ਰੂਪਨਗਰ: ਠੱਗੀ ਦੇ ਮਾਮਲੇ ਵਿਚ ਰੋਪੜ ਜੇਲ੍ਹ ਅੰਦਰ ਨਜ਼ਰਬੰਦ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਨਿਸ਼ਾਂਤ ਕੁਮਾਰ ਦੀ ਕੁੱਟਮਾਰ ਸਬੰਧੀ ਨਿਸ਼ਾਂਤ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ। ਜੇਲ੍ਹ ਵਿਚ ਹੋਈ ਕੁੱਟਮਾਰ ਬਾਰੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਜੇਲ੍ਹ ਵਿਚ ਬੰਦ ਸਿੱਖ ਨੌਜਵਾਨ ਰਮਨਦੀਪ ਸਿੰਘ ਬੱਗਾ ਅਤੇ ਉਸਦੇ ਸਾਥੀਆਂ ਨੇ ਉਸ ਨੂੰ ਕੁੱਟਿਆ ਹੈ। ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਸਵੇਰੇ ਕਰੀਬ ਪੌਣੇ ਨੌ ਵਜੇ ਦਾ ਸਮਾ ਸੀ ਜਦੋਂ ਉਸਦੀ ਕੁੱਟਮਾਰ ਕੀਤੀ ਗਈ।
ਗੌਰਤਲਬ ਹੈ ਕਿ ਨਿਸ਼ਾਂਤ ਸ਼ਰਮਾ ਸਿੱਖਾਂ ਖਿਲਾਫ ਗਲਤ ਸ਼ਬਦਾਵਲੀ ਵਰਤਦਾ ਰਹਿੰਦਾ ਸੀ ਤੇ ਠੱਗੀ ਦੇ ਇਕ ਮਾਮਲੇ ਵਿਚ ਰੋਪੜ ਅਦਾਲਤ ਵਲੋਂ ਚਾਰ ਸਾਲ ਦੀ ਸਜ਼ਾ ਹੋਣ ਕਾਰਨ ਰੋਪੜ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਨਿਸ਼ਾਂਤ ਸ਼ਰਮਾ ਨੇ ਪੇਸ਼ੀ ‘ਤੇ ਆਏ ਸਿੱਖ ਜੁਝਾਰੂ ਭਾਈ ਜਗਤਾਰ ਸਿੰਘ ਹਵਾਰਾ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਭਾਈ ਜਗਤਾਰ ਸਿੰਘ ਹਵਾਰਾ ਨੇ ਫੁਰਤੀ ਵਰਤਦਿਆਂ ਬੇੜੀਆਂ ਲੱਗੀਆਂ ਹੋਣ ਦੇ ਬਾਵਜੂਦ ਨਿਸ਼ਾਂਤ ਸ਼ਰਮਾ ਦੇ ਮੂੰਹ ‘ਤੇ ਚਪੇੜ ਮਾਰੀ ਸੀ।
ਸਬੰਧਿਤ ਖ਼ਬਰ: ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਨਿਸ਼ਾਂਤ ਸ਼ਰਮਾ ਨੂੰ ਰੋਪੜ ਜੇਲ੍ਹ ਵਿਚ ਕੁੱਟਿਆ; ਹਸਪਤਾਲ ਦਾਖਲ
ਜ਼ਿਕਰਯੋਗ ਹੈ ਕਿ ਰਮਨਦੀਪ ਸਿੰਘ ਬੱਗਾ ਨੂੰ ਆਰਐਸਐਸ ਆਗੂ ਜਗਦੀਸ਼ ਗਗਨੇਜਾ ਸਮੇਤ ਪਿਛਲੇ ਸਾਲਾਂ ਵਿਚ ਪੰਜਾਬ ਅੰਦਰ ਹੋਏ ਹਿੰਦੁਤਵੀ ਆਗੂਆਂ ਦੇ ਕਤਲਾਂ ਦੇ ਮਾਮਲਿਆਂ ਵਿਚ ਨਾਮਜ਼ਦ ਕੀਤਾ ਗਿਆ ਹੈ।