ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਡੇਰਾ ਸੌਦਾ ਸਿਰਸਾ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ 18 ਅਕਤੂਬਰ 2021 ਨੂੰ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੌਦਾ ਸਾਧ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਹਾਈ ਕੋਰਟ ਦਾ ਇਹ ਫੈਸਲਾ ਪੰਜਾਬ ਵਿੱਚ ਪੈਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਿਲਕੁਲ ਕੁਝ ਦਿਨ ਪਹਿਲਾਂ ਆਇਆ ਹੈ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਕੁੜਮ ਹਰਮਿੰਦਰ ਜੱਸੀ ਹਾਲੀ ਲੰਘੀ 23 ਮਈ ਨੂੰ ਹੀ ਭਾਜਪਾ ਵਿੱਚ ਸ਼ਾਮਿਲ ਹੋਇਆ ਹੈ।
ਉੱਚ ਅਦਾਲਤ ਦੇ ਇਸ ਫੈਸਲੇ ਉੱਤੇ ਟਿੱਪਣੀ ਕਰਦਿਆਂ ਪੰਜਆਬ ਲਾਇਰਜ਼ ਵੱਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਹੈ ਕਿ ਅਦਾਲਤਾਂ ਸਿਆਸੀ ਪ੍ਰਭਾਵ ਹੇਠ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਯੂਆਪਾ ਕਾਨੂੰਨ ਹੇਠ ਦਰਜ ਕੇਸਾਂ ਵਿੱਚ ਜਮਾਨਤਾਂ ਦੀ ਸੁਣਵਾਈ ਵੀ ਕਈ-ਕਈ ਸਾਲ ਨਹੀਂ ਹੁੰਦੀ ਅਤੇ ਦੂਜੇ ਪਾਸੇ ਡੇਰਾ ਸਿਰਸਾ ਮੁਖੀ ਖਿਲਾਫ ਸੁਣਾਈ ਗਈ ਸਜ਼ਾ ਦੇ ਮਾਮਲੇ ਵਿੱਚ ਅਪੀਲ ਦੀ ਸੁਣਵਾਈ ਦੋ-ਢਾਈ ਸਾਲਾਂ ਵਿੱਚ ਕਰਕੇ ਉਸ ਨੂੰ ਬਰੀ ਵੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਅਤੇ ਬਲਾਤਕਾਰ ਦੇ ਦੋ ਮਾਮਲਿਆਂ ਵਿੱਚ ਵੀ ਉਮਰ ਕੈਦ ਦੀ ਸਜ਼ਾ ਹੋਈ ਹੈ। ਇਹਨਾਂ ਮਾਮਲਿਆਂ ਵਿੱਚ ਉਸ ਵੱਲੋਂ ਦਾਖਲ ਕੀਤੀ ਗਈ ਅਪੀਲ ਅਜੇ ਹਾਈਕੋਰਟ ਕੋਲ ਵਿਚਾਰ ਅਧੀਨ ਹੈ।