨ ਸਿੰਘ ਰਾਹੀਂ ਦਾਇਰ ਆਪਣੀ ਅਪੀਲ ਵਿੱਚ ਕਿਹਾ ਸੀ, ‘‘ਸੁਣਵਾਈ ਪਛੜ ਜਾਣ ਦੇ ਬਾਵਜੂਦ ਇਨਸਾਫ਼ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ; ਅਤੇ ਜਦੋਂ ਮੈਂ ਖ਼ੁਦ ਨੂੰ ਗਵਾਹ ਵਜੋਂ ਮੁੜ ਸੱਦੇ ਜਾਣ ਦੀ ਬੇਨਤੀ ਕੀਤੀ ਸੀ, ਉਦੋਂ ਕਤਲ ਕੇਸ ’ਚ ਬਹਿਸ ਸ਼ੁਰੂ ਨਹੀਂ ਸੀ ਹੋਈ।… ਕੇਸ ਦਾ ਫ਼ੈਸਲਾ ਮੇਰੇ ਬਿਆਨ ਦੁਆਲੇ ਘੁੰਮਦਾ ਹੈ।… ਨਿਆਂ ਦੇ ਹਿੱਤ ਵਿੱਚ ਮੇਰਾ ਬਿਆਨ ਲਿਆ ਜਾਣਾ ਚਾਹੀਦਾ ਹੈ।’’