ਫ਼ਰੀਦਕੋਟ (5 ਨਵੰਬਰ, 2015): ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸ਼ਾਂਤਮਈ ਰੋਸ ਪ੍ਰਗਟਾ ਰਹੀ ਸਿੱਖ ਸੰਗਤ ‘ਤੇ ਪੁਲਿਸ ਵੱਲੋ ਚਲਾਈਆਂ ਗੋਲੀਆਂ ਨਾਲ ਸ਼ਹੀਦ ਹੋਏ ਦੋ ਸਿੰਘਾਂ ਦੇ ਪਰਵਿਾਰਾਂ ਨਾਲ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੁਲਾਕਾਤ ਕੀਤੀ ।
ਰਾਹੁਲ ਗਾਂਧੀ ਨੇ ਅੱਜ ਪੰਜਾਬ ਪੁਲਿਸ ਦੀ ਗੋਲੀਬਾਰੀ ‘ਚ ਮਾਰੇ ਗਏ ਗੁਰਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਦਿਆਂ ਪੀੜਤ ਪਰਿਵਾਰ ਦੇ ਨਾਲ 20 ਮਿੰਟ ਬਿਤਾਏ ਤੇ ਪਰਿਵਾਰ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਰੀਬ 7 ਕਿਲੋਮੀਟਰ ਚੱਲਣ ਤੋਂ ਬਾਅਦ ਪੁਲਿਸ ਗੋਲੀਬਾਰੀ ‘ਚ ਮਾਰੇ ਗਏ ਦੂਸਰੇ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹਨ ਤੇ ਨਸ਼ੇ ਵੱਡੀ ਸਮੱਸਿਆ ਬਣੇ ਹੋਏ ਹਨ।
ਇਸ ਸਮੇਂ ਉਨ੍ਹਾਂ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਮੇਤ ਅਨੇਕਾਂ ਕਾਂਗਰਸੀ ਆਗੂ ਹਾਜ਼ਰ ਸਨ।
ਰਾਹੁਲ ਗਾਂਧੀ ਵਲੋਂ ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੁੱਛਿਆ ਕਿ ਕਾਂਗਰਸ ਮੀਤ ਪ੍ਰਧਾਨ ਨੂੰ ਇਹ ਖੁਲਾਸਾ ਕਰਨਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੇ ਕਦੀ 1984 ਦੰਗਿਆਂ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ ?
ਬਾਦਲ ਦਲ ਦੇ ਸੀਨੀਅਰ ਆਗੂ ਜੀਕੇ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ 1984 ‘ਚ ਆਪਣੇ ਕਰੀਬੀ ਸੰਬਧੀਆਂ ਨੂੰ ਗੁਆਉਣ ਵਾਲੇ ਹਜ਼ਾਰਾਂ ਸਿੱਖ ਪਰਿਵਾਰਾਂ ਵਿਚੋਂ ਕਿਸੇ ਇਕ ਦੇ ਕੋਲ ਦੁੱਖ ਸਾਂਝਾ ਕਰਨ ਲਈ ਕਿਉਂ ਨਹੀਂ ਗਏ ? ਉਨ੍ਹਾਂ ਨੇ ਕਿਹਾ ਕਿ ਰਾਹੁਲ ਇਹ ਦੱਸਣ ਕੀ ਕਿਉਂ ਉਹ ਦਿੱਲੀ ਦੇ ਤਿਲਕ ਨਗਰ ਦੀ ਵਿਧਵਾ ਕਾਲੋਨੀ ‘ਚ ਕਦੀ ਨਹੀਂ ਗਏ। ਉਨ੍ਹਾਂ ਨੇ ਪੁੱਛਿਆ ਕਿ ਕੀ ਰਾਹੁਲ ਗਾਂਧੀ ਦੋ ਪਰਿਵਾਰਾਂ ਦੀ ਤ੍ਰਾਸਦੀ ਦਾ ਸਿਆਸੀ ਲਾਭ ਲੈ ਕੇ ਸਿਆਸਤ ਤਾਂ ਨਹੀਂ ਖੇਡ ਰਹੇ?