ਪਟਿਆਲਾ (13 ਅਗਸਤ , 2015): ਸਾਲ 2009 ਵਿੱਚ ਪਟਿਆਲਾ ਵਿੱਚ ਅਣਪਛਾਤੇ ਵਿਅਕਤੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਭਗਵਾਵਾਦੀ ਸੰਸਥਾ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਕਤਲ ਕਾਂਡ ਵਿੱਚ ਅੱਜ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਵਧੀਕ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ।
ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ 25 ਅਗਸਤ ‘ਤੇ ਪਾ ਦਿੱਤੀ ਗਈ । ਇਸੇ ਕੇਸ ਵਿੱਚ ਹੀ ਬੇਅੰਤ ਸਿੰਘ ਕਤਲ ਕੇਸ ਵਿੱਚ ਚੰਡੀਗੜ੍ਹ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਤਾਰਾ ਨੂੰ ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ ਕੀਤਾ ਗਿਆ ।
ਜ਼ਿਕਰਯੋਗ ਹੈ ਕਿ 29 ਸਤੰਬਰ 2009 ਨੂੰ ਰੁਲਦਾ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਉਸਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾ ਦਿੱਤਾ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਸੀ । ਜਿੱਥੇ 15 ਅਗਸਤ, 2009 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ ।
ਥਾਣਾ ਤ੍ਰਿਪੜੀ ਵਿੱਚ ਦਰਜ ਹੋਏ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਪੰਜ ਵਿਅਕਤੀ ਜਗਮੋਹਨ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ, ਦਲਜੀਤ ਸਿੰਘ ਤੇ ਗੁਰਜੰਟ ਸਿੰਘ 27 ਫਰਵਰੀ ਨੂੰ ਬਰੀ ਹੋ ਗਏ ਸਨ। ਪਰ ਭਾਈ ਰਮਨਦੀਪ ਸਿੰਘ ਗੋਲਡੀ ਅਤੇ ਭਾਈ ਜਗਤਾਰ ਸਿੰਘ ਤਾਰਾ ਦੇ ਖ਼ਿਲਾਫ਼ ਇਹ ਕੇਸ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ।