ਸਿੱਖ ਖਬਰਾਂ

ਫਿਲਮ “ਪੱਤਾ ਪੱਤਾ ਸਿੰਘਾਂ ਦਾ ਵੈਰੀ” ਦੇ ਪ੍ਰਚਾਰ ਲਈ ਰਾਜ ਕਾਕੜਾ ਆਸਟਰੇਲੀਆ ਪਹੁੰਚਿਆ

By ਸਿੱਖ ਸਿਆਸਤ ਬਿਊਰੋ

May 03, 2015

ਮੈਲਬੌਰਨ (2 ਮਈ, 2015): ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਦੇ ਪ੍ਰਚਾਰ ਲਈ ਪ੍ਰਸਿੱਧ ਗੀਤਕਾਰ ਰਾਜ ਕਾਕੜਾ ਆਸਟ੍ਰੇਲੀਆ ਪਹੁੰਚੇ ਹੋਏ ਹਨ। ਉਨ੍ਹਾਂ ਸਪਰਿੰਗਵੇਲ ਭਰਾਵਾਂ ਦੇ ਭਾਰਤੀ ਰੈਸਟੋਰੈਂਟ ‘ਚ ਇਸ ਬਾਰੇ ਦੱਸਦਿਆਂ ਕਿਹਾ ਕਿ ਫਿਲਮ ਵਿਚ ਜੋ ਦਿਖਾਇਆ ਗਿਆ ਹੈ, ਉਹ ਕਦੇ ਵੀ ਸਮੇਂ ਦੀਆਂ ਸਰਕਾਰਾਂ ਨੇ ਸਾਹਮਣੇ ਨਹੀਂ ਆਉਣ ਦਿੱਤਾ।

ਉਸ ਨੇ ਕਿਹਾ ਕਿ ਇਸ ਤਰ੍ਹਾਂ ਸੱਚਾਈ ਨੂੰ ਸਾਹਮਣੇ ਦਿਖਾਉਣ ‘ਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਉਹ ਹੌਸਲਾ ਨਹੀਂ ਹਰਦੇ।

ਪੱਤਾ ਪੱਤਾ ਸਿੰਘਾਂ ਦਾ ਵੈਰੀ ਪੰਜਾਬੀ ਗਾਇਕ/ ਅਦਾਕਰ ਰਾਜ ਕਾਕੜਾ ਦੀ ਦੂਜੀ ਫਿਲ਼ਮ ਹੈ। ਇਸਤੋਂ ਪਹਿਲਾਂ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਸ਼ਹਾਦਤ ‘ਤੇ ਅਧਾਰਿਤ ਫਿਲਮ “ਕੌਮ ਦੇ ਹੀਰੇ” ‘ਤੇ ਭਾਰਤ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ ਅਤੇ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ।ਪੱਤਾ ਪੱਤਾ ਸਿੰਘਾ ਦਾ ਵੈਰੀ ਫਿਲਮ ‘ਤੇ ਵੀ ਭਾਰਤੀ ਸੈਂਸਰ ਬੋਰਡ ਨੇ ਪਾਬੰਦੀ ਲਾ ਦਿੱਤੀ ਸੀ, ਪਰ ਬਾਅਦ ਵਿੱਚ ਨਜ਼ਰਸ਼ਾਨੀ ਬੋਰਡ ਨੇ ਇਸ ਫਿਲਮ ਨੂੰ ਪਾਸ ਕਰ ਦਿੱਤਾ ਹੈ।

ਫਿਲਮ ਪੱਤਾ ਪੱਤਾ ਸਿੰਘਾਂ ਦਾ ਵੈਰੀ ਦੀ ਕਹਾਣੀ ਪੰਜਾਬ ਦੇ ਇੱਕ ਪਿੰਡ ਵਿੱਚ ਰਹਿੰਦੇ, ਕਾਲਜ਼ ਵਿੱਚ ਪੜ੍ਹਦੇ ਸਤਨਾਮ ਸਿੰਘ ਨਾਂ ਦੇ ਸਿੱਖ ਨੌਜਵਾਨ ਦੀ ਕਹਾਣੀ ਹੈ।ਉਸਦੀ ਭੈਣ ਉਸਨੂੰ ਪਿੰਡ ਮਿਲਣ ਆਉਂਦੀ ਹੈ ਅਤੇ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਆਪਣੇ ਪੁੱਤਰ ਨੂੰ ਸਤਨਾਮ ਕੋਲ ਛੱਡ ਜਾਂਦੀ ਹੈ। ਸਤਨਾਮ ਅਗਲੇ ਦਿਨ ਕਾਲਜ਼ ਜਾਂਦਾ ਹੈ ਅਤੇ ਉਸਦਾ ਸਾਹਮਣਾ ਹੋਰ ਗੁਰੱਪ ਦੇ ਮੁੰਡਿਆਂ ਨਾਲ ਹੋ ਜਾਂਦਾ ਹੈ, ਜੋ ਕਾਲਜ਼ ਬੰਦ ਕਰਵਾਉਣਾ ਚਾਹੁੰਦੇ ਹਨ। ਕਾਲਜ਼ ਵਿੱਚ ਇਮਤਿਹਾਨ ਹੋਣ ਕਰਕੇ ਉਹ ਇਸਦਾ ਵਿਰੋਧ ਕਰਦਾ ਹੈ ਅਤੇ ਲੜਾਈ ਵਿੱਚ ਉਨ੍ਹਾਂ ਨੂੰ ਕੁੱਟ ਦਿੰਦਾ ਹੈ।

ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਸਥਾਨਿਕ ਗੁਰਦੁਆਰਾ ਸਾਹਿਬ ਵਿੱਚ ਛਬੀਲ ਲਾਈ ਜਾਂਦੀ ਹੈ ਅਤੇ ਢਾਡੀ ਸਮਾਗਮ ਕਰਵਾਇਆ ਜਾਂਦਾ ਹੈ।

ਸੀਆਰਪੀ ਦਾ ਇੱਕ ਮੁਖਬਰ ਸੀਆਰਪੀ ਨੂੰ ਝੂਠੀ ਮੁਖਬਰੀ ਦਿੰਦਾ ਹੈ ਕਿ ਗੁਰਦੁਆਰ ਸਾਹਿਬ ਵਿੱਚ ਹਥਿਆਰਬੰਦ ਵਿਅਕਤੀ ਬੈਠੇ ਹਨ, ਸੀਆਰਪੀ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲੈਦੀ ਹੈ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੀ ਹੈ। ਸਤਨਾਮ ਸਿੰਘ ਦਾ ਭਾਣਜ਼ਾ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਹੂੰਦਾ ਹੈ, ਜਦੋਂ ਸਤਨਾਮ ਸਿੰਘ ਨੂੰ ਇਸ ਗੋਲੀ ਚੱਲਣ ਦਾ ਪਤਾ ਲੱਗਦਾ ਹੈ ਤਾਂ ਉਹ ਗੁਰਦੂਆਰਾ ਸਾਹਿਬ ਵੱਲ ਨੂੰ ਭੱਜਦਾ ਹੈ, ਪਰ ਸੀਆਰਪੀ ਵਾਲੇ ਉਸਨੂੰ ਰੋਕ ਲੈਦੇਂ ਹਨ, ਅਤੇ ਮਿੰਨਤਾ ਕਰਨ ਦੇ ਬਾਵਜੂਦ ਵੀ ਅੱਗੇ ਨਹੀਂ ਜਾਣ ਦਿੰਦੇ।

ਸਤਨਾਮ ਸਿੰਘ ਸਥਾਨਿਕ ਆਗੂ ਗੰਗਾ ਸਿੰਘ ਦੀ ਕੋਠੀ ਜਾਂਦਾ ਹੈ, ਜਿੱਥੇ ਉਹ ਪੁਲਿਸ ਅਤੇ ਹੋਰ ਲੀਡਰਾਂ ਪੰਜਾਬ ਵਿੱਚੋਂ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਬਾਰੇ ਗੱਲਬਾਤ ਕਰ ਰਿਹਾ ਹੁੰਦਾ ਹੈ। ਇਹ ਸੁਣ ਕੇ ਸਤਨਾਮ ਸਿੰਘ ਬਹੁਤ ਹੈਰਾਨ ਹੁੰਦਾ ਹੈ।ਇਹ ਸੁਣ ਕੇ ਸਤਨਾਮ ਉਨ੍ਹਾਂ ਨੂੰ ਚੁਣੌਤੀ ਦਿੰਦਾ ਹੈ ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਵੇਗਾ।ਉਹ ਉਸਤੇ ਗੋਲੀਆਂ ਚਲਾਉਦੇਂ ਨੇ, ਜਿੰਨਾਂ ਵਿੱਚੋਂ ਇੱਕ ਉਸਦੇ ਮੋਢੇ ਵਿੱਚ ਵੱਜਦੀ ਹੈ, ਪਰ ਉਹ ਬਚ ਕੇ ਭੱਜ ਜਾਂਦਾ ਹੈ।

ਸੀਆਰਪੀ ਗੁਰਦੁਆਰਾ ਸਾਹਿਬ ਵਿੱਚ ਗੋਲੀਆਂ ਚਲਾਕੇ ਕਈ ਲੋਕਾਂ ਨੂੰ ਮਾਰ ਦਿੰਦੀ ਹੈ, ਜਿੰਨਾਂ ਵਿੱਚ ਸਤਨਾਮ ਸਿੰਘ ਦਾ ਭਾਣਜਾ ਵੀ ਹੈ।ਪਲਿਸ ਸਤਨਾਮ ਦੀ ਭਾਲ ਵਿੱਚ ਉਸਦੀ ਭੈਣ ਦੇ ਘਰ ਜਾਂਦੀ ਹੈ। ਉਸਤੋਂ ਬਾਅਦ ਉਸਦੀ ਭੈਣ ਅਤੇ ਭਣੋਈਏ ਦਾ ਕੋਈ ਪਤਾ ਨਹੀਂ ਲੱਗਦਾ। ਸਤਨਾਮ ਸਿੰਘ ਦਾ ਪਰਿਵਾਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੁੰਦਾ ਹੈ।

ਸਤਨਾਮ ਸਿੰਘ ਨੂੰ ਇੱਕ ਸੁਹੀਏ ਰਾਹੀਂ ਪਤਾ ਲੱਗਦਾ ਹੈ ਕਿ ਪੁਲਿਸ ਮੁਖੀ ਲੀਡਰਾਂ ਨਾਲ ਮਿਲਕੇ ਸਿੱਖਾਂ ਨੂੰ ਖਤਮ ਕਰਨ ਦੀ ਪੂਰੀ ਯੋਜਨਾ ਬਣਾ ਰਿਹਾ ਹੈ।ਇਹ ਫਿਲਮ ਪੁਲਿਸ ਦੇ ਅਤਿਆਚਾਰ ਖਿਲਾਫ ਸੰਘਰਸ਼ ਨੂੰ ਸਤਨਾਮ ਸਿੰਘ ਦੇ ਪਾਤਰ ਰਾਹੀਂ ਪੇਸ਼ ਕਰਦੀ ਹੈ। ਰਾਜ ਕਾਕੜਾ ਨੇ ਇਸ ਲ਼ਿਪਮ ਦੇ ਮੁੱਖ ਪਾਤਰ ਦਾ ਕਿਰਦਾਰ ਨਿਭਾਇਆ ਹੈ

ਭਰਾਵਾਂ ਦੇ ਢਾਬੇ ਦੇ ਮਾਲਕ ਸ: ਜਗਦੀਪ ਸਿੰਘ, ਬੱਬਲ ਟਹਿਣਾ, ਰਾਕੇਸ਼ ਖੰਨਾ, ਹਰਜੋਤ ਸਿੰਘ ਵਾਲੀਆ, ਜਤਿੰਦਰ ਸੰਧੂ, ਗੁਰਿੰਦਰ ਸੰਧੂ ਅਤੇ ਨਵ-ਸਰਕਾਰਾ ਵੱਲੋਂ ਰਾਜ ਕਾਕੜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਹੈਪੀ ਭੁੱਲਰ ਅਤੇ ਜੀਤ ਸੰਧੂ ਨੇ ਗੀਤ ਸੁਣਾ ਕੇ ਚੰਗਾ ਰੰਗ ਬੰਨ੍ਹਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: